ਤਖਤਾਂ ਦੀ ਸੇਵਾ-ਸੰਭਾਲ ਦਾ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਮੇਂ ਦੀ ਸਭ ਤੋਂ ਵੱਡੀ ਲੋੜ: ਪੰਚ ਪ੍ਰਧਾਨੀ ਜਥਾ
ਤਖਤਾਂ ਦੀ ਸੇਵਾ-ਸੰਭਾਲ ਦਾ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਮੇਂ ਦੀ ਸਭ ਤੋਂ ਵੱਡੀ ਲੋੜ: ਪੰਚ ਪ੍ਰਧਾਨੀ ਜਥਾ
Publish Date: Thu, 25 Jun 2026 05:10 PM (IST)
Updated Date: Thu, 25 Jun 2026 05:13 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ ਅਕਾਲ ਤਖਤ ਸਾਹਿਬ ਦੀ ਸਾਖ ਨੂੰ ਲੱਗ ਰਹੀ ਢਾਹ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅੱਜ ਜਾਰੀ ਸਾਂਝੇ ਬਿਆਨ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੇ ਅਕਾਲੀ ਪਾਤਿਸ਼ਾਹੀ ਦਾਅਵੇ ਦੇ ਪ੍ਰਗਟਾਵੇ ਦਾ ਸਰਵਉੱਚ ਅਸਥਾਨ ਹੈ ਅਤੇ ਇਸ ਨੂੰ ਵੋਟ-ਸਿਆਸਤ ਦੇ ਟਕਰਾਵਾਂ ਦਾ ਮੰਚ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਾਲੀਆ ਸਮੇਂ ਵਿੱਚ ਅਜਿਹੇ ਮਸਲੇ ਅਕਾਲ ਤਖਤ ਸਾਹਿਬ ਤੋਂ ਵਿਚਾਰੇ ਅਤੇ ਐਲਾਨੇ ਜਾ ਰਹੇ ਹਨ, ਜਿਨ੍ਹਾਂ ਨੂੰ ਸਿਧਾਂਤਕ ਤੌਰ ਤੇ ਉੱਥੇ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫੈਸਲਿਆਂ, ਕਥਿਤ ਸਤਿਕਾਰ ਸੋਧ ਕਾਨੂੰਨ 2026 ਨੂੰ ਰੱਦ ਕਰਵਾਉਣ ਦੀ ਥਾਂ ਇਸ ਵਿਚ ਕੁਝ ਸੋਧਾਂ ਕਰਵਾਉਣ ਦੀ ਨੁਕਸਦਾਰ ਪਹੁੰਚ ਅਤੇ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਨਾਲ ਜੁੜੇ ਮਾਮਲੇ ਵਿੱਚ ਪੰਥਕ ਸਰੋਕਾਰਾਂ ਦੀ ਥਾਂ ਵੋਟ-ਸਿਆਸਤ ਹਾਵੀ ਨਜ਼ਰ ਆ ਰਹੀ ਹੈ। ਇਸ ਕਾਰਨ ਵੱਖ-ਵੱਖ ਸਿਆਸੀ ਧਿਰਾਂ ਆਪਣੇ-ਆਪਣੇ ਮੁਫਾਦਾਂ ਲਈ ਅਕਾਲ ਤਖਤ ਸਾਹਿਬ ਦੀ ਵਰਤੋਂ ਕਰ ਰਹੀਆਂ ਹਨ, ਜਿਸ ਨਾਲ ਇਸ ਦੀ ਸਰਵਉੱਚਤਾ ਅਤੇ ਸਾਖ ਨੂੰ ਠੇਸ ਪਹੁੰਚ ਰਹੀ ਹੈ। ਆਪ ਸਰਕਾਰ ਵੱਲੋਂ ਵੀਡੀਓ ਵਿਵਾਦ ਵਿਚੋਂ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਅਣਅਧਿਕਾਰਤ ਲੈਬ ਵਿਚੋਂ ਫਰਜ਼ੀ ਰਿਪੋਰਟ ਤਿਆਰ ਕਰਵਾਉਣਾ ਦਰਸਾਉਂਦਾ ਹੈ ਕਿ ਸਰਕਾਰ ਸੱਚਾਈ ਨੂੰ ਦਬਾਉਣ ਦੇ ਯਤਨਾਂ ਵਿਚ ਹੈ। ਦੂਜੇ ਪਾਸੇ ਬਾਦਲ ਦਲ, ਕਾਂਗਰਸ ਤੇ ਭਾਜਪਾ ਜਿਹੜੇ ਕ੍ਰਮਵਾਰ ਅਕਾਲ ਤਖਤ ਦੇ ਸਿਧਾਂਤ ਨੂੰ ਢਾਹ ਲਾਉਣ ਤੇ ਇਸ ’ਤੇ ਫੌਜੀ ਹਮਲਾ ਕਰਨ ਤੇ ਕਰਵਾਉਣ ਦੇ ਦੋਸ਼ੀ ਹਨ, ਉਹ ਹੁਣ ਖੁਦ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਦੱਸ ਰਹੇ ਹਨ। ਸੱਚਾਈ ਇਹ ਹੈ ਕਿ ਇਨ੍ਹਾਂ ਪਾਰਟੀਆਂ ਨੇ ਕਦੇ ਵੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਢਾਹ ਲਾਉਣ ਤੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਵਾਉਣ ਦੀ ਮਾਫੀ ਨਹੀਂ ਮੰਗੀ। ਪੰਥ ਸੇਵਕਾਂ ਨੇ ਕਿਹਾ ਕਿ ਮੌਜੂਦਾ ਸਮੇਂ ਤਖਤ ਸਾਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਅਨੁਸਾਰੀ ਨਿਰਪੱਖ, ਨਿਸ਼ਕਾਮ ਅਤੇ ਸੁਤੰਤਰ ਨਹੀਂ ਰਿਹਾ। ਇਸ ਉੱਤੇ ਸਰਕਾਰਾਂ ਅਤੇ ਵੋਟ-ਸਿਆਸਤ ਦਾ ਦਖਲ ਵਧਦਾ ਗਿਆ ਹੈ। ਉਨ੍ਹਾਂ ਖਾਸ ਤੌਰ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਉੱਤੇ ਸਰਕਾਰੀ ਗਲਬਾ ਵਧਾਉਣ ਲਈ ਨਵਾਂ ਕਾਨੂੰਨ ਲਿਆਉਣ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸਮੁੱਚੇ ਸਿੱਖ ਜਗਤ ਵੱਲੋਂ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਮੌਜੂਦਾ ਹਾਲਾਤਾਂ ਵਿੱਚ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦੀ ਸ਼ਮੂਲੀਅਤ ਨਾਲ ਤਖਤ ਸਾਹਿਬਾਨ ਦੀ ਸੇਵਾ-ਸੰਭਾਲ ਲਈ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਿਰਜਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸੇ ਉਦੇਸ਼ ਨਾਲ ਪੰਚ ਪ੍ਰਧਾਨੀ ਜਥਾ ਸਰਬੱਤ ਖਾਲਸਾ ਅਤੇ ਗੁਰਮਤੇ ਦੇ ਵਿਧੀ-ਵਿਧਾਨ ਬਾਰੇ ਸਾਂਝਾ ਪੰਥਕ ਦਸਤਾਵੇਜ਼ ਤਿਆਰ ਕਰ ਰਿਹਾ ਹੈ, ਜਿਸ ਨੂੰ ਜਲਦ ਹੀ ਪੰਥਕ ਵਿਚਾਰ-ਵਟਾਂਦਰੇ ਲਈ ਪੇਸ਼ ਕੀਤਾ ਜਾਵੇਗਾ।