ਸ਼ਹੀਦ ਭਾਈ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ
ਸ਼ਹੀਦ ਭਾਈ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ
Publish Date: Thu, 25 Jun 2026 06:08 PM (IST)
Updated Date: Thu, 25 Jun 2026 06:10 PM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਸਿੱਖ ਕੌਮ ਦੇ ਮਹਾਨ ਜਰਨੈਲ, ਸਮਾਣਾ ਦੇ ਪਹਿਲੇ ਗਵਰਨਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਸਾਥੀ ਸ਼ਹੀਦ ਭਾਈ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਸਥਿਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤਾਂ ਨੇ ਸ਼ਹੀਦ ਦੀ ਯਾਦ ਨੂੰ ਨਮਨ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਬੂਟਾ ਸਿੰਘ ਅਤੇ ਸਾਥੀਆਂ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ, ਜਿਸ ਨਾਲ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋਈਆਂ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਤਾਰ ਸਿੰਘ ਲਾਲੀ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਉਪਰੰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਤੋਂ ਬਾਅਦ ਸ਼ਹੀਦ ਭਾਈ ਫਤਿਹ ਸਿੰਘ ਦੀ ਯਾਦ ਵਿੱਚ ਬਣੇ ਪਾਰਕ ਵਿੱਚ ਸਥਾਪਿਤ ਉਨ੍ਹਾਂ ਦੇ ਸਰੂਪ ਅੱਗੇ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਹਾਨ ਯੋਧੇ ਦੀ ਕੁਰਬਾਨੀ ਨੂੰ ਯਾਦ ਕੀਤਾ। ਸ਼ਹੀਦ ਭਾਈ ਫਤਿਹ ਸਿੰਘ ਵੈਲਫੇਅਰ ਸੋਸਾਇਟੀ ਦੇ ਆਗੂ ਬਰਜਿੰਦਰ ਸਿੰਘ ਬਬਲਾ ਨੇ ਕਿਹਾ ਕਿ ਭਾਈ ਫਤਿਹ ਸਿੰਘ ਸਿੱਖ ਇਤਿਹਾਸ ਦੇ ਮਹਾਨ ਯੋਧੇ ਸਨ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਜ਼ੁਲਮ ਅਤੇ ਅੱਤਿਆਚਾਰ ਵਿਰੁੱਧ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ 1710 ਦੀ ਚੱਪੜਚਿੜੀ ਦੀ ਇਤਿਹਾਸਕ ਜੰਗ ਦੌਰਾਨ ਭਾਈ ਫਤਿਹ ਸਿੰਘ ਨੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਸਰਹਿੰਦ ਦੇ ਜ਼ਾਲਮ ਹਾਕਮ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ।ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਭਾਈ ਫਤਿਹ ਸਿੰਘ ਦੀ ਸ਼ਹਾਦਤ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੁੜ ਕੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸੀਨੀਅਰ ਪੰਚ ਬਲਤੇਜ ਸਿੰਘ ਕਾਲਾ ਨੇ ਕਿਹਾ ਕਿ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਧਰਤੀ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ ਅਤੇ ਇੱਥੇ ਸਥਾਪਿਤ ਸਰੂਪ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਰਿਹਾ ਹੈ। ਇਸ ਮੌਕੇ ਕੁਲਜੀਤ ਸਿੰਘ ਕੀਤੂ, ਗੁਰਚਰਨ ਸਿੰਘ ਬੰਤਾ, ਸਿੰਘ ਫੌਜੀ, ਹਰਮੇਲ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।