ਹਲਕਾ ਰਾਮਪੁਰਾ ‘ਚ ਯੂਥ ਕਾਂਗਰਸ ਚੋਣਾਂ ਜਸ਼ਨ ਦੇ ਧੜੇ ਨੇ ਜਿੱਤੀਆਂ
ਹਲਕਾ ਰਾਮਪੁਰਾ ‘ਚ ਯੂਥ ਕਾਂਗਰਸ ਚੋਣਾਂ ਜਸ਼ਨ ਦੇ ਧੜੇ ਨੇ ਜਿੱਤੀਆਂ
Publish Date: Tue, 23 Jun 2026 03:52 PM (IST)
Updated Date: Tue, 23 Jun 2026 03:55 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਲਈ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਵੋਟਾਂ ਰਾਹੀਂ ਚੋਣ ਕੀਤੀ ਗਈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਦੋ ਬਲਾਕਾਂ ਅਤੇ ਹਲਕਾ ਪੱਧਰੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਕਾਂਗਰਸ ਆਗੂ ਜਸ਼ਨ ਧੜੇ ਦੇ ਵਰਕਰਾਂ ਨੇ ਜਸ਼ਨ ਮਨਾਇਆ। ਜਸ਼ਨ ਸਮਰਥਕਾਂ ਦੀ ਜਿੱਤ ਨੂੰ ਹਲਕੇ ਦੀ ਕਾਂਗਰਸ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋਣ ਦੀ ਚਰਚਾ ਛਿੜ ਗਈ। ਯੂਥ ਕਾਂਗਰਸ ਦੇ ਅਹੁਦੇਦਾਰਾਂ ਲਈ ਹੋਈਆਂ ਚੋਣਾਂ ਵਿਚ ਹਲਕਾ ਫੂਲ ਅੰਦਰ ਕਾਂਗਰਸ ਦੇ ਸਰਗਰਮ ਆਗੂ ਅਤੇ ਪਾਰਟੀ ਦੇ ਸੂਬਾਈ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਦੇ ਧੜੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਹਿਮ ਅਹੁਦਿਆਂ ਤੇ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਨੂੰ ਹਲਕੇ ਦੀ ਯੂਥ ਰਾਜਨੀਤੀ ਵਿਚ ਚਹਿਲ ਧੜੇ ਪ੍ਰਤੀ ਨੌਜਵਾਨਾਂ ਦੇ ਵਧ ਰਹੇ ਭਰੋਸੇ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਰਾਮਪੁਰਾ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਗੁਰਵਿੰਦਰ ਸਿੰਘ ਗੋਰਾ ਜੇਤੂ ਰਹੇ, ਜਦਕਿ ਬਲਾਕ ਭਗਤਾ ਤੋਂ ਵੀਰਇੰਦਰ ਸਿੰਘ ਜਲਾਲ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਬਲਾਕ ਫੂਲ ਤੋਂ ਜੈਸ਼ਲਪ੍ਰੀਤ ਸਿੱਧੂ ਮਹਿਰਾਜ ਨੇ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡਦਿਆਂ ਜਿੱਤ ਆਪਣੇ ਨਾਮ ਕੀਤੀ। ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਨੇ ਸਮੂਹ ਜੇਤੂ ਉਮੀਦਵਾਰਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਨੌਜਵਾਨਾਂ ਦੀ ਮਿਹਨਤ, ਏਕਤਾ ਅਤੇ ਕਾਂਗਰਸੀ ਵਿਚਾਰਧਾਰਾ ਤੇ ਵਿਸ਼ਵਾਸ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਤੇ ਕੀਤੇ ਕੰਮਾਂ ਨੂੰ ਨੌਜਵਾਨਾਂ ਨੇ ਸਵੀਕਾਰਿਆ ਹੈ। ਕਾਂਗਰਸ ਆਗੂ ਚਹਿਲ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਵਰਕਰ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਨਵੇਂ ਚੁਣੇ ਗਏ ਹਲਕਾ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਉਹ ਨੌਜਵਾਨਾਂ ਦੀਆਂ ਉਮੀਦਾਂ ਤੇ ਖਰਾ ਉਤਰਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਯੂਥ ਕਾਂਗਰਸ ਨੂੰ ਪਿੰਡ-ਪਿੰਡ ਤੱਕ ਮਜ਼ਬੂਤ ਕੀਤਾ ਜਾਵੇਗਾ। ਵੀਰਇੰਦਰ ਸਿੰਘ ਜਲਾਲ ਨੇ ਆਪਣੀ ਜਿੱਤ ਨੂੰ ਵਰਕਰਾਂ ਦੀ ਜਿੱਤ ਦੱਸਦਿਆਂ ਕਿਹਾ ਕਿ ਉਹ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾਉਣਗੇ। ਉੱਧਰ ਜੈਸ਼ਲਪ੍ਰੀਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਤੇ ਗਏ ਭਰੋਸੇ ਨੂੰ ਉਹ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਚੋਣ ਨਤੀਜਿਆਂ ਤੋਂ ਬਾਅਦ ਚਹਿਲ ਧੜੇ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਭਾਵੇਂ ਮਜ਼ਬੂਤ ਦਾਅਵੇਦਾਰ ਹਨ, ਪਰ ਹੁਣ ਨੌਜਵਾਨ ਆਗੂ ਜਸ਼ਨਦੀਪ ਸਿੰਘ ਜਸ਼ਨ ਚਹਿਲ ਵੀ ਹਲਕਾ ਰਾਮਪੁਰਾ ਫੂਲ ਤੋਂ ਟਿਕਟ ਹਾਸਲ ਕਰਨ ਲਈ ਪੱਬਾਂ ਭਾਰ ਹਨ। ਪ੍ਰੰਤੂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗੜ ਅਤੇ ਜਸ਼ਨ ਵਿਚੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਬਾਜ਼ੀ ਕੌਣ ਮਾਰਦਾ ਹੈ।