ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ, ਭਖਵੀਆਂ ਮੰਗਾਂ 'ਤੇ ਹੋਈ ਚਰਚਾ
ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ, ਭਖਵੀਆਂ ਮੰਗਾਂ 'ਤੇ ਹੋਈ ਚਰਚਾ
Publish Date: Fri, 26 Jun 2026 03:43 PM (IST)
Updated Date: Fri, 26 Jun 2026 03:46 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸਿਹਤ ਡਾਇਰੈਕਟਰ ਨਾਲ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਮੀਟਿੰਗ ਹੋਈ। ਨਵੀਂ ਚੁਣੀ ਗਈ ਸੂਬਾ ਕਮੇਟੀ ਦੇ ਪ੍ਰਧਾਨ ਸੁਖਦੀਪ ਸ਼ਰਮਾ ਅਤੇ ਜਨਰਲ ਸਕੱਤਰ ਸੁਨੀਲ ਦੱਤ ਸ਼ਰਮਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਪਹਿਲਾਂ ਨਵੀਂ ਕਮੇਟੀ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ ਗਈ। ਐਸੋਸੀਏਸ਼ਨ ਦੀ ਸੂਬਾ ਪ੍ਰੈਸ ਸਕੱਤਰ ਦੀਪਾਂਜਲੀ ਭੱਟੀ ਨੇ ਦੱਸਿਆ ਕਿ ਮੀਟਿੰਗ ਵਿਚ ਫਾਰਮੇਸੀ ਆਫੀਸਰਾਂ ਨਾਲ ਜੁੜੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਐਸੋਸੀਏਸ਼ਨ ਵੱਲੋਂ ਪੰਜਾਬ ਪੇ-ਸਕੇਲ ਸਬੰਧੀ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਜਨਰਲ ਸਪੀਕਿੰਗ ਆਰਡਰ ਜਾਰੀ ਕਰਨ ਦੀ ਮੰਗ ਰੱਖੀ ਗਈ, ਜਿਸ ਤੇ ਸਿਹਤ ਡਾਇਰੈਕਟਰ ਨੇ ਭਰੋਸਾ ਦਿੱਤਾ ਕਿ ਸਰਕਾਰ ਦੇ ਕਾਨੂੰਨੀ ਸਲਾਹਕਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਮਾਮਲੇ ਦਾ ਜਲਦ ਹੱਲ ਕੀਤਾ ਜਾਵੇਗਾ। ਮੀਟਿੰਗ ਦੌਰਾਨ ਵਿਭਾਗ ਵਿਚ ਖਾਲੀ ਪਈਆਂ 454 ਰੈਗੂਲਰ ਫਾਰਮੇਸੀ ਆਫੀਸਰਾਂ ਦੀਆਂ ਅਸਾਮੀਆਂ ਨੂੰ ਜਲਦੀ ਭਰਨ, ਸੇਵਾ-ਮੁਕਤ ਕਰਮਚਾਰੀਆਂ ਦੇ ਲੀਵ ਇਨਕੈਸ਼ਮੈਂਟ ਦੇ ਬਕਾਇਆ ਕੇਸ ਨਿਪਟਾਉਣ ਅਤੇ ਅਮਰਨਾਥ ਯਾਤਰਾ ਦੌਰਾਨ ਟੀਏ/ਡੀਏ ਦੇ ਬਕਾਇਆ ਭੁਗਤਾਨ ਸਬੰਧੀ ਵੀ ਚਰਚਾ ਹੋਈ। ਸਿਹਤ ਡਾਇਰੈਕਟਰ ਨੇ ਕਿਹਾ ਕਿ ਟੀਏ/ਡੀਏ ਲਈ ਫੰਡ ਪਹਿਲਾਂ ਹੀ ਸਿਵਲ ਸਰਜਨ ਦਫ਼ਤਰਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਕਰਮਚਾਰੀਆਂ ਨੂੰ ਭੁਗਤਾਨ ਨਹੀਂ ਮਿਲਿਆ, ਉਹ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨ ਨਾਲ ਸੰਪਰਕ ਕਰਨ। ਐਸੋਸੀਏਸ਼ਨ ਵੱਲੋਂ ਅਮਰਨਾਥ ਯਾਤਰਾ ਤੇ ਜਾਣ ਵਾਲੇ ਫਾਰਮੇਸੀ ਆਫੀਸਰਾਂ ਲਈ ਬੀਮਾ ਸੁਰੱਖਿਆ ਦੀ ਮੰਗ ਵੀ ਉਠਾਈ ਗਈ, ਜਿਸ ਤੇ ਡਾਇਰੈਕਟਰ ਨੇ ਸਕਾਰਾਤਮਕ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਜ਼ਿਲ੍ਹਾ ਜੇਲ੍ਹ ਡਿਊਟੀ, ਸਟਾਫ ਦੀ ਘਾਟ, ਜ਼ਿਲ੍ਹਾ ਪ੍ਰੀਸ਼ਦ ਦੇ ਰੂਰਲ ਫਾਰਮੇਸੀ ਆਫੀਸਰਾਂ ਨੂੰ ਪੱਕਾ ਕਰਨ ਅਤੇ ਫਾਰਮੇਸੀ ਆਫੀਸਰਾਂ ਦੀਆਂ ਅਸਾਮੀਆਂ ਦੇ ਪੁਨਰਗਠਨ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡਾਇਰੈਕਟਰ ਨੇ ਕਿਹਾ ਕਿ ਨਵੀਆਂ ਭਰਤੀਆਂ ਤੇ ਨਵੀਂ ਨੀਤੀ ਰਾਹੀਂ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੀਟਿੰਗ ਵਿਚ ਵਿੱਤ ਸਕੱਤਰ ਮੀਨਾਕਸ਼ੀ ਧੀਰ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ, ਮੀਤ ਪ੍ਰਧਾਨ ਸੁਖਮੰਦਰ ਸਿੰਘ ਸੰਧੂ, ਆਡੀਟਰ ਅਮਨਦੀਪ ਸਿੰਘ, ਮੁੱਖ ਸਲਾਹਕਾਰ ਅਮਰਿੰਦਰ ਸਿੰਘ, ਜੁਆਇੰਟ ਸਕੱਤਰ ਵਿਸ਼ਾਲ ਤਿਆਲ, ਪ੍ਰਬੰਧਕੀ ਸਕੱਤਰ ਬਲਵਿੰਦਰ ਸਿੰਘ, ਪ੍ਰਚਾਰ ਸਕੱਤਰ ਮਲਕੀਤ ਸਿੰਘ, ਸੁਪਰਡੈਂਟ ਸੰਜੇ ਗੁਪਤਾ ਅਤੇ ਸੀਨੀਅਰ ਸਹਾਇਕ ਗੁਰਪ੍ਰੀਤ ਸਿੰਘ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਰਹੇ।