ਮੌਨਸੂਨ ਦੀ ਆਹਟ : ਸਰਕਾਰਾਂ ਬਦਲੀਆਂ, ਦਾਅਵੇ ਬਦਲੇ, ਨਿਕਾਸੀ ਦੀ ਸਮੱਸਿਆ ਅੱਜ ਵੀ ਬਰਕਰਾਰ
ਮਾਨਸੂਨ ਦੀ ਆਹਟ: ਸਰਕਾਰਾਂ ਬਦਲੀਆਂ, ਦਾਅਵੇ ਬਦਲੇ, ਨਿਕਾਸੀ ਦੀ ਸਮੱਸਿਆ ਅੱਜ ਵੀ ਬਰਕਰਾਰ
Publish Date: Fri, 26 Jun 2026 05:02 PM (IST)
Updated Date: Fri, 26 Jun 2026 05:04 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮੀਂਹ ਦੇ ਸੀਜ਼ਨ ਦੌਰਾਨ ਹਰ ਸਾਲ ਬਠਿੰਡਾ ਸ਼ਹਿਰ ਡੁੱਬ ਜਾਂਦਾ ਹੈ। ਭਾਵੇਂ ਹੁਣ ਤਕ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਸਿਸਟਮ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਇਸਦੇ ਬਾਵਜੂਦ ਪਾਣੀ ਦੀ ਨਿਕਾਸੀ ਦਾ ਮਾਮਲਾ ਹੱਲ ਨਹੀਂ ਹੋ ਸਕਿਆ। ਉਂਝ ਲੋਕਾਂ ਨੂੰ ਮਾਨਸੂਨ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਪਰ ਬਠਿੰਡਾ ਸ਼ਹਿਰ ਦੇ ਹਜ਼ਾਰਾਂ ਵਸਨੀਕਾਂ ਲਈ ਮੀਂਹ ਰਾਹਤ ਦੇ ਨਾਲ-ਨਾਲ ਵੱਡੀ ਮੁਸੀਬਤ ਵੀ ਲੈ ਕੇ ਆਉਂਦਾ ਹੈ। ਹਰ ਸਾਲ ਮੀਂਹ ਸ਼ੁਰੂ ਹੁੰਦੇ ਹੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਜਮਾਂ ਹੋਣ ਸਮੱਸਿਆ ਪੈਦਾ ਹੋ ਜਾਂਦੀ ਹੈ। ਹਾਲਾਤ ਇਹ ਹੁੰਦੇ ਹਨ ਕਿ ਥੋੜ੍ਹੀ ਜਿਹੇ ਮੀਂਹ ਤੋਂ ਬਾਅਦ ਵੀ ਕਈ ਸੜਕਾਂ ਤੇ ਤਿੰਨ ਤੋਂ ਚਾਰ ਫੁੱਟ ਤਕ ਪਾਣੀ ਖੜ੍ਹਾ ਹੋ ਜਾਂਦਾ ਹੈ। ਵਹੀਕਲ੍ਹ ਬੰਦ ਹੋ ਜਾਣ ਹਨ, ਬਾਜ਼ਾਰਾਂ ਵਿਚ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ਅਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਪਾਣੀ ਦਾਖ਼ਲ ਹੋ ਜਾਂਦਾ ਹੈ। ਸਾਲਾਂ ਤੋਂ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸਰਕਾਰਾਂ ਬਦਲਦੀਆਂ ਰਹੀਆਂ, ਨਗਰ ਨਿਗਮ ਦੇ ਅਧਿਕਾਰੀ ਬਦਲਦੇ ਰਹੇ ਅਤੇ ਹਰ ਸਾਲ ਮਾਨਸੂਨ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ, ਪਰ ਸ਼ਹਿਰ ਵਿਚੋਂ ਪਾਣੀ ਦੀ ਨਿਕਾਸੀ ਸਮੱਸਿਆ ਹੱਲ ਨਹੀਂ ਹੋ ਸਕੀ। ਪਿਛਲੇ ਸਾਲ ਸ਼ਹਿਰ ਦੇ ਕਈ ਮੁੱਖ ਮਾਰਗ ਪਾਣੀ ’ਚ ਡੁੱਬੇ ਪਿਛਲੇ ਸਾਲ ਜੂਨ ਦੇ ਅਖੀਰ ਵਿਚ ਪਏ ਤੇਜ਼ ਮੀਂਹ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਸੀ। ਸ਼ਹਿਰ ਦੇ ਕਈ ਮੁੱਖ ਮਾਰਗ ਪਾਣੀ ਵਿਚ ਡੁੱਬ ਗਏ ਅਤੇ ਪਾਣੀ ਦੀ ਨਿਕਾਸੀ ਲਈ 24 ਤੋਂ 36 ਘੰਟਿਆਂ ਤਕ ਦਾ ਸਮਾਂ ਲੱਗ ਗਿਆ। ਮਾਲ ਰੋਡ, ਪਾਵਰ ਹਾਊਸ ਰੋਡ, ਰੇਲਵੇ ਰੋਡ, ਸਿਵਲ ਲਾਈਨ ਅਤੇ ਹੋਰ ਕਈ ਇਲਾਕਿਆਂ ਵਿੱਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਥਾਵਾਂ ਤੇ ਲੋਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਵਿਚੋਂ ਪਾਣੀ ਕੱਢਣ ਲਈ ਨਿੱਜੀ ਮੋਟਰਾਂ ਦਾ ਸਹਾਰਾ ਲੈਣਾ ਪਿਆ। ਇਸ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਮੌਜੂਦਾ ਡਰੇਨੇਜ ਪ੍ਰਬੰਧ ਭਾਰੀ ਮੀਂਹ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਨਹੀਂ ਹਨ। ਇਸ ਵਾਰ ਵੀ ਨਗਰ ਨਿਗਮ ਨੇ ਦਾਅਵਾ ਕੀਤਾ ਹੈ ਕਿ ਮਾਨਸੂਨ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਿਗਮ ਅਨੁਸਾਰ ਸ਼ਹਿਰ ਦੀਆਂ ਮੁੱਖ ਸੀਵਰੇਜ ਲਾਈਨਾਂ ਅਤੇ ਬ੍ਰਾਂਚ ਸੀਵਰਾਂ ਦੀ ਡੀ-ਸਿਲਟਿੰਗ ਕਰਵਾਈ ਜਾ ਰਹੀ ਹੈ। ਸਾਰੇ ਪੰਪਿੰਗ ਸਟੇਸ਼ਨਾਂ ਤੇ ਮੋਟਰਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਚਾਲੂ ਹਾਲਤ ਵਿੱਚ ਰੱਖਿਆ ਗਿਆ ਹੈ ਅਤੇ ਬਿਜਲੀ ਸਪਲਾਈ ਵਿੱਚ ਰੁਕਾਵਟ ਆਉਣ ਦੀ ਸਥਿਤੀ ਵਿੱਚ ਜਨਰੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਸਲੀ ਪਰਖ ਪਹਿਲੀ ਭਾਰੀ ਬਾਰਿਸ਼ ਤੋਂ ਬਾਅਦ ਹੀ ਹੋਵੇਗੀ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਇਸ ਵਾਰ ਉਨ੍ਹਾਂ ਨੂੰ ਪਿਛਲੇ ਸਾਲਾਂ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੀਵੇਂ ਪੱਧਰ ਤੇ ਵਸਿਆ ਹੋਇਆ ਬਠਿੰਡਾ ਦਾ ਪੁਰਾਣਾ ਸ਼ਹਿਰ ਮਾਹਿਰਾਂ ਦਾ ਮੰਨਣਾ ਹੈ ਕਿ ਬਠਿੰਡਾ ਵਿਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਦਾ ਕਾਰਨ ਸਿਰਫ਼ ਸੀਵਰੇਜ ਪ੍ਰਬੰਧ ਦੀਆਂ ਕਮੀਆਂ ਨਹੀਂ, ਸਗੋਂ ਸ਼ਹਿਰ ਦੀ ਭੂਗੋਲਿਕ ਬਣਤਰ ਵੀ ਹੈ। ਨਗਰ ਨਿਗਮ ਦੀ ਓਐਂਡਐਮ ਸ਼ਾਖਾ ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਕਿਸ਼ੋਰ ਕੁਮਾਰ ਬਾਂਸਲ ਅਨੁਸਾਰ ਬਠਿੰਡਾ ਦਾ ਪੁਰਾਣਾ ਸ਼ਹਿਰ ਨੀਵੇਂ ਪੱਧਰ ਤੇ ਵਸਿਆ ਹੋਇਆ ਹੈ, ਜਦਕਿ ਇਸ ਦੇ ਆਲੇ-ਦੁਆਲੇ ਦੇ ਕਈ ਨਵੇਂ ਇਲਾਕੇ ਉੱਚੇ ਹਨ। ਇਸ ਕਾਰਨ ਮੀਂਹ ਦਾ ਪਾਣੀ ਕੁਦਰਤੀ ਤੌਰ ਤੇ ਨੀਵੇਂ ਇਲਾਕਿਆਂ ਵਿਚ ਇਕੱਠਾ ਹੋ ਜਾਂਦਾ ਹੈ। ਸ਼ਹਿਰ ਦੀ ਭੂਗੋਲਿਕ ਬਣਤਰ ਇਕ ਕਟੋਰੀ ਜਾਂ ਬਾਊਲ ਵਰਗੀ ਹੈ, ਜਿਸ ਕਾਰਨ ਪਾਣੀ ਨੂੰ ਕੁਦਰਤੀ ਢਲਾਣ ਨਹੀਂ ਮਿਲਦੀ ਅਤੇ ਉਹ ਬਾਹਰ ਨਿਕਲਣ ਦੀ ਬਜਾਏ ਸ਼ਹਿਰ ਦੇ ਅੰਦਰ ਹੀ ਇਕੱਠਾ ਹੁੰਦਾ ਰਹਿੰਦਾ ਹੈ। ਇਸੇ ਕਰਕੇ ਬਠਿੰਡਾ ਦੀ ਪੂਰੀ ਜਲ ਨਿਕਾਸੀ ਪ੍ਰਣਾਲੀ ਪੰਪਿੰਗ ਸਟੇਸ਼ਨਾਂ ਤੇ ਨਿਰਭਰ ਹੈ। ਇੱਥੇ ਮੀਂਹ ਦਾ ਪਾਣੀ ਕੁਦਰਤੀ ਢਲਾਣ ਨਾਲ ਨਹੀਂ ਨਿਕਲਦਾ, ਸਗੋਂ ਵੱਖ-ਵੱਖ ਪੰਪਿੰਗ ਸਟੇਸ਼ਨਾਂ ਤੇ ਲੱਗੀਆਂ ਮੋਟਰਾਂ ਰਾਹੀਂ ਡਿਸਪੋਜ਼ਲ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਉੱਥੋਂ ਅੱਗੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਵੱਲ ਭੇਜਿਆ ਜਾਂਦਾ ਹੈ। ਜੇਕਰ ਕਿਸੇ ਵੀ ਪੰਪਿੰਗ ਸਟੇਸ਼ਨ ਦੀ ਮੋਟਰ ਵਿੱਚ ਖ਼ਰਾਬੀ ਆ ਜਾਵੇ ਜਾਂ ਬਿਜਲੀ ਸਪਲਾਈ ਪ੍ਰਭਾਵਿਤ ਹੋ ਜਾਵੇ ਤਾਂ ਕੁਝ ਹੀ ਸਮੇਂ ਵਿੱਚ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਡਰੇਨੇਜ ਪ੍ਰਣਾਲੀ ਨੂੰ ਨਹੀਂ ਕੀਤਾ ਗਿਆ ਮਜ਼ਬੂਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਵਧਦੀ ਆਬਾਦੀ ਅਤੇ ਲਗਾਤਾਰ ਹੋ ਰਹੇ ਵਿਸਥਾਰ ਦੇ ਮੁਕਾਬਲੇ ਡਰੇਨੇਜ ਪ੍ਰਣਾਲੀ ਨੂੰ ਮਜ਼ਬੂਤ ਨਹੀਂ ਕੀਤਾ ਗਿਆ। ਕਈ ਸਾਲ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਸੀਵਰੇਜ ਅਤੇ ਪਾਈਪਲਾਈਨ ਯੋਜਨਾਵਾਂ ਅਜੇ ਵੀ ਅਧੂਰੀਆਂ ਪਈਆਂ ਹਨ। ਨਵੇਂ ਵਿਕਸਿਤ ਇਲਾਕਿਆਂ ਦਾ ਪਾਣੀ ਵੀ ਪੁਰਾਣੇ ਡਰੇਨੇਜ ਨੈੱਟਵਰਕ ਰਾਹੀਂ ਹੀ ਨਿਕਲਦਾ ਹੈ, ਜਿਸ ਨਾਲ ਬਰਸਾਤ ਸਮੇਂ ਪੂਰੇ ਸਿਸਟਮ ਤੇ ਵਾਧੂ ਦਬਾਅ ਪੈਂਦਾ ਹੈ। ਪਾਣੀ ਨਿਕਾਸੀ ਪ੍ਰਣਾਲੀ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ਹਿਰ ਦਾ ਸਲੱਜ ਕੈਰੀਅਰ ਵੀ ਆਪਣੀ ਸਮਰੱਥਾ ਤੋਂ ਵੱਧ ਦਬਾਅ ਝੱਲ ਰਿਹਾ ਹੈ। ਜੇਕਰ ਬਰਸਾਤ ਦੌਰਾਨ ਸਾਰੇ ਪੰਪਿੰਗ ਸਟੇਸ਼ਨਾਂ ਦੀਆਂ ਮੋਟਰਾਂ ਨੂੰ ਇੱਕੋ ਸਮੇਂ ਪੂਰੀ ਸਮਰੱਥਾ ਨਾਲ ਚਲਾਇਆ ਜਾਵੇ ਤਾਂ ਮੌਜੂਦਾ ਸਲੱਜ ਕੈਰੀਅਰ ਉੱਤੇ ਵਾਧੂ ਦਬਾਅ ਪੈਂਦਾ ਹੈ। ਇਸ ਕਾਰਨ ਕਈ ਵਾਰ ਪਾਣੀ ਦੀ ਨਿਕਾਸੀ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ ਅਤੇ ਸੜਕਾਂ ਤੇ ਖੜ੍ਹਾ ਪਾਣੀ ਲੰਬੇ ਸਮੇਂ ਤਕ ਨਹੀਂ ਨਿਕਲਦਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਹਰ ਸਾਲ ਮਾਨਸੂਨ ਤੋਂ ਠੀਕ ਪਹਿਲਾਂ ਸੀਵਰਾਂ ਦੀ ਸਫ਼ਾਈ ਦਾ ਅਭਿਆਨ ਚਲਾਉਂਦਾ ਹੈ, ਪਰ ਇਹ ਸਿਰਫ਼ ਰਸਮੀ ਕਾਰਵਾਈ ਬਣ ਕੇ ਰਹਿ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਾਲ ਭਰ ਨਿਯਮਤ ਤੌਰ ਤੇ ਸੀਵਰੇਜ ਪ੍ਰਣਾਲੀ ਦੀ ਸਫ਼ਾਈ ਅਤੇ ਸੰਭਾਲ ਕੀਤੀ ਜਾਵੇ ਤਾਂ ਜਲ ਭਰਾਅ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਬਹੁਤ ਜ਼ਰੂਰੀ ਸ਼ਹਿਰ ਵਾਸੀ ਜਗਦੀਪ ਸਿੰਘ ਕਹਿਣਾ ਹੈ ਕਿ ਸਮੱਸਿਆ ਦੇ ਸਥਾਈ ਹੱਲ ਲਈ ਸਭ ਤੋਂ ਪਹਿਲਾਂ ਸਲੱਜ ਕੈਰੀਅਰ ਦੀ ਸਮਰੱਥਾ ਵਧਾਉਣੀ ਲਾਜ਼ਮੀ ਹੈ। ਇਸ ਦੇ ਨਾਲ-ਨਾਲ ਡਿਸਪੋਜ਼ਲ ਟੈਂਕਾਂ ਦਾ ਜਲ ਪੱਧਰ ਲਗਾਤਾਰ ਨਿਯੰਤਰਿਤ ਰੱਖਿਆ ਜਾਵੇ ਅਤੇ ਸਮੇਂ-ਸਮੇਂ ਤੇ ਉਨ੍ਹਾਂ ਨੂੰ ਖਾਲੀ ਕੀਤਾ ਜਾਵੇ। ਉਨ੍ਹਾਂ ਮੁਤਾਬਕ ਪੁਰਾਣੇ ਡਰੇਨੇਜ ਨੈੱਟਵਰਕ ਦਾ ਆਧੁਨਿਕੀਕਰਨ, ਨੀਵੇਂ ਇਲਾਕਿਆਂ ਲਈ ਵੱਖਰੀ ਯੋਜਨਾ ਅਤੇ ਅਧੂਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਸਿਰਫ਼ ਸੀਵਰਾਂ ਦੀ ਸਫ਼ਾਈ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ। ਕਦੋਂ ਮਿਲੇਗਾ ਬਠਿੰਡਾ ਨੂੰ ਸਮੱਸਿਆ ਦਾ ਸਥਾਈ ਹੱਲ ਸ਼ਹਿਰ ਵਾਸੀ ਰਛਪਾਲ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਪਹਿਲੀ ਹੀ ਭਾਰੀ ਬਾਰਿਸ਼ ਨਾਲ ਸ਼ਹਿਰ ਦੀ ਹਕੀਕਤ ਸਾਹਮਣੇ ਆ ਜਾਂਦੀ ਹੈ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਅੱਜ ਵੀ ਉਹੀ ਹੈ ਕਿ ਆਖ਼ਰ ਬਠਿੰਡਾ ਨੂੰ ਇਸ ਦਹਾਕਿਆਂ ਪੁਰਾਣੀ ਸਮੱਸਿਆ ਤੋਂ ਸਥਾਈ ਰਾਹਤ ਕਦੋਂ ਮਿਲੇਗੀ। ਜਦੋਂ ਤੱਕ ਸ਼ਹਿਰ ਦੀ ਮੌਜੂਦਾ ਲੋੜ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਜਲ ਨਿਕਾਸੀ ਪ੍ਰਣਾਲੀ ਦਾ ਵਿਆਪਕ ਆਧੁਨਿਕੀਕਰਨ ਨਹੀਂ ਕੀਤਾ ਜਾਂਦਾ, ਤਦ ਤੱਕ ਹਰ ਮਾਨਸੂਨ ਵਿੱਚ ਬਠਿੰਡਾ ਦੇ ਲੋਕਾਂ ਨੂੰ ਜਲ ਭਰਾਅ ਦੀ ਇਸ ਪੁਰਾਣੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ।