- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸਮਾਣਾ ਦੇ ਪਹਿਲੇ ਗਵਰਨਰ ਸ਼ਹੀਦ ਭਾਈ ਫਤਿਹ ਸਿੰਘ

ਹਰਮੇਲ ਸਾਗਰ, ਪੰਜਾਬੀ ਜਾਗਰਣ
ਭੁੱਚੋ ਮੰਡੀ
ਸਿੱਖ ਇਤਿਹਾਸ ਸ਼ਹਾਦਤਾਂ, ਕੁਰਬਾਨੀਆਂ ਅਤੇ ਬਹਾਦਰੀ ਦੀਆਂ ਅਮਰ ਗਾਥਾਵਾਂ ਨਾਲ ਭਰਿਆ ਪਿਆ ਹੈ। ਇਸ ਇਤਿਹਾਸ ਵਿਚ ਅਨੇਕਾਂ ਅਜਿਹੇ ਸੂਰਮੇ ਹੋਏ ਜਿਨ੍ਹਾਂ ਨੇ ਧਰਮ, ਮਨੁੱਖਤਾ ਅਤੇ ਇਨਸਾਫ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਨ੍ਹਾਂ ਮਹਾਨ ਯੋਧਿਆਂ ਵਿਚ ‘ਸ਼ਹੀਦ ਭਾਈ ਫਤਿਹ ਸਿੰਘ’ ਦਾ ਨਾਮ ਬੜੇ ਆਦਰ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਸਾਥੀਆਂ ਵਿਚੋਂ ਇੱਕ ਸਨ ਅਤੇ ਮਾਲਵਾ ਖੇਤਰ ਵਿਚ ਸਿੱਖ ਧਰਮ ਦੇ ਮਹਾਨ ਗੁਰਸਿੱਖ ਭਾਈ ਭਗਤੂ ਜੀ ਦੇ ਪਰਪੋਤਰੇ ਸਨ। ਭਾਈ ਫਤਿਹ ਸਿੰਘ ਦਾ ਜੀਵਨ ਸਿਰਫ਼ ਇਕ ਯੋਧੇ ਦੀ ਕਹਾਣੀ ਨਹੀਂ, ਸਗੋਂ ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ, ਧਰਮ ਦੀ ਰੱਖਿਆ ਅਤੇ ਜ਼ੁਲਮ ਦੇ ਖ਼ਿਲਾਫ਼ ਸੰਘਰਸ਼ ਦਾ ਪ੍ਰਤੀਕ ਹੈ। ਭਾਈ ਭਗਤੂ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਗੁਰਸਿੱਖ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮ ਦਾਸ ਜੀ, ਗੁਰੂ ਅਰਜਣ ਦੇਵ ਜੀ, ਗੁਰੁ ਹਰਗੋਬਿੰਦ ਜੀ ਅਤੇ ਗੁਰੁ ਹਰ ਰਾਏ ਸਾਹਿਬ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਕਰਕੇ ਉਨ੍ਹਾ ਨੂੰ ‘ਭਾਈਕੇ’ ਦਾ ਮਾਣ ਮਿਲਿਆ ਅੱਜ ਵੀ ਉਨ੍ਹਾਂ ਦੀ ਅੰਸ਼-ਵੰਸ਼ ਨੂੰ ਭਾਈਕੇ ਕਹਿਕੇ ਨਿਵਾਜਿਆ ਜਾਂਦਾਂ ਹੈ। ਗੁਰੂ ਘਰ ਨਾਲ ਜੁੜੀ ਇਸ ਮਹਾਨ ਪਰੰਪਰਾ ਨੇ ਹੀ ਅਗਲੀਆਂ ਪੀੜ੍ਹੀਆਂ ਵਿਚ ਸਿੱਖੀ ਅਤੇ ਸ਼ਹਾਦਤ ਦੀ ਭਾਵਨਾ ਪੈਦਾ ਕੀਤੀ। ਇਸੇ ਵੰਸ਼ ਵਿੱਚ ਭਾਈ ਫਤਿਹ ਸਿੰਘ ਵਰਗਾ ਮਹਾਨ ਯੋਧਾ ਪੈਦਾ ਹੋਇਆ ਜਿਸ ਨੇ ਖਾਲਸਾ ਪੰਥ ਦੀ ਆਨ ਅਤੇ ਸ਼ਾਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਮਾਲਵਾ ਖੇਤਰ ਦੇ ਜ਼ਿਲ੍ਹਾ ਬਠਿੰਡਾ ਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਭਾਈ ਫਤਿਹ ਸਿੰਘ ਜੀ ਦੇ ਨਾਮ ’ਤੇ ਬਣਿਆ। ਇਸ ਪਿੰਡ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਏ ਅਤੇ ਕੁਝ ਸਮਾਂ ਇੱਥੇ ਠਹਿਰੇ ਸਨ। ਗੁਰੂ ਸਾਹਿਬ ਦੀ ਚਰਨ ਛੋਹ ਨਾਲ ਇਹ ਧਰਤੀ ਪਾਵਨ ਹੋਈ ਅਤੇ ਇੱਥੇ ਸਿੱਖੀ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਈਆਂ। ਅੱਜ ਵੀ ਗੁਰੂ ਸਾਹਿਬ ਨਾਲ ਸਬੰਧਤ ਤੇ ਹੋਰ ਪਾਵਨ ਨਿਸ਼ਾਨੀਆਂ ਗੁਰਦੁਆਰਾ ਮਾਤਾ ਦੇਸ਼ਾ ਵਿਖੇ ਸਾਭਕੇ ਰੱਖੀਆ ਹੋਈਆਂ ਹਨ ਇੱਥੇ ਗੁਰਦੁਆਰਾ ਪਾਤਸ਼ਾਹੀ ਦਸਵੀ ਵੀ ਸ਼ੁਸੋਭਿਤ ਹਨ, ਜਿੱਥੇ ਸੰਗਤਾਂ ਦੂਰੋ-ਨੇੜਿਓ ਦਰਸ਼ਨ ਕਰਦੀਆਂ ਹਨ। ਉਨ੍ਹਾਂ ਦੀ ਯਾਦ ਵਿਚ 18 ਜੇਠ ਨੂੰ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾਂ ਹੈ। ਪਿੰਡ ਵਿਚ ਸ਼ਹੀਦ ਭਾਈ ਫਤਿਹ ਸਿੰਘ ਜੀ ਦੀ ਯਾਦ ਵਿੱਚ ਸੁੰਦਰ ਪਾਰਕ ਬਣਿਆ ਹੈ ਜਿਸ ਵਿੱਚ ਉਨ੍ਹਾਂ ਦਾ ਸੁੰਦਰ ਸਰੂਪ ਸਥਾਪਿਤ ਹੈ, ਜਿਸ ਦੀ ਸਾਂਭ ਸੰਭਾਲ ਸ਼ਹੀਦ ਭਾਈ ਫਤਿਹ ਸਿੰਘ ਵੈਲਫੇਅਰ ਸੋਸਾਇਟੀ ਦੁਆਰਾ ਕੀਤੀ ਜਾ ਰਹੀ ਹੈ। ਇਸ ਪਿੰਡ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ਼. ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਹੋਣ ਦਾ ਵੀ ਮਾਣ ਹੈ।
ਇਤਿਹਾਸਕਾਰਾ ਅਨੁਸਾਰ 1704 ਵਿਚ ਸਰਹਿੰਦ ਦੇ ਹਾਕਮ ਵਜ਼ੀਰ ਖਾਨ ਦੇ ਹੁਕਮਾਂ ਹੇਠ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਜ਼ਿੰਦਾ ਨੀਹਾਂ ਵਿਚ ਚਿਣਵਾ ਦਿੱਤਾ ਗਿਆ। ਇਸ ਅੱਤਿਆਚਾਰ ਨੇ ਸਾਰੇ ਸਿੱਖ ਜਗਤ ਨੂੰ ਝੰਜੋੜ ਦਿੱਤਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਦਿਆਂ ਜ਼ੁਲਮ ਦਾ ਅੰਤ ਕਰਨ ਅਤੇ ਇਨਸਾਫ਼ ਕਾਇਮ ਕਰਨ ਦੀ ਜ਼ਿੰਮੇਵਾਰੀ ਸੌਂਪੀ। ਭਾਈ ਫਤਿਹ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਕੇ ਖਾਲਸਾ ਰਾਜ ਦੀ ਸਥਾਪਨਾ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਨਿਡਰ, ਦਲੇਰ ਅਤੇ ਜੰਗੀ ਕਲਾ ਵਿਚ ਨਿਪੁੰਨ ਯੋਧੇ ਸਨ। ਉਨ੍ਹਾਂ ਦੀ ਬਹਾਦਰੀ ਕਾਰਨ ਉਹ ਖਾਲਸਾ ਫੌਜ ਵਿੱਚ ਵਿਸ਼ੇਸ਼ ਸਥਾਨ ਰੱਖਦੇ ਸਨ। 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਸਿੱਖ ਫੌਜਾਂ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀਆਂ ਫੌਜਾਂ ਵਿਚਕਾਰ ਭਿਆਨਕ ਜੰਗ ਹੋਈ। ਇਹ ਜੰਗ ਸਿੱਖ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਜੰਗਾਂ ਵਿਚੋਂ ਇੱਕ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਇਸ ਜੰਗ ਦੌਰਾਨ ਭਾਈ ਫਤਿਹ ਸਿੰਘ ਨੇ ਜਾਲਮ ਵਜ਼ੀਰ ਖਾਨ ਉੱਤੇ ਘਾਤਕ ਵਾਰ ਕਰਕੇ ਉਸ ਦਾ ਸਿਰ ਕਲਮ ਕੀਤਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਵਜ਼ੀਰ ਖਾਨ ਦੀ ਮੌਤ ਨਾਲ ਸਰਹਿੰਦ ਦਾ ਅੱਤਿਆਚਾਰੀ ਰਾਜ ਖ਼ਤਮ ਹੋ ਗਿਆ। ਚੱਪੜਚਿੜੀ ਦੀ ਇਹ ਜਿੱਤ ਖਾਲਸਾ ਪੰਥ ਦੇ ਇਤਿਹਾਸ ਦਾ ਇੱਕ ਸੁਨਹਿਰੀ ਅਧਿਆਇ ਬਣ ਗਈ।“ਸ਼ਹੀਦ ਭਾਈ ਫਤਿਹ ਸਿੰਘ ਸਿਰਫ਼ ਮਹਾਨ ਯੋਧੇ ਹੀ ਨਹੀਂ ਸਨ, ਸਗੋਂ ਖ਼ਾਲਸਾ ਰਾਜ ਦੇ ਪਹਿਲੇ ਪ੍ਰਸ਼ਾਸਕਾਂ ਵਿਚੋਂ ਇਕ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਦੀ ਫਤਿਹ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਦਾ ਫੌਜਦਾਰ (ਗਵਰਨਰ) ਨਿਯੁਕਤ ਕੀਤਾ, ਜਿਸ ਕਾਰਨ ਉਹ ਸਿੱਖ ਰਾਜ ਦੇ ਪਹਿਲੇ ਗਵਰਨਰਾਂ ਵਿਚ ਗਿਣੇ ਜਾਂਦੇ ਹਨ।” ਸਰਹਿੰਦ ਦੀ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਕਾਂ ਨੂੰ ਜ਼ਮੀਨਾਂ ਦੇ ਅਧਿਕਾਰ ਦਿੱਤੇ ਅਤੇ ਜ਼ਾਲਮ ਜਗੀਰਦਾਰੀ ਪ੍ਰਣਾਲੀ ਦਾ ਅੰਤ ਕੀਤਾ। ਭਾਈ ਫਤਿਹ ਸਿੰਘ ਨੇ ਵੀ ਇਸ ਨਵੇਂ ਪ੍ਰਬੰਧ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਇਆ।
ਇਤਿਹਾਸ ਦੱਸਦਾ ਹੈ ਕਿ 1715 ਵਿਚ ਮੁਗਲ ਫੌਜਾਂ ਨੇ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਘੇਰ ਲਿਆ। ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਸਿੱਖ ਯੋਧਿਆਂ ਨੂੰ ਕੈਦ ਕਰ ਲਿਆ ਗਿਆ। ਭਾਈ ਫਤਿਹ ਸਿੰਘ ਵੀ ਆਪਣੇ ਸਾਥੀਆਂ ਸਮੇਤ ਕੈਦ ਕਰਕੇ ਦਿੱਲੀ ਲਿਆਂਦੇ ਗਏ। ਦਿੱਲੀ ਵਿਚ ਸਿੱਖ ਕੈਦੀਆਂ ਨੂੰ ਧਰਮ ਤਿਆਗਣ ਅਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਪਰ ਸਿੱਖ ਯੋਧਿਆਂ ਨੇ ਧਰਮ ਤੋਂ ਮੂੰਹ ਮੋੜਨ ਦੀ ਬਜਾਏ ਸ਼ਹੀਦੀ ਨੂੰ ਤਰਜੀਹ ਦਿੱਤੀ। ਇਤਿਹਾਸ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੈਂਕੜੇ ਸਿੱਖਾਂ ਨੇ ਦਿੱਲੀ ਵਿਚ ਸ਼ਹਾਦਤ ਪ੍ਰਾਪਤ ਕੀਤੀ। ਭਾਈ ਫਤਿਹ ਸਿੰਘ ਨੇ ਵੀ ਗੁਰੂ ਦੇ ਸਿੱਖ ਹੋਣ ਦਾ ਫ਼ਰਜ਼ ਨਿਭਾਉਂਦਿਆਂ ਆਪਣਾ ਸੀਸ ਵਾਰ ਦਿੱਤਾ।
ਅੱਜ ਉਨ੍ਹਾਂ ਦੇ ਸ਼ਹੀਦੀ ਦਿਹੜੇ ਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਅਤੇ ਮਾਲਵਾ ਖੇਤਰ ਦੇ ਲੋਕ ਇਸ ਮਹਾਨ ਯੋਧੇ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ। ਉਨ੍ਹਾਂ ਦੀ ਯਾਦ ਵਿੱਚ ਬਣੀਆਂ ਯਾਦਗਾਰਾਂ ਅਤੇ ਲੋਕ ਪਰੰਪਰਾਵਾਂ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਵਿਰਸੇ ਨਾਲ ਜੋੜਦੀਆਂ ਹਨ। ਸ਼ਹੀਦ ਭਾਈ ਫਤਿਹ ਸਿੰਘ ਦਾ ਜੀਵਨ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਧਰਮ, ਇਨਸਾਫ਼ ਅਤੇ ਸੱਚ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣੀ ਚਾਹੀਦੀ ਹੈ। ਉਹ ਸਿਰਫ਼ ਮਾਲਵਾ ਦੇ ਨਹੀਂ, ਸਗੋਂ ਪੂਰੀ ਸਿੱਖ ਕੌਮ ਦੇ ਅਮਰ ਸੂਰਮੇ ਹਨ ਜਿਨ੍ਹਾਂ ਦੀ ਸ਼ਹਾਦਤ ਅਤੇ ਬਹਾਦਰੀ ਹਮੇਸ਼ਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।