ਮਾਨਸਾ ਰੋਡ ’ਤੇ ਖਤਰਨਾਕ ਮੋੜ ਕਾਰਨ ਨਿੱਤ ਦਿਨ ਵਾਪਰਦੇ ਨੇ ਹਾਦਸੇ
ਮਾਨਸਾ ਰੋਡ ’ਤੇ ਖਤਰਨਾਕ ਮੋੜ ਕਾਰਨ ਨਿੱਤ ਦਿਨ ਵਾਪਰਦੇ ਨੇ ਹਾਦਸੇ
Publish Date: Thu, 25 Jun 2026 06:07 PM (IST)
Updated Date: Thu, 25 Jun 2026 06:10 PM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ, ਬਠਿੰਡਾ ਮਾਨਸਾ ਰੋਡ ’ਤੇ ਕੋਟਸ਼ਮੀਰ ਦੀ ਹੱਦ ਵਿਚ ਇਕ ਖਤਰਨਾਕ ਮੋੜ ਵਾਹਨ ਚਾਲਕਾਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਇਸ ਮੋੜ ’ਤੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਹਾਦਸੇ ਵਾਪਰ ਰਹੇ ਹਨ, ਜਿਸ ਦਾ ਮੁੱਖ ਕਾਰਨ ਰਾਤ ਸਮੇਂ ਤਿੱਖੇ ਮੋੜ ਦਾ ਸਹੀ ਢੰਗ ਨਾਲ ਪਤਾ ਨਾ ਲੱਗਣਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਤਕਰੀਬਨ 1 ਵਜੇ ਇਸੇ ਮੋੜ ’ਤੇ ਇੱਕ ਟਰੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ ਚਾਲਕ ਨੂੰ ਰਾਤ ਦੇ ਹਨੇਰੇ ਵਿੱਚ ਮੋੜ ਦਾ ਅੰਦਾਜ਼ਾ ਨਾ ਲੱਗਣ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਸਿੱਧਾ ਸੜਕ ਕਿਨਾਰੇ ਲੱਗੇ ਜੰਡ ਦੇ ਦਰੱਖਤ ਨਾਲ ਜਾ ਟਕਰਾਇਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਨਾਲ ਲੱਗਦੇ ਘਰਾਂ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੁਸ਼ਕਿਲ ਨਾਲ ਟਰੱਕ ਵਿੱਚ ਫਸੇ ਡਰਾਈਵਰ ਨੂੰ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਡਰਾਈਵਰ ਦੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ, ਪਰ ਟਰੱਕ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮੋੜ ’ਤੇ ਇੱਕ ਮਹੀਨੇ ਦੇ ਸਮੇਂ ਵਿੱਚ ਪੰਜ ਦੇ ਕਰੀਬ ਹਾਦਸੇ ਵਾਪਰ ਚੁੱਕੇ ਜਿਨਾਂ ਕਾਰਨ 2 ਕੀਮਤੀ ਜਾਨਾ ਵੀ ਚਲੀਆਂ ਗਈਆਂ ਹਨ। ਖਤਰਨਾਕ ਮੋੜ ਤੋਂ ਵਾਹਨ ਆਪਣਾ ਸੰਤੁਲਨ ਗਵਾ ਬੈਠਦਾ ਹੈ ਤੇ ਸੜਕ ਕਿਨਾਰੇ ਲੱਗੇ ਜੰਡ ਦੇ ਦਰੱਖਤ ਨਾਲ ਟਕਰਾ ਜਾਂਦਾ ਹੈ। ਲੋਕਾਂ ਦਾ ਕਹਿਣਾ ਕਿ ਜੰਡ ਧਾਰਮਿਕ ਆਸਥਾ ਨਾਲ ਵੀ ਜੁੜਿਆ ਹੋਇਆ ਹੈ, ਪਰ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਇੱਥੇ ਸੁਰੱਖਿਆ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖਤਰਨਾਕ ਮੋੜ ’ਤੇ ਰਿਫਲੈਕਟਰ, ਚੇਤਾਵਨੀ ਬੋਰਡ, ਲਾਈਟਾਂ ਅਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਸ ਮੋੜ ’ਤੇ ਹਰ ਮਹੀਨੇ ਇੱਕ-ਦੋ ਹਾਦਸੇ ਹੋਣੇ ਤੈਅ ਜਾਪਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਇਸ ਪਾਸੇ ਧਿਆਨ ਦੇ ਕੇ ਕੋਈ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ।