ਦੋ ਦਿਨ ਬੀਤਣ ਦੇ ਬਾਵਜੂਦ ਅੰਡਰਬ੍ਰਿਜ ’ਚੋਂ ਨਹੀਂ ਨਿਕਲਿਆ ਪਾਣੀ, ਰਿੰਗ ਰੋਡ ਬੰਦ ਹੋਣ ਕਾਰਨ ਸ਼ਹਿਰ ’ਚ ਟਰੈਫਿਕ ਹੋਣ ਲੱਗਾ ਜਾਮ
ਦੋ ਦਿਨ ਬੀਤਣ ਦੇ ਬਾਵਜੂਦ ਅੰਡਰ ਬ੍ਰਿਜ਼ ’ਚੋਂ ਨਹੀਂ ਨਿਕਲਿਆ ਪਾਣੀ
Publish Date: Tue, 23 Jun 2026 03:57 PM (IST)
Updated Date: Tue, 23 Jun 2026 03:58 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਭਾਈ ਮਤੀਦਾਸ ਨਗਰ ਇਲਾਕੇ ਵਿਚ ਰਜਬਾਹਾ ਟੁੱਟਣ ਕਾਰਨ ਰਿੰਗ ਰੋਡ ਤੇ ਸਥਿਤ ਅੰਡਰਬ੍ਰਿਜ ਪਾਣੀ ਨਾਲ ਭਰ ਗਿਆ ਹੈ, ਜਿਸ ਨਾਲ ਇੱਥੋਂ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਅੰਡਰਬ੍ਰਿਜ ਵਿਚ ਕਈ ਕਈ ਫੁੱਟ ਪਾਣੀ ਜਮਾਂ ਹੋਣ ਕਾਰਨ ਰਿੰਗ ਰੋਡ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਸਿੱਧਾ ਅਸਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਤੇ ਪਿਆ ਹੈ ਅਤੇ ਮੁੱਖ ਸੜਕਾਂ ਤੇ ਵਾਹਨਾਂ ਦਾ ਦਬਾਅ ਕਾਫ਼ੀ ਵੱਧ ਗਿਆ ਹੈ। ਹਾਲਾਤ ਇਹ ਹਨ ਕਿ ਸਿਵਲ ਹਸਪਤਾਲ ਤੋਂ ਲੈ ਕੇ ਆਈਟੀਆਈ ਚੌਂਕ ਤਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਆਮ ਦਿਨਾਂ ਨਾਲੋਂ ਕਾਫ਼ੀ ਵੱਧ ਸਮਾਂ ਲੱਗ ਰਿਹਾ ਹੈ। ਰਿੰਗ ਰੋਡ ਦਾ ਇਹ ਅੰਡਰਬ੍ਰਿਜ ਬਠਿੰਡਾ ਸ਼ਹਿਰ ਲਈ ਇੱਕ ਮਹੱਤਵਪੂਰਨ ਆਵਾਜਾਈ ਮਾਰਗ ਮੰਨਿਆ ਜਾਂਦਾ ਹੈ। ਬਰਨਾਲਾ, ਮਾਨਸਾ ਅਤੇ ਹੋਰ ਇਲਾਕਿਆਂ ਵੱਲੋਂ ਆਉਣ ਵਾਲਾ ਅਤੇ ਉੱਥੇ ਜਾਣ ਵਾਲਾ ਵੱਡਾ ਟ੍ਰੈਫਿਕ ਰਿੰਗ ਰੋਡ ਰਾਹੀਂ ਸ਼ਹਿਰ ਦੇ ਅੰਦਰ ਦਾਖ਼ਲ ਹੋਣ ਤੋਂ ਬਿਨਾਂ ਹੀ ਆਪਣੇ ਰਸਤੇ ਨਿਕਲ ਜਾਂਦਾ ਸੀ। ਇਸ ਕਾਰਨ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਟ੍ਰੈਫਿਕ ਦਾ ਬੋਝ ਘੱਟ ਰਹਿੰਦਾ ਸੀ ਅਤੇ ਲੋਕਾਂ ਨੂੰ ਜਾਮ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ। ਪਰ ਅੰਡਰਬ੍ਰਿਜ ਵਿਚ ਪਾਣੀ ਭਰਨ ਤੋਂ ਬਾਅਦ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਨਤੀਜੇ ਵਜੋਂ ਹੁਣ ਸਾਰੇ ਵਾਹਨਾਂ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ਰਾਹੀਂ ਹੀ ਗੁਜ਼ਰਨਾ ਪੈ ਰਿਹਾ ਹੈ। ਇਸ ਕਾਰਨ ਸਿਵਲ ਹਸਪਤਾਲ ਰੋਡ, ਆਈਟੀਆਈ ਚੌਕ, ਭਾਈ ਮਤੀਦਾਸ ਨਗਰ ਅਤੇ ਆਸ-ਪਾਸ ਦੇ ਹੋਰ ਰੁਸ਼ ਵਾਲੇ ਖੇਤਰਾਂ ਵਿਚ ਟ੍ਰੈਫਿਕ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਦਿਨ ਭਰ ਕਈ ਥਾਵਾਂ ਤੇ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ਤੇ ਦਫ਼ਤਰਾਂ ਵਿਚ ਜਾਣ ਵਾਲੇ ਕਰਮਚਾਰੀ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ, ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਅਤੇ ਵਪਾਰਕ ਕੰਮਾਂ ਲਈ ਆਉਣ-ਜਾਣ ਵਾਲੇ ਲੋਕ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਕਈ ਵਾਰ ਵਾਹਨ ਚਾਲਕਾਂ ਨੂੰ ਲੰਬੇ ਸਮੇਂ ਤੱਕ ਟ੍ਰੈਫਿਕ ਵਿਚ ਫਸੇ ਰਹਿਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਉਹ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰ ਰਹੇ ਹਨ। ਰਿੰਗ ਰੋਡ ਰਾਹੀਂ ਸ਼ਹਿਰ ਵਿਚ ਦਾਖ਼ਲ ਹੋਣ ਵਾਲੇ ਕਈ ਵਾਹਨ ਚਾਲਕ ਅੰਡਰਬ੍ਰਿਜ਼ ਤਕ ਪਹੁੰਚਣ ਮਗਰੋਂ ਵਾਪਸ ਮੁੜਨ ਲਈ ਮਜਬੂਰ ਹੋ ਰਹੇ ਹਨ। ਕਈਆਂ ਨੂੰ ਇਸ ਗੱਲ ਦੀ ਪਹਿਲਾਂ ਜਾਣਕਾਰੀ ਨਹੀਂ ਹੁੰਦੀ ਕਿ ਅੰਡਰਬ੍ਰਿਜ਼ ਪਾਣੀ ਨਾਲ ਭਰਿਆ ਹੋਇਆ ਹੈ। ਅਜਿਹੇ ਵਿੱਚ ਉਹ ਉੱਥੇ ਪਹੁੰਚ ਕੇ ਵਾਪਸ ਹੋਰ ਰਸਤਾ ਲੱਭਦੇ ਹਨ, ਜਿਸ ਨਾਲ ਨਾ ਸਿਰਫ਼ ਸਮੇਂ ਦੀ ਬਰਬਾਦੀ ਹੁੰਦੀ ਹੈ, ਸਗੋਂ ਵਾਧੂ ਤੇਲ ਦਾ ਖਰਚ ਹੁੰਦਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸ਼ਹਿਰ ਦੇ ਮੁੱਖ ਦਾਖ਼ਲ ਰਸਤੇ ਅਤੇ ਅਹਿਮ ਚੌਂਕਾਂ ਤੇ ਸੂਚਨਾ ਬੋਰਡ ਲਗਾਉਣੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਪਹਿਲਾਂ ਹੀ ਰਸਤਾ ਬੰਦ ਹੋਣ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਹ ਬਦਲਵੇਂ ਮਾਰਗਾਂ ਦੀ ਵਰਤੋਂ ਕਰ ਸਕਣ। ਇਸ ਨਾਲ ਟ੍ਰੈਫਿਕ ਦਬਾਅ ਨੂੰ ਵੀ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਦੂਜੇ ਪਾਸੇ ਅੰਡਰਬ੍ਰਿਜ਼ ਵਿੱਚ ਭਰੇ ਪਾਣੀ ਦੀ ਨਿਕਾਸੀ ਦਾ ਕੰਮ ਲਗਾਤਾਰ ਜਾਰੀ ਹੈ। ਸਬੰਧਤ ਵਿਭਾਗਾਂ ਦੀਆਂ ਟੀਮਾਂ ਪਾਣੀ ਨੂੰ ਬਾਹਰ ਕੱਢਣ ਲਈ ਮਸ਼ੀਨਾਂ ਅਤੇ ਪੰਪਾਂ ਦੀ ਮਦਦ ਲੈ ਰਹੀਆਂ ਹਨ। ਹਾਲਾਂਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਸਥਿਤੀ ਹਾਲੇ ਤਕ ਆਮ ਨਹੀਂ ਹੋ ਸਕੀ। ਇਕੱਠੇ ਹੋਏ ਪਾਣੀ ਕਾਰਨ ਨਿਕਾਸੀ ਦਾ ਕੰਮ ਉਮੀਦ ਮੁਤਾਬਕ ਤੇਜ਼ੀ ਨਾਲ ਨਹੀਂ ਹੋ ਪਾ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਅਤੇ ਅੰਡਰਬ੍ਰਿਜ ਨੂੰ ਆਵਾਜਾਈ ਲਈ ਸੁਰੱਖਿਅਤ ਬਣਾਉਣ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਉਦੋਂ ਤਕ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪਵੇਗੀ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਟ੍ਰੈਫਿਕ ਪ੍ਰਬੰਧਨ ਲਈ ਵਾਧੂ ਪ੍ਰਬੰਧ ਕੀਤੇ ਜਾਣ। ਲੋਕਾਂ ਦਾ ਕਹਿਣਾ ਹੈ ਕਿ ਰਿੰਗ ਰੋਡ ਅਤੇ ਅੰਡਰਬ੍ਰਿਜ਼ ਬੰਦ ਰਹਿਣ ਕਾਰਨ ਨਾ ਸਿਰਫ਼ ਟ੍ਰੈਫਿਕ ਜਾਮ ਦੀ ਸਮੱਸਿਆ ਵਧੀ ਹੈ, ਸਗੋਂ ਵਪਾਰਕ ਗਤੀਵਿਧੀਆਂ ਅਤੇ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਜਲਦੀ ਹੀ ਪਾਣੀ ਦੀ ਨਿਕਾਸੀ ਪੂਰੀ ਹੋਵੇਗੀ ਅਤੇ ਅੰਡਰਬ੍ਰਿਜ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ, ਜਿਸ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਇਕ ਵਾਰ ਫਿਰ ਸੁਚਾਰੂ ਹੋ ਸਕੇਗੀ।