ਝੋਨੇ ਦੀ ਮਸ਼ੀਨੀ ਲੁਆਈ ਨੂੰ ਉਤਸ਼ਾਹਿਤ ਕਰਨ ਲਈ ਖੇਤਾਂ ਦਾ ਦੌਰਾ
ਝੋਨੇ ਦੀ ਮਸ਼ੀਨੀ ਲੁਆਈ ਨੂੰ ਉਤਸ਼ਾਹਿਤ ਕਰਨ ਲਈ ਖੇਤਾਂ ਦਾ ਦੌਰਾ
Publish Date: Wed, 24 Jun 2026 05:19 PM (IST)
Updated Date: Wed, 24 Jun 2026 05:22 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿਖਲਾਈ) ਦੀ ਅਗਵਾਈ ਹੇਠ ਝੋਨੇ ਦੀ ਮਸ਼ੀਨੀ ਲੁਆਈ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਦੇ ਉਦੇਸ਼ ਨਾਲ ਝੋਨੇ ਦੀ ਮਸ਼ੀਨ ਨਾਲ ਲੁਆਈ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੂੰ ਮਸ਼ੀਨੀ ਲੁਆਈ ਦੇ ਲਾਭਾਂ ਅਤੇ ਇਸ ਨਾਲ ਸਬੰਧਿਤ ਵਿਗਿਆਨਕ ਸਿਫ਼ਾਰਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੇਤੀ ਮਜ਼ਦੂਰਾਂ ਦੀ ਘਾਟ ਅਤੇ ਵਧ ਰਹੀਆਂ ਖੇਤੀ ਲਾਗਤਾਂ ਦੇ ਮੱਦੇਨਜ਼ਰ ਮਸ਼ੀਨੀ ਲੁਆਈ ਕਿਸਾਨਾਂ ਲਈ ਇਕ ਲਾਹੇਵੰਦ, ਕਿਫ਼ਾਇਤੀ ਅਤੇ ਸਮੇਂ ਦੀ ਬਚਤ ਕਰਨ ਵਾਲਾ ਵਿਕਲਪ ਬਣ ਕੇ ਉਭਰੀ ਹੈ। ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਮਸ਼ੀਨੀ ਲੁਆਈ ਅਪਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਨੇ ਪਿੰਡ ਜੋਗਾਨੰਦ ਦੇ ਅਗਾਂਹਵਧੂ ਕਿਸਾਨ ਸ. ਹਰਦੀਪ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ, ਜੋ ਲਗਭਗ 50 ਏਕੜ ਰਕਬੇ ਵਿੱਚ ਮਸ਼ੀਨ ਰਾਹੀਂ ਝੋਨੇ ਦੀ ਲੁਆਈ ਕਰ ਰਹੇ ਹਨ। ਮਾਹਿਰਾਂ ਨੇ ਖੇਤਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸ. ਹਰਦੀਪ ਸਿੰਘ ਨਾਲ ਮਸ਼ੀਨੀ ਲੁਆਈ ਦੇ ਤਜਰਬੇ ਅਤੇ ਇਸ ਦੇ ਲਾਭਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨਾਂ ਦੇ ਸਫ਼ਲ ਤਜਰਬੇ ਹੋਰ ਕਿਸਾਨਾਂ ਲਈ ਪ੍ਰੇਰਣਾਸਰੋਤ ਬਣਦੇ ਹਨ। ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ (ਪਸਾਰ ਸਿੱਖਿਆ) ਨੇ ਦੱਸਿਆ ਕਿ ਮਸ਼ੀਨੀ ਲੁਆਈ ਨਾ ਸਿਰਫ਼ ਮਜ਼ਦੂਰੀ ਦੀ ਲਾਗਤ ਘਟਾਉਂਦੀ ਹੈ, ਸਗੋਂ ਸਮੇਂ ਦੀ ਬਚਤ, ਪਾਣੀ ਦੀ ਸੁਚੱਜੀ ਵਰਤੋਂ ਅਤੇ ਫਸਲ ਦੀ ਇਕਸਾਰ ਵਾਧਾ ਵੀ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕ ਖੇਤੀ ਨੂੰ ਹੋਰ ਟਿਕਾਊ ਅਤੇ ਲਾਭਕਾਰੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਡਾ. ਰਮਨਦੀਪ ਕੌਰ ਨੇ ਝੋਨੇ ਦੀ ਮਸ਼ੀਨੀ ਲੁਆਈ, ਮੈਟ ਨਰਸਰੀ ਰਾਹੀਂ ਪਨੀਰੀ ਦੀ ਤਿਆਰੀ, ਖਾਦ ਪ੍ਰਬੰਧਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੈਟ ਵਿਧੀ ਨਾਲ ਤਿਆਰ ਕੀਤੀ ਗਈ ਪਨੀਰੀ 25 ਤੋਂ 30 ਦਿਨਾਂ ਵਿੱਚ ਲੁਆਈ ਲਈ ਤਿਆਰ ਹੋ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਨੀਰੀ ਪੁੱਟਣ ਤੋਂ ਕੁਝ ਘੰਟੇ ਪਹਿਲਾਂ ਨਰਸਰੀ ਵਿੱਚੋਂ ਪਾਣੀ ਕੱਢ ਦੇਣਾ ਚਾਹੀਦਾ ਹੈ, ਜਿਸ ਨਾਲ ਪਨੀਰੀ ਦੀ ਗੁਣਵੱਤਾ ਅਤੇ ਮਸ਼ੀਨੀ ਲੁਆਈ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਉਂਦਾ ਹੈ। ਇਸ ਦੌਰਾਨ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਅਤੇ ਪਾਣੀ ਦੀ ਜਾਂਚ, ਕੀਟ ਪ੍ਰਬੰਧਨ ਅਤੇ ਫਸਲਾਂ ਦੀ ਵਿਗਿਆਨਕ ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਗਿਆ। ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣ ਤਾਂ ਜੋ ਉਤਪਾਦਨ ਲਾਗਤ ਘਟਾ ਕੇ ਵੱਧ ਮੁਨਾਫ਼ਾ ਹਾਸਲ ਕੀਤਾ ਜਾ ਸਕੇ। ਇਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਝੋਨੇ ਦੀ ਮਸ਼ੀਨੀ ਲੁਆਈ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਠਿੰਡਾ ਵੱਲੋਂ ਬਿਕਰਮਜੀਤ ਸਿੰਘ ਬਾਜਵਾ, ਖੇਤੀਬਾੜੀ ਵਿਸਥਾਰ ਅਫਸਰ ਅਤੇ ਸੁਖਪਾਲ ਸ਼ਰਮਾ, ਖੇਤੀਬਾੜੀ ਸਬ-ਇੰਸਪੈਕਟਰ ਆਦਿ ਹਾਜ਼ਰ ਸਨ।