ਨਿਰਵਿਘਨ ਬਿਜਲੀ ਤੇ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਬਿਜਲੀ ਘਰ ਘੇਰਿਆ
ਨਿਰਵਿਘਨ ਬਿਜਲੀ ਅਤੇ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਬਿਜਲੀ ਘਰ ਘੇਰਿਆ
Publish Date: Fri, 26 Jun 2026 03:56 PM (IST)
Updated Date: Fri, 26 Jun 2026 03:58 PM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਅਤੇ ਸਬ-ਡਵੀਜ਼ਨ ਸੰਗਤ ਦੇ 66 ਕੇਵੀ ਬਿਜਲੀ ਘਰ ਮੂਹਰੇ ਇਲਾਕੇ ਦੇ ਵੱਡੀ ਗਿਣਤੀ ਕਿਸਾਨਾ ਵੱਲੋਂ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ। ਬਿਜਲੀ ਅਤੇ ਪਾਣੀ ਦੋਵੇਂ ਨਾ ਮਿਲਣ ਕਾਰਨ ਧਰਨੇ ’ਤੇ ਬੈਠੇ ਕਿਸਾਨਾ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਜੰਮ ਕੇ ਨਆਰੇਬਾਜ਼ੀ ਕੀਤੀ ਗਈ। ਪਿੰਡ ਸੰਗਤ ਕਲਾਂ ਦੇ ਕਿਸਾਨ ਆਗੂ ਰੇਸ਼ਮ ਸਿੰਘ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ ਗਿੱਲ ਅਤੇ ਜਗਤਾਰ ਸਿੰਘ ਗਹਿਰੀ ਬੁੱਟਰ ਨੇ ਦੱਸਿਆ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਪ੍ਰੰਤੂ ਬਠਿੰਡਾ ਆਈਟੀਆਈ ਨੇੜੇ ਮਹਿਤਾ ਰਜਬਾਹੇ ’ਚ ਪਾੜ ਪੈ ਜਾਣ ਸੰਗਤ ਇਲਾਕੇ ਦੇ ਕਿਸਾਨਾਂ ਨੂੰ ਪਿਛਲੇ ਕਈ ਦਿਨ੍ਹਾਂ ਤੋਂ ਨਹਿਰੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਸਨ, ਉੱਤੋਂ ਬਿਜਲੀ ਸਪਲਾਈ ਵੀ 8 ਘੰਟੇ ਦੇਣ ਦੀ ਥਾਂ ਸਿਰਫ਼ 4 ਘੰਟੇ ਹੀ ਮਿਲਦੀ ਹੋਣ ਅਤੇ ਸਮਾਂ ਲੰਬੇ ਕੱਟਾਂ ’ਚ ਗੁਜ਼ਰ ਜਾਣ ਕਾਰਨ ਕਿਸਾਨ: ’ਚ ਰੋਹ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਦਿਨ ਦੀ ਥਾਂ ਰਾਤ ਸਮੇਂ ਹੀ ਬਿਜਲੀ ਸਪਲਾਈ ਦਿੱਤੀ ਜਾਵੇ, ਪ੍ਰੰਤੂ ਪੂਰਾ ਸਮਾਂ 8 ਘੰਟੇ ਬਿਜਲੀ ਸਪਲਾਈ ਦੇਣੀ ਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਬਿਜਲੀ ਅਤੇ ਪਾਣੀ ਦੋਵੇਂ ਹੀ ਨਾ ਮਿਲਣ ਕਾਰਨ ਵਾਧੂ ਮਜ਼ਦੂਰੀ ਭੁਗਤਣੀ ਪੈ ਰਹੀ ਹੈ ਅਤੇ ਸਾਰਾ ਸਾਰਾ ਦਿਨ ਮਜ਼ਦੂਰ ਬਿਜਲੀ ਪਾਣੀ ਨੂੰ ਉਡੀਕਦੇ ਸ਼ਾਮ ਨੂੰ ਨਿਰਾਸ਼ ਘਰਾਂ ਨੂੰ ਪਰਤ ਜਾਂਦੇ ਹਨ। ਧਰਨਾਕਾਰੀ ਕਿਸਾਨਾਂ ਨੇ ਦੱਸਿਆ ਕਿ ਜਦੋਂ ਤੱਕ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕਿਸਾਨਾਂ ਵੱਲੋਂ ਸੰਗਤ ਬਿਜਲੀ ਘਰ ਤੋਂ ਚੱਲਦੀ ਸੰਗਤ ਸ਼ਹਿਰੀ ਫੀਡਰ ਦੇ ਕਰੀਬ 10 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਕਰਵਾ ਕੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਥਾਣਾ ਸੰਗਤ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਕਮਲਦੀਪ ਸਿੰਘ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਗੁਰਪੀ੍ਰਤ ਸਿੰਘ, ਰਾਜਵਿੰਦਰ ਸਿੰਘ, ਚਿਮਨ ਲਾਲ, ਰਕੇਸ਼ ਕੁਮਾਰ ਆਦਿ ਮੌਜੂਦ ਸਨ। ਧਰਨਾਕਾਰੀਆਂ ਨਾਲ ਗੱਲਬਾਤ ਲਈ ਪਹੁੰਚੇ ਪਾਵਰਕਾਮ ਦੇ ਐਸਡੀਓ. ਕਾਮਿਨੀ ਸਿੰਗਲਾ ਨੇ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਪੂਰੀ ਕੀਤੀ ਜਾਵੇਗੀ ਅਤੇ ਅਗਲੇ 8 ਦਿਨਾਂ ਤੱਕ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਵਿਸ਼ਵਾਸ ਤੋਂ ਬਾਅਦ ਧਰਨਾਕਾਰੀ ਕਿਸਾਨਾ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੰਗਤ ਮੰਡੀ ਖੇਤਰ ਵਿਚ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਹੈ, ਜਿਸ ਕਾਰਨ ਲੋਕਾਂ ਜ਼ਿਆਦਾਤਰ ਨਹਿਰੀ ਪਾਣੀ ’ਤੇ ਨਿਰਭਰ ਹਨ। ਇਸ ਵੇਲੇ ਝੋਨੇ ਦੀ ਲਵਾਈ ਤੇਜ਼ੀ ਨਾਲ ਚੱਲ ਰਹੀ ਹੈ ਪਰ ਸੰਗਤ ਖੇਤਰ ਨੂੰ ਪਾਣੀ ਦੀ ਸਪਲਾਈ ਕਰਨ ਵਾਲਾ ਰਜਬਾਹਾ ਕਈ ਦਿਨ ਪਹਿਲਾਂ ਸ਼ਹਿਰ ਦੇ ਭਾਈ ਮਤੀ ਦਾਸ ਨਗਰ ਨੇੜੇ ਟੁੱਟ ਗਿਆ ਸੀ, ਜਿਸ ਕਾਰਨ ਪਿਛਲੇ ਚਾਰ ਦਿਨ ਨੂੰ ਉਕਤ ਖੇਤਰ ਵਿਚ ਨਹਿਰੀ ਪਾਣੀ ਨਹੀਂ ਜਾ ਰਿਹਾ, ਸਿੱਟੇ ਵਜੋਂ ਝੋਨੇ ਦੀ ਲਵਾਈ ਪਭਾਵਤ ਹੋ ਰਹੀ ਹੈ।