ਬਠਿੰਡਾ ਰੀਹੈਬਲੀਟੇਸ਼ਨ ਸੈਂਟਰ ’ਚ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਮਨਾਇਆ
ਬਠਿੰਡਾ ਰੀਹੈਬਲੀਟੇਸ਼ਨ ਸੈਂਟਰ ਵਿੱਚ ਵਿਸ਼ਵ ਅੰਤਰਰਾਸ਼ਟਰੀ ਨਸ਼ਾ ਛੁਡਾਓ ਦਿਵਸ ਮਨਾਇਆ
Publish Date: Fri, 26 Jun 2026 03:47 PM (IST)
Updated Date: Fri, 26 Jun 2026 03:49 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਦੀ ਅਗਵਾਈ ਹੇਠ ਵੀਰਵਾਰ ਨੂੰ ਬਠਿੰਡਾ ਦੇ ਰੀਹੈਬਲੀਟੇਸ਼ਨ ਸੈਂਟਰ ਵਿੱਚ ਵਿਸ਼ਵ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਜਾਗਰੂਕਤਾ ਅਤੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾ ਕੇ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਦਿੱਤਾ ਗਿਆ। ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਬਠਿੰਡਾ ਦਾ 60 ਬੈੱਡਾਂ ਵਾਲਾ ਰੀਹੈਬਲੀਟੇਸ਼ਨ ਸੈਂਟਰ ਇਸ ਸਮੇਂ ਕਰੀਬ 60 ਮਰੀਜ਼ਾਂ ਨੂੰ ਇਲਾਜ ਅਤੇ ਪੁਨਰਵਾਸ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਮਾਗਮ ਦੀ ਸ਼ੁਰੂਆਤ ਮਰੀਜ਼ਾਂ ਦੇ ਯੋਗਾ ਅਤੇ ਕਸਰਤ ਸੈਸ਼ਨ ਨਾਲ ਕੀਤੀ ਗਈ, ਜਿਸ ਦਾ ਉਦੇਸ਼ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਸੀ। ਇਸ ਤੋਂ ਬਾਅਦ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਾ ਛੱਡਣ ਦੇ ਲਾਭਾਂ ਬਾਰੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦਿਵਸ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ, ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਉਨ੍ਹਾਂ ਅਪੀਲ ਕੀਤੀ ਕਿ ਨਸ਼ੇ ਦੀ ਲਤ ਦਾ ਸ਼ਿਕਾਰ ਵਿਅਕਤੀਆਂ ਨਾਲ ਨਫ਼ਰਤ ਦੀ ਬਜਾਏ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾਖੋਰੀ ਨਾ ਸਿਰਫ਼ ਵਿਅਕਤੀ ਅਤੇ ਪਰਿਵਾਰ, ਸਗੋਂ ਪੂਰੇ ਸਮਾਜ ਲਈ ਗੰਭੀਰ ਚੁਣੌਤੀ ਹੈ ਅਤੇ ਇਸ ਨਾਲ ਨਜਿੱਠਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਜ਼ਿਲ੍ਹਾ ਬੀਸੀਸੀ. ਕੋਆਰਡੀਨੇਟਰ ਨਰਿੰਦਰ ਕੁਮਾਰ ਅਤੇ ਕਾਊਂਸਲਰ ਰੁਪਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਕਰਨ ਵਾਲੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ। ਉਨ੍ਹਾਂ ਗੈਰ-ਕਾਨੂੰਨੀ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਵੀ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਹਾਜ਼ਰੀਨਾਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਛੱਡਣ ਵਾਲਿਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਰਾਕੇਸ਼ ਨਰੂਲਾ ਵੱਲੋਂ ਰੀਹੈਬਲੀਟੇਸ਼ਨ ਸੈਂਟਰ ਵਿੱਚ ਪੌਦੇ ਵੀ ਲਗਾਏ ਗਏ। ਸਮਾਗਮ ਵਿੱਚ ਬੀਈਈ. ਮਾਲਵਿੰਦਰ ਸਿੰਘ ਤਿਉਣਾ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।