ਗੈਸ ਏਜੰਸੀ ਲੁੱਟਕਾਂਡ: ਮਾਸਟਰਮਾਈਂਡ ਤੀਜਾ ਮੁਲਜ਼ਮ ਗ੍ਰਿਫ਼ਤਾਰ, 16 ਹਜ਼ਾਰ ਰੁਪਏ ਬਰਾਮਦ
ਗੈਸ ਏਜੰਸੀ ਲੁੱਟਕਾਂਡ: ਮਾਸਟਰਮਾਈਂਡ ਤੀਜਾ ਮੁਲਜ਼ਮ ਗ੍ਰਿਫ਼ਤਾਰ, 16 ਹਜ਼ਾਰ ਰੁਪਏ ਬਰਾਮਦ
Publish Date: Mon, 22 Jun 2026 05:26 PM (IST)
Updated Date: Mon, 22 Jun 2026 05:27 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੀ ਗੈਸ ਏਜੰਸੀ ਵਿਚ ਨਿਹੰਗ ਵੇਸ਼ ਧਾਰਨ ਕਰਕੇ ਹਥਿਆਰ ਦੇ ਬਲ ’ਤੇ ਹੋਈ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨਾਲ ਹੀ ਇਸ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿਚੋਂ 16 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਥਾਣਾ ਸਿਵਲ ਲਾਈਨ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ 18 ਜੂਨ ਦੀ ਦੁਪਹਿਰ ਵਾਪਰੀ ਸੀ, ਜਦੋਂ ਦੋ ਬਦਮਾਸ਼ ਕਿਸ਼ੋਰੀ ਰਾਮ ਰੋਡ ਸਥਿਤ ਫਤਿਹ ਗੈਸ ਏਜੰਸੀ ਵਿਚ ਦਾਖਲ ਹੋਏ ਸਨ। ਇਨ੍ਹਾਂ ਵਿਚੋਂ ਇਕ ਨੇ ਨਿਹੰਗ ਵੇਸ਼ ਧਾਰਨ ਕੀਤਾ ਹੋਇਆ ਸੀ। ਦੋਹਾਂ ਨੇ ਹਥਿਆਰ ਦੀ ਨੋਕ ’ਤੇ ਏਜੰਸੀ ਤੋਂ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਏਜੰਸੀ ਮਾਲਕਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਪਹਿਲਾਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਤੀਜੇ ਸਾਥੀ ਕੁਲਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੂੰ ਇਸ ਲੁੱਟਕਾਂਡ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਦੀਪ ਸਿੰਘ ਪਹਿਲਾਂ ਇਸੇ ਗੈਸ ਏਜੰਸੀ ਵਿੱਚ ਕੰਮ ਕਰਦਾ ਸੀ ਅਤੇ ਲਗਭਗ ਛੇ ਮਹੀਨੇ ਪਹਿਲਾਂ ਨੌਕਰੀ ਛੱਡ ਚੁੱਕਾ ਸੀ। ਪੁਲਿਸ ਅਨੁਸਾਰ ਕੁਲਦੀਪ ਸਿੰਘ ਨੇ ਏਜੰਸੀ ਦੀਆਂ ਅੰਦਰੂਨੀ ਗਤੀਵਿਧੀਆਂ, ਨਗਦੀ ਦੇ ਲੈਣ-ਦੇਣ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਆਪਣੇ ਸਾਥੀਆਂ ਨਾਲ ਸਾਂਝੀਆਂ ਕੀਤੀਆਂ ਸਨ, ਜਿਸ ਦੇ ਆਧਾਰ ’ਤੇ ਇਹ ਲੁੱਟ ਦੀ ਯੋਜਨਾ ਤਿਆਰ ਕੀਤੀ ਗਈ ਅਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ 16 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕਰ ਲਈ ਗਈ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਕਿਸੇ ਹੋਰ ਅਪਰਾਧਿਕ ਘਟਨਾ ਵਿੱਚ ਵੀ ਸ਼ਾਮਲ ਰਹੇ ਹਨ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਪੂਰੇ ਨੈੱਟਵਰਕ ਦਾ ਖੁਲਾਸਾ ਕੀਤਾ ਜਾ ਸਕਦਾ ਹੈ।