ਇਕ ਹੀ ਦਿਨ ’ਚ ਚਾਰ ਵਾਰ ਕੀਤੀ ਹਮਲੇ ਦੀ ਕੋਸ਼ਿਸ਼, ਹਮਲੇ ਦੇ ਕਾਰਨਾਂ ਦਾ ਹਾਲੇ ਨਹੀਂ ਲੱਗਾ ਪਤਾ
ਇਕ ਹੀ ਦਿਨ ਵਿੱਚ ਚਾਰ ਵਾਰ ਕੀਤੀ ਹਮਲੇ ਦੀ ਕੋਸ਼ਿਸ਼, ਹਮਲਾ ਕਰਨ ਦੇ ਕਾਰਨਾਂ ਦਾ ਅਜੇ ਨਹੀਂ ਲੱਗਾ ਪਤਾ
Publish Date: Thu, 25 Jun 2026 06:21 PM (IST)
Updated Date: Thu, 25 Jun 2026 06:22 PM (IST)

ਡਾਕਟਰ ਦੀ ਕਲੀਨਿਕ ਤੇ ਪੈਟਰੋਲ ਬੰਬ ਹਮਲੇ ਦਾ ਮਾਮਲਾ ਮੁੱਖ ਸਾਜ਼ਿਸ਼ਕਾਰਤਾ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਅਦ ਉਠੇਗਾ ਪਰਦਾ, ਗੁਰਵਿੰਦਰ ਨੇ ਸੁੱਟਿਆ ਪੈਟਰੋਲ ਬੰਦ, ਸੰਦੀਪ ਨੇ ਬਣਾਈ ਵੀਡੀਓ, ਨਕੁਲ ਬੈਠਾ ਰਿਹਾ ਆਟੋ ਵਿਚ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਇਕ ਡਾਕਟਰ ਦੀ ਕਲੀਨਿਕ ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਜਾਂਚ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਇਕ ਹੀ ਦਿਨ ਵਿਚ ਚਾਰ ਵਾਰ ਕਲੀਨਿਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਲੋਕਾਂ ਦੀ ਭਾਰੀ ਆਵਾਜਾਈ ਅਤੇ ਮੌਕੇ ਦੀ ਸਥਿਤੀ ਕਾਰਨ ਉਹ ਤਿੰਨ ਵਾਰ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇ। ਆਖ਼ਿਰਕਾਰ ਰਾਤ ਸਮੇਂ ਉਨ੍ਹਾਂ ਨੇ ਪੈਟਰੋਲ ਬੰਬ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਜ਼ਿਸ਼ ਵਿਚ ਸ਼ਾਮਲ ਤਿੰਨ ਮੁਲਜ਼ਮ ਸੰਦੀਪ ਸਿੰਘ, ਨਕੁਲ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਖੂਹੀਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਬੱਸ ਰਾਹੀਂ ਬਠਿੰਡਾ ਪਹੁੰਚੇ ਸਨ। ਬਠਿੰਡਾ ਆਉਣ ਤੋਂ ਬਾਅਦ ਉਨ੍ਹਾਂ ਨੇ ਇਕ ਆਟੋ ਰਿਕਸ਼ਾ ਕਿਰਾਏ ਤੇ ਲਿਆ ਅਤੇ ਦੁਪਹਿਰ ਕਰੀਬ ਢਾਈ ਵਜੇ ਡਾਕਟਰ ਦੀ ਕਲੀਨਿਕ ਨੇੜੇ ਪਹੁੰਚ ਕੇ ਇਲਾਕੇ ਦੀ ਰੇਕੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਲੀਨਿਕ ਦੇ ਆਲੇ-ਦੁਆਲੇ ਦੀ ਸਥਿਤੀ, ਲੋਕਾਂ ਦੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਹਿਲੀ ਵਾਰ ਰੇਕੀ ਦੌਰਾਨ ਕਲੀਨਿਕ ਅਤੇ ਆਸ-ਪਾਸ ਦੇ ਇਲਾਕੇ ਵਿਚ ਲੋਕਾਂ ਦੀ ਕਾਫ਼ੀ ਚਹਿਲ-ਪਹਿਲ ਹੋਣ ਕਾਰਨ ਮੁਲਜ਼ਮ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕੇ। ਇਸ ਤੋਂ ਬਾਅਦ ਉਹ ਆਟੋ ਰਾਹੀਂ ਸ਼ਹਿਰ ਵਿਚ ਘੁੰਮਦੇ ਰਹੇ ਅਤੇ ਮੌਕੇ ਦੀ ਉਡੀਕ ਕਰਦੇ ਰਹੇ। ਕਰੀਬ ਢਾਈ ਘੰਟਿਆਂ ਬਾਅਦ ਮੁਲਜ਼ਮ ਦੁਬਾਰਾ ਕਲੀਨਿਕ ਦੇ ਨੇੜੇ ਪਹੁੰਚੇ ਅਤੇ ਹਮਲਾ ਕਰਨ ਦੀ ਯੋਜਨਾ ਬਣਾਈ, ਪਰ ਉਸ ਵੇਲੇ ਵੀ ਲੋਕਾਂ ਦੀ ਲਗਾਤਾਰ ਆਵਾਜਾਈ ਕਾਰਨ ਉਹ ਆਪਣੀ ਯੋਜਨਾ ਨੂੰ ਅਮਲੀ ਜਾਮਾ ਨਹੀਂ ਪਹਿਣਾ ਸਕੇ। ਪੁਲਿਸ ਅਨੁਸਾਰ ਸ਼ਾਮ ਸਮੇਂ ਤੀਜੀ ਵਾਰ ਵੀ ਉਨ੍ਹਾਂ ਨੇ ਪੈਟਰੋਲ ਬੰਬ ਸੁੱਟਣ ਦੀ ਕੋਸ਼ਿਸ਼ ਕੀਤੀ। ਕਰੀਬ 8:30 ਵਜੇ ਉਹ ਮੁੜ ਕਲੀਨਿਕ ਕੋਲ ਪਹੁੰਚੇ, ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਉਸ ਵੇਲੇ ਵੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਇਸ ਤੋਂ ਬਾਅਦ ਰਾਤ ਕਰੀਬ 9:45 ਵਜੇ ਮੁਲਜ਼ਮ ਚੌਥੀ ਵਾਰ ਕਲੀਨਿਕ ਦੇ ਨੇੜੇ ਪਹੁੰਚੇ। ਇਸ ਵਾਰ ਗੁਰਵਿੰਦਰ ਸਿੰਘ ਨੇ ਕਲੀਨਿਕ ਦੇ ਅੰਦਰ ਪੈਟਰੋਲ ਬੰਬ ਸੁੱਟ ਦਿੱਤਾ। ਹਮਲੇ ਦੌਰਾਨ ਕਿਸੇ ਵਿਅਕਤੀ ਦੇ ਅਚਾਨਕ ਮੌਕੇ ਤੇ ਆ ਜਾਣ ਕਾਰਨ ਮੁਲਜ਼ਮ ਘਬਰਾ ਗਏ ਅਤੇ ਦੂਸਰਾ ਤਿਆਰ ਕੀਤਾ ਗਿਆ ਪੈਟਰੋਲ ਬੰਬ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦਾਤ ਵੇਲੇ ਨਕੁਲ ਆਟੋ ਵਿਚ ਹੀ ਬੈਠਾ ਰਿਹਾ, ਜਦਕਿ ਮੁੱਖ ਮੁਲਜ਼ਮ ਸੰਦੀਪ ਸਿੰਘ ਨੇ ਪੂਰੀ ਘਟਨਾ ਦੀ ਵੀਡੀਓ ਆਪਣੇ ਮੋਬਾਈਲ ਫੋਨ ਵਿਚ ਰਿਕਾਰਡ ਕੀਤੀ। ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਸੰਦੀਪ ਨੇ ਇਹ ਵੀਡੀਓ ਪਾਕਿਸਤਾਨ ਵਿਚ ਬੈਠੇ ਆਪਣੇ ਆਕਾਵਾਂ ਨੂੰ ਭੇਜੀ ਸੀ। ਇਸ ਖੁਲਾਸੇ ਤੋਂ ਬਾਅਦ ਜਾਂਚ ਏਜੰਸੀਆਂ ਇਸ ਮਾਮਲੇ ਦੇ ਅੰਤਰਰਾਸ਼ਟਰੀ ਅਤੇ ਸਰਹੱਦ ਪਾਰ ਸਬੰਧਾਂ ਨੂੰ ਵੀ ਖੰਗਾਲ ਰਹੀਆਂ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਫਾਜ਼ਿਲਕਾ ਤੋਂ ਇੱਕ ਕੈਨ ਵਿੱਚ ਪੈਟਰੋਲ ਭਰ ਕੇ ਆਪਣੇ ਨਾਲ ਲਿਆਏ ਸਨ। ਬਠਿੰਡਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪੱਧਰ ਤੇ ਪੈਟਰੋਲ ਬੰਬ ਤਿਆਰ ਕੀਤੇ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਮੌਕੇ ਤੋਂ ਮਿਲੇ ਸਬੂਤਾਂ ਅਤੇ ਛੱਡੇ ਗਏ ਦੂਸਰੇ ਪੈਟਰੋਲ ਬੰਬ ਤੋਂ ਵੀ ਜਾਂਚ ਵਿਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਟੋ ਰਾਹੀਂ ਫਾਇਰ ਬ੍ਰਿਗੇਡ ਚੌਂਕ ਪਹੁੰਚੇ। ਉੱਥੋਂ ਉਹ ਰੇਲਵੇ ਸਟੇਸ਼ਨ ਗਏ ਅਤੇ ਉਸੇ ਰਾਤ ਰੇਲ ਗੱਡੀ ਰਾਹੀਂ ਵਾਪਸ ਫਾਜ਼ਿਲਕਾ ਚਲੇ ਗਏ। ਪੁਲਿਸ ਨੇ ਘਟਨਾ ਵਾਲੇ ਇਲਾਕੇ ਅਤੇ ਮੁਲਜ਼ਮਾਂ ਦੇ ਭੱਜਣ ਵਾਲੇ ਰਸਤੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਤੋਂ ਜਾਂਚ ਨੂੰ ਅਹਿਮ ਸੁਰਾਗ ਮਿਲੇ। ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਸਭ ਤੋਂ ਪਹਿਲਾਂ ਆਟੋ ਚਾਲਕ ਨੂੰ ਹਿਰਾਸਤ ਵਿੱਚ ਲਿਆ। ਉਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਹੋਈ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਫਾਜ਼ਿਲਕਾ ਵਿੱਚ ਛਾਪੇਮਾਰੀ ਕਰਕੇ ਨਕੁਲ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਮੰਨਿਆ ਜਾ ਰਿਹਾ ਸੰਦੀਪ ਸਿੰਘ ਅਜੇ ਵੀ ਫਰਾਰ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜਾਂਚ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹਮਲੇ ਦੇ ਪਿੱਛੇ ਅਸਲ ਮਕਸਦ ਕੀ ਸੀ ਅਤੇ ਕੀ ਇਸ ਸਾਜ਼ਿਸ਼ ਵਿੱਚ ਹੋਰ ਵਿਅਕਤੀ ਵੀ ਸ਼ਾਮਲ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਫਰਾਰ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਦਾ ਪੂਰਾ ਖੁਲਾਸਾ ਕੀਤਾ ਜਾਵੇਗਾ।