ਛੇ ਦਿਨਾਂ ਬਾਅਦ ਚੱਲਿਆ ਸੇਵਾ ਕੇਂਦਰਾਂ ਦਾ ਸਰਵਰ, 22,861 ਅਰਜ਼ੀਆਂ ਅਜੇ ਵੀ ਪੈਂਡਿੰਗ
ਛੇ ਦਿਨਾਂ ਬਾਅਦ ਚੱਲਿਆ ਸੇਵਾ ਕੇਂਦਰਾਂ ਦਾ ਸਰਵਰ, 22,861 ਅਰਜ਼ੀਆਂ ਅਜੇ ਵੀ ਪੈਂਡਿੰਗ
Publish Date: Thu, 25 Jun 2026 04:29 PM (IST)
Updated Date: Thu, 25 Jun 2026 04:31 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪਿਛਲੇ ਛੇ ਦਿਨਾਂ ਤੋਂ ਸਰਵਰ ਡਾਊਨ ਹੋਣ ਕਾਰਨ ਠੱਪ ਪਈਆਂ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵੀਰਵਾਰ ਨੂੰ ਮੁੜ ਸ਼ੁਰੂ ਹੋ ਗਈਆਂ, ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤਕ ਰਾਹਤ ਮਿਲੀ ਹੈ, ਪਰ ਇਸਦੇ ਬਾਵਜੂਦ ਅਰਜ਼ੀਆਂ ਦਾ ਨਿਪਟਾਰਾ ਬਹੁਤ ਧੀਮੀ ਗ਼ਤੀ ਵਿਚ ਹੋਇਆ। ਸਰਵਰ ਚਾਲੂ ਹੋਣ ਤੋਂ ਬਾਅਦ ਵੱਖ-ਵੱਖ ਸਰਟੀਫਿਕੇਟਾਂ, ਦਸਤਾਵੇਜ਼ਾਂ ਤੇ ਹੋਰ ਸਰਕਾਰੀ ਸੇਵਾਵਾਂ ਲਈ ਆਉਣ ਵਾਲੇ ਲੋਕਾਂ ਦੇ ਕੰਮ ਮੁੜ ਸ਼ੁਰੂ ਹੋਏ। ਹਾਲਾਂਕਿ ਸਰਵਰ ਬੰਦ ਰਹਿਣ ਕਾਰਨ ਇਕੱਠੀਆਂ ਹੋਈਆਂ ਅਰਜ਼ੀਆਂ ਦਾ ਬੋਝ ਅਜੇ ਵੀ ਕਾਫੀ ਜ਼ਿਆਦਾ ਹੈ ਅਤੇ ਜ਼ਿਲ੍ਹੇ ਅੰਦਰ 22,861 ਅਰਜ਼ੀਆਂ ਦਾ ਨਿਪਟਾਰਾ ਹੋਣਾ ਬਾਕੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਕੁੱਲ 32 ਸੇਵਾ ਕੇਂਦਰ ਕੰਮ ਕਰ ਰਹੇ ਹਨ, ਜਿੱਥੇ ਲੋਕਾਂ ਨੂੰ 350 ਤੋਂ ਵੱਧ ਕਿਸਮਾਂ ਦੀਆਂ ਸਰਕਾਰੀ ਅਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਸੇਵਾਵਾਂ ਵਿਚ ਜਨਮ ਅਤੇ ਮੌਤ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ ਸਬੰਧੀ ਕੰਮ, ਬਿਜਲੀ ਤੇ ਪਾਣੀ ਦੇ ਬਿੱਲਾਂ ਦੀ ਅਦਾਇਗੀ, ਲਾਇਸੈਂਸ ਅਤੇ ਹੋਰ ਕਈ ਅਹਿਮ ਸੇਵਾਵਾਂ ਸ਼ਾਮਲ ਹਨ। ਸਰਵਰ ਬੰਦ ਰਹਿਣ ਕਾਰਨ ਇਹ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਰੋਜ਼ਾਨਾ ਆਪਣੇ ਕੰਮਾਂ ਲਈ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਵੀਰਵਾਰ ਨੂੰ ਸਰਵਰ ਚਾਲੂ ਹੋਣ ਤੋਂ ਬਾਅਦ ਸੇਵਾ ਕੇਂਦਰਾਂ ਵਿਚ ਮੁੜ ਰੌਣਕ ਵੇਖਣ ਨੂੰ ਮਿਲੀ। ਅੰਕੜਿਆਂ ਅਨੁਸਾਰ ਇਕ ਹੀ ਦਿਨ ਵਿਚ 631 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 497 ਅਰਜ਼ੀਆਂ ਦਾ ਨਿਪਟਾਰਾ ਵੀ ਕਰ ਦਿੱਤਾ ਗਿਆ। ਬਾਕੀ ਅਰਜ਼ੀਆਂ ਤੇ ਕਾਰਵਾਈ ਜਾਰੀ ਹੈ। ਸਰਵਰ ਠੀਕ ਹੋਣ ਦੀ ਖ਼ਬਰ ਮਿਲਦੇ ਹੀ ਸਵੇਰ ਤੋਂ ਹੀ ਲੋਕ ਸੇਵਾ ਕੇਂਦਰਾਂ ਵਿਚ ਪੁੱਜਣੇ ਸ਼ੁਰੂ ਹੋ ਗਏ ਸਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਦਿਨਾਂ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਿਦਿਆਰਥੀਆਂ ਨੂੰ ਦਾਖਲਿਆਂ ਲਈ ਲੋੜੀਂਦੇ ਸਰਟੀਫਿਕੇਟ ਨਹੀਂ ਮਿਲ ਸਕੇ, ਜਦਕਿ ਨੌਕਰੀਆਂ ਅਤੇ ਹੋਰ ਸਰਕਾਰੀ ਕੰਮਾਂ ਲਈ ਦਸਤਾਵੇਜ਼ਾਂ ਦੀ ਲੋੜ ਰੱਖਣ ਵਾਲੇ ਲੋਕ ਵੀ ਪ੍ਰੇਸ਼ਾਨ ਰਹੇ। ਕਈ ਲੋਕ ਦੂਰ-ਦਰਾਜ਼ ਪਿੰਡਾਂ ਤੋਂ ਵਾਰ-ਵਾਰ ਸੇਵਾ ਕੇਂਦਰਾਂ ਦੇ ਚੱਕਰ ਲਗਾਉਂਦੇ ਰਹੇ, ਪਰ ਸਰਵਰ ਬੰਦ ਹੋਣ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਵੀ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਭਾਵਿਤ ਰਹੀ ਸੀ। ਹੜਤਾਲ ਦੇ ਦੌਰਾਨ ਵੀ ਲੋਕਾਂ ਦੇ ਬਹੁਤ ਸਾਰੇ ਕੰਮ ਰੁਕੇ ਰਹੇ ਸਨ। ਹੜਤਾਲ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਹੁਣ ਸੇਵਾਵਾਂ ਆਮ ਵਾਂਗ ਚੱਲਣ ਲੱਗਣਗੀਆਂ, ਪਰ ਇਸੇ ਦੌਰਾਨ ਸਰਵਰ ਵਿੱਚ ਆਈ ਤਕਨੀਕੀ ਖ਼ਰਾਬੀ ਨੇ ਇਕ ਵਾਰ ਫਿਰ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਨਤੀਜੇ ਵਜੋਂ ਅਰਜ਼ੀਆਂ ਦਾ ਬੈਕਲਾਗ ਲਗਾਤਾਰ ਵਧਦਾ ਗਿਆ। ਸੇਵਾ ਕੇਂਦਰਾਂ ਦੇ ਕਰਮਚਾਰੀਆਂ ਅਨੁਸਾਰ ਸਰਵਰ ਠੀਕ ਹੋਣ ਤੋਂ ਬਾਅਦ ਹੁਣ ਪੈਂਡਿੰਗ ਅਰਜ਼ੀਆਂ ਦੇ ਨਿਪਟਾਰੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਰਮਚਾਰੀ ਵਾਧੂ ਕੰਮ ਕਰਕੇ ਬੈਕਲਾਗ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਵਰ ਲਗਾਤਾਰ ਸੁਚਾਰੂ ਢੰਗ ਨਾਲ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਕਮੀ ਆ ਸਕਦੀ ਹੈ। ਉੱਧਰ ਲੋਕਾਂ ਨੇ ਮੰਗ ਕੀਤੀ ਹੈ ਕਿ ਸੇਵਾ ਕੇਂਦਰਾਂ ਦੀ ਆਨਲਾਈਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਕਾਰਨ ਜਨਤਾ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਜ਼ਿਆਦਾਤਰ ਸਰਕਾਰੀ ਸੇਵਾਵਾਂ ਡਿਜ਼ੀਟਲ ਮਾਧਿਅਮ ਨਾਲ ਜੁੜੀਆਂ ਹੋਈਆਂ ਹਨ ਅਤੇ ਸਰਵਰ ਬੰਦ ਹੋਣ ਦਾ ਸਿੱਧਾ ਅਸਰ ਆਮ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਤੇ ਪੈਂਦਾ ਹੈ। ਫਿਲਹਾਲ ਛੇ ਦਿਨਾਂ ਦੀ ਲੰਬੀ ਉਡੀਕ ਤੋਂ ਬਾਅਦ ਸਰਵਰ ਮੁੜ ਚਾਲੂ ਹੋਣ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਪਰ 22,861 ਪੈਂਡਿੰਗ ਅਰਜ਼ੀਆਂ ਦਾ ਬੋਝ ਪ੍ਰਸ਼ਾਸਨ ਅਤੇ ਸੇਵਾ ਕੇਂਦਰਾਂ ਲਈ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਸ ਬੈਕਲਾਗ ਨੂੰ ਕਿੰਨੀ ਜਲਦੀ ਖ਼ਤਮ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਕਿਵੇਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।