ਰਣਜੀਤ ਸੰਧੂ ਮੁੜ ਪੰਜਾਬ ਜਨਰਲ ਸਕੱਤਰ ਤੇ ਸ਼ਿਵਮ ਸੈਣੀ ਬਲਾਕ ਦੇ ਪ੍ਰਧਾਨ ਬਣੇ
ਰਣਜੀਤ ਸੰਧੂ ਮੁੜ ਪੰਜਾਬ ਜਨਰਲ ਸਕੱਤਰ ਤੇ ਸ਼ਿਵਮ ਸੈਣੀ ਬਲਾਕ ਦੇ ਪ੍ਰਧਾਨ ਬਣੇ
Publish Date: Tue, 23 Jun 2026 03:46 PM (IST)
Updated Date: Tue, 23 Jun 2026 03:49 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਪੰਜਾਬ ਯੂਥ ਕਾਂਗਰਸ ਚੋਣਾਂ ਦੇ ਨਤੀਜੇ ਐਲਾਨੇ ਜਾਣ ਉਪਰੰਤ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਵਿਚ ਹਲਕੇ ਨਾਲ ਸਬੰਧਤ ਆਗੂਆਂ ਨੂੰ ਮਿਲੀ ਵੱਡੀ ਜਿੱਤ ਨੂੰ ਕਾਂਗਰਸ ਵਰਕਰਾਂ ਦੀ ਲੰਬੇ ਸਮੇਂ ਦੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਵ: ਖੁਸ਼ਬਾਜ਼ ਸਿੰਘ ਜਟਾਣਾ ਦੇ ਨਿੱਜੀ ਸਹਾਇਕ ਰਹੇ ਰਣਜੀਤ ਸਿੰਘ ਸੰਧੂ ਨੇ ਇੱਕ ਵਾਰ ਫਿਰ ਆਪਣੀ ਮਜ਼ਬੂਤ ਪਕੜ ਸਾਬਤ ਕਰਦਿਆਂ ਦੂਜੀ ਵਾਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਜਿੱਤ ਦਰਜ ਕੀਤੀ। ਰਣਜੀਤ ਸਿੰਘ ਸੰਧੂ ਲੰਬੇ ਸਮੇਂ ਤੋਂ ਯੂਥ ਕਾਂਗਰਸ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਇਸ ਜਿੱਤ ਨੂੰ ਸੰਗਠਨਾਤਮਕ ਮਿਹਨਤ ਅਤੇ ਵਰਕਰਾਂ ਨਾਲ ਮਜ਼ਬੂਤ ਤਾਲਮੇਲ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਬਲਾਕ ਤਲਵੰਡੀ ਸਾਬੋ ਯੂਥ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਸ਼ਿਵਮ ਸੈਣੀ ਨੇ ਕੁੱਲ 3961 ਵੋਟਾਂ ਦੇ ਵਿੱਚੋਂ 2049 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਅਤੇ ਉਪ ਪ੍ਰਧਾਨ ਬਣੇ ਰਮਨਦੀਪ ਸਿੰਘ ਨੂੰ 885 ਵੋਟਾਂ ਮਿਲੀਆਂ ਹਨ। ਨੌਜਵਾਨ ਵਰਗ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਸ਼ਿਵਮ ਸੈਣੀ ਨੂੰ ਮਿਲੇ ਭਾਰੀ ਸਮਰਥਨ ਨੇ ਇਹ ਸਾਬਤ ਕਰ ਦਿੱਤਾ ਕਿ ਯੂਥ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਮਿਹਨਤ ਤੇ ਪੂਰਾ ਭਰੋਸਾ ਜਤਾਇਆ ਹੈ। ਆਪਣੀ ਜਿੱਤ ਤੋਂ ਬਾਅਦ ਸ਼ਿਵਮ ਸੈਣੀ ਨੇ ਇਸ ਸਫਲਤਾ ਦਾ ਸਿਹਰਾ ਸਵ: ਖੁਸ਼ਬਾਜ਼ ਸਿੰਘ ਜਟਾਣਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਜਟਾਣਾ ਨੇ ਹਮੇਸ਼ਾ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਯੂਥ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਦੇ ਦੱਸੇ ਰਾਹ ਅਤੇ ਕੀਤੀ ਮਿਹਨਤ ਸਦਕਾ ਹੀ ਅੱਜ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਯੂਥ ਕਾਂਗਰਸ ਨੂੰ ਮਜ਼ਬੂਤੀ ਬਖ਼ਸ਼ੀ ਹੈ। ਯੂਥ ਕਾਂਗਰਸ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਵਿਚ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਹੀ ਹਲਕਾ ਤਲਵੰਡੀ ਸਾਬੋ ਵਿੱਚ ਵੀ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਵਰਕਰਾਂ ਨੇ ਆਸ ਜਤਾਈ ਕਿ ਰਣਜੀਤ ਸਿੰਘ ਸੰਧੂ ਅਤੇ ਸ਼ਿਵਮ ਸੈਣੀ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ।