ਭਾਈ ਭਗਤੂ ਜੀ ਦੇ ਜੀਵਨ ਤੇ ਸੇਵਾਵਾਂ ਨੂੰ ਕੀਤਾ ਯਾਦ
ਭਾਈ ਭਗਤੂ ਜੀ ਦੇ ਕਰਤਾਰਪੁਰ ਵਿਖੇ ਅੰਗੀਠਾ ਸਾਹਿਬ ਅਸਥਾਨ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
Publish Date: Wed, 24 Jun 2026 04:00 PM (IST)
Updated Date: Wed, 24 Jun 2026 04:01 PM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਸਿੱਖ ਇਤਿਹਾਸ ਦੇ ਮਹਾਨ ਗੁਰਸਿੱਖ, ਸੇਵਾ, ਸਿਮਰਨ ਅਤੇ ਨਿਮਰਤਾ ਦੇ ਪ੍ਰਤੀਕ ਭਾਈ ਭਗਤੂ ਜੀ ਦੇ ਅੰਗੀਠਾ ਸਾਹਿਬ ਅਸਥਾਨ ਕਰਤਾਰਪੁਰ ਵਿਖੇ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਪੁੱਜੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਅਰਦਾਸ ਵਿਚ ਸ਼ਾਮਲ ਹੋ ਕੇ ਗੁਰੂ ਚਰਨਾਂ ਵਿਚ ਨਤਮਸਤਕ ਹੋਈਆਂ। ਸਮਾਗਮ ਦੌਰਾਨ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਗੁਰੂਆਂ ਨਾਲ ਭਾਈ ਭਗਤੂ ਜੀ ਦਾ ਅਥਾਹ ਪਿਆਰ ਸੀ ਜਿਸ ਸਦਕਾ ਉਨ੍ਹਾਂ ਨੂੰ ਔਲਾਦ ਦੀ ਪ੍ਰਾਪਤੀ ਵੀ ਹੋਈ। ਇਸ ਮੌਕੇ ਸੰਗਤਾਂ ਨੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਕੀਰਤਨ ਸਰਵਣ ਕੀਤਾ। ਉਪਰੰਤ ਅਰਦਾਸ ਕੀਤੀ ਗਈ, ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਭਾਈ ਬਲਜਿੰਦਰ ਸਿੰਘ ਬਬਲਾ ਆਗੂ ਸ਼ਹੀਦ ਭਾਈ ਫਤਿਹ ਸਿੰਘ ਵੈਲਫੇਅਰ ਸੋਸਾਇਟੀ ਚੱਕ ਫਤਿਹ ਸਿੰਘ ਵਾਲਾ, ਭਾਈ ਸੁਖਦੇਵ ਸਿੰਘ ਚੱਕ ਵਖਤੂ ਅਤੇ ਭਾਈ ਪਰਮਿੰਦਰ ਸਿੰਘ ਚੱਕ ਰਾਮ ਸਿੰਘ ਵਾਲਾ ਨੇ ਆਪਣੇ ਮਹਾਨ ਪੁਰਖੇ ਭਾਈ ਭਗਤੂ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਮਹਾਨ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਈ ਭਗਤੂ ਜੀ ਸਿੱਖ ਇਤਿਹਾਸ ਦੇ ਮਹਾਨ ਗੁਰਸਿੱਖ ਸਨ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਘਰ ਦੀ ਸੇਵਾ, ਸੰਗਤ ਦੀ ਭਲਾਈ ਅਤੇ ਗੁਰਮਤਿ ਦੇ ਪ੍ਰਚਾਰ ਲਈ ਸਮਰਪਿਤ ਕੀਤਾ। ਉਹ ਨਿਮਰਤਾ, ਸੇਵਾ, ਪਰਉਪਕਾਰ ਅਤੇ ਗੁਰੂ ਭਗਤੀ ਦੇ ਪ੍ਰਤੀਕ ਸਨ। ਉਨ੍ਹਾਂ ਦਾ ਜੀਵਨ ਅੱਜ ਵੀ ਸੰਗਤਾਂ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਉਨ੍ਹਾਂ ਦੀ ਅੰਸ਼-ਵੰਸ਼ ਨੂੰ ਭਾਈਕੇ ਦੇ ਨਾਮ ਨਾਲ ਨਿਵਾਜਿਆ ਜਾਂਦਾ ਹੈ। ਉਹਨਾਂ ਕਿਹਾ ਕਿ ਭਾਈ ਭਗਤੂ ਜੀ ਦਾ ਜੀਵਨ ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੰਦਾ ਹੈ ਅਤੇ ਸਾਨੂੰ ਉਨ੍ਹਾਂ ਦੇ ਦਰਸਾਏ ਗੁਰਮਤਿ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਦੌਰਾਨ ਜੀਵਨਦੀਪ ਸਿੰਘ ਕਾਹਲੋ ਕਮਿਸ਼ਨਰ, ਬੀਬੀ ਗੁਰਸ਼ਬਨਮ ਕੌਰ ਹੈਪੀ, ਕੁਲਜੀਤ ਸਿੰਘ ਕੀਤੂ, ਮਾਸਟਰ ਜਗਸੀਰ ਸਿੰਘ, ਭੁਪਿੰਦਰ ਸਿੰਘ ਬੱਗਾ ਐਮਡੀ ਸੈਰਾਜੋਤ ਕੰਪਨੀ, ਬਲਤੇਜ ਸਿੰਘ ਕਾਲਾ ਸੀਨੀਅਰ ਪੰਚ, ਡਾ. ਖਿਮਨ ਸਿੰਘ, ਖੁਸ਼ਵੰਤ ਸਿੰਘ ਭੁੱਚੋ ਖੁਰਦ, ਡਾਕਟਰ ਚਿਮਨ ਸਿੰਘ ਗਹਿਲਾਂ, ਹੈਡਮਾਸਟਰ ਚਮਕੌਰ ਸਿੰਘ, ਭਾਈ ਸੁਖਦੇਵ ਸਿੰਘ ਚੱਕ ਬਖਤੂ, ਨਿੱਕਾ, ਗੁਰਜੰਟ ਸਿੰਘ ਜੰਟੀ ਤੋਂ ਇਲਾਵਾ ਰਾਜਨੀਤਿਕ, ਧਾਰਮਿਕ ਆਗੂ ਹਾਜ਼ਰ ਸਨ। ਸਮਾਗਮ ਦੌਰਾਨ ਪਿੰਡ ਚੱਕ ਫਤਿਹ ਸਿੰਘ ਵਾਲਾ, ਚੱਕ ਵਖਤੂ ਅਤੇ ਚੱਕ ਰਾਮ ਸਿੰਘ ਵਾਲਾ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਭਾਈ ਭਗਤੂ ਜੀ ਦੇ ਅੰਗੀਠਾ ਸਾਹਿਬ ਅਸਥਾਨ ਤੇ ਸ਼ਰਧਾਪ ਦੇ ਫੁੱਲ ਭੇਟ ਕੀਤੇ। ਵਾਪਸੀ ਸਮੇਂ ਸੈਰਾਜੋਤ ਕੰਪਨੀ ਦੇ ਸ਼ੋਰੂਮ ਵੱਲੋਂ ਸੰਗਤਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦੀ ਸੰਗਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਅੰਤ ਵਿਚ ਸੰਗਤਾਂ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਮੂਹ ਸੰਗਤ ਨੂੰ ਸੇਵਾ, ਸਿਮਰਨ ਅਤੇ ਗੁਰਮਤਿ ਦੇ ਮਾਰਗ ਤੇ ਚੱਲਣ ਦੀ ਤਾਕਤ ਬਖ਼ਸ਼ਣ। ਧਾਰਮਿਕ ਅਤੇ ਆਧਿਆਤਮਿਕ ਮਾਹੌਲ ਵਿੱਚ ਸੰਪੰਨ ਹੋਇਆ ਇਹ ਸਮਾਗਮ ਸਿੱਖੀ ਦੀ ਸੰਗਤ-ਪੰਗਤ ਅਤੇ ਸੇਵਾ ਦੀ ਮਹਾਨ ਪਰੰਪਰਾ ਦਾ ਸੁੰਦਰ ਪ੍ਰਤੀਕ ਬਣਿਆ।