ਦੂਜੇ ਦਿਨ ਵੀ ਨਹੀਂ ਪੂਰਿਆ ਜਾ ਸਕਿਆ ਰਜਬਾਹੇ ਦਾ ਪਾੜ, ਪਾਣੀ ਨਾ ਮਿਲਣ ਕਾਰਨ ਝੋਨੇ ਦੀ ਬਿਜਾਈ ਪ੍ਰਭਾਵਿਤ
ਦੂਜੇ ਦਿਨ ਵੀ ਨਹਂੀ ਪੂਰਿਆ ਜਾ ਸਕਿਆ ਰਜਵਾਹੇ ਦਾ ਪਾੜ, ਪਾਣੀ ਨਾਂ ਮਿਲਣ ਕਾਰਨ ਝੋਨੇ ਬਿਜਾਈ ਪ੍ਰਭਾਵਿਤ
Publish Date: Mon, 22 Jun 2026 04:37 PM (IST)
Updated Date: Mon, 22 Jun 2026 04:40 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਮਤੀ ਦਾਸ ਨਗਰ ਇਲਾਕੇ ਵਿਚ ਟੁੱਟਿਆ ਰਜਬਾਹਾ ਦੂਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਿਆ। ਰਜਬਾਹੇ ਵਿਚ ਪਿਆ ਵੱਡੇ ਪਾੜ ਕਾਰਨ ਪਾਣੀ ਲਗਾਤਾਰ ਆਸ-ਪਾਸ ਦੇ ਇਲਾਕਿਆਂ ਵਿਚ ਫੈਲ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬਠਿੰਡਾ ਦੀ ਰਿੰਗ ਰੋਡ ਫੇਜ਼-1 ਸਥਿਤ ਅੰਡਰਬ੍ਰਿਜ ਵਿਚ ਪਾਣੀ ਭਰ ਗਿਆ। ਅੰਡਰਬ੍ਰਿਜ ਵਿਚ ਪਾਣੀ ਇਕੱਠਾ ਹੋਣ ਕਾਰਨ ਇਸ ਨੂੰ ਪਿਛਲੇ ਦੋ ਦਿਨਾਂ ਤੋਂ ਆਵਾਜਾਈ ਲਈ ਬੰਦ ਰੱਖਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਹਿਰੀ ਵਿਭਾਗ ਵੱਲੋਂ ਰਜਬਾਹੇ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਵਿਭਾਗ ਨੇ ਪਾੜ ਨੂੰ ਭਰਨ ਲਈ ਮਸ਼ੀਨਰੀ ਅਤੇ ਕਰਮਚਾਰੀਆਂ ਨੂੰ ਮੌਕੇ ’ਤੇ ਤਾਇਨਾਤ ਕੀਤਾ ਹੋਇਆ ਹੈ। ਅਧਿਕਾਰੀਆਂ ਅਨੁਸਾਰ ਰਜਬਾਹੇ ਵਿਚ ਆਈ ਦਰਾਰ ਕਾਫੀ ਵੱਡੀ ਹੋਣ ਕਾਰਨ ਇਸ ਨੂੰ ਬੰਦ ਕਰਨ ਲਈ ਭਾਰੀ ਮਾਤਰਾ ਵਿਚ ਮਿੱਟੀ ਅਤੇ ਹੋਰ ਸਮੱਗਰੀ ਦੀ ਲੋੜ ਪੈ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦਰਾਰ ਨੂੰ ਪੂਰੀ ਤਰ੍ਹਾਂ ਭਰਨ ਲਈ ਲਗਪਗ 100 ਟਰਾਲੀਆਂ ਮਿੱਟੀ ਅਤੇ ਹੋਰ ਸਮੱਗਰੀ ਦੀ ਲੋੜ ਪਵੇਗੀ। ਜਾਣਕਾਰੀ ਮੁਤਾਬਕ ਇਹ ਰਜਵਾਹਾ ਬੀਬੀਵਾਲਾ ਹੈੱਡ ਤੋਂ ਸ਼ੁਰੂ ਹੁੰਦਾ ਹੈ ਅਤੇ ਲਗਭਗ 25 ਕਿਲੋਮੀਟਰ ਲੰਬਾ ਹੈ। ਇਸ ਵਿਚ ਚੱਲਣ ਦੀ ਸਮਰੱਥਾ 180 ਕਿਊਸਿਕ ਹੈ। ਇਹ ਰਜਬਾਹਾ ਇਲਾਕੇ ਦੇ ਕਈ ਪਿੰਡਾਂ ਦੀ ਸਿੰਚਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਇਸ ਰਾਹੀਂ ਮਹਿਤਾ, ਭਗਵਾਨਗੜ੍ਹ, ਜੋਧਪੁਰ ਰੋਮਾਣਾ, ਗਹਿਰੀ ਬੁੱਟਰ, ਸੰਗਤ, ਫੂਲੋ ਮਿੱਠੀ, ਨਰੂਆਣਾ, ਮੀਆਂ, ਬਾਹੋ ਸਿਵੀਆਂ ਅਤੇ ਜੈ ਸਿੰਘ ਵਾਲਾ ਸਮੇਤ ਕਈ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਹੁਣ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ। ਰਜਬਾਹੇ ਵਿਚ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਸੁਰੱਖਿਆ ਦੇ ਮੱਦੇਨਜ਼ਰ ਪਿੱਛੇ ਤੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਇਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਸਿੰਚਾਈ ਲਈ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਸਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਖੇਤਾਂ ਵਿਚ ਲਗਾਤਾਰ ਪਾਣੀ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਰਜਬਾਹੇ ਦੀ ਸਪਲਾਈ ਬੰਦ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੁਰੰਮਤ ਕਾਰਜ ਵਿਚ ਹੋਰ ਦੇਰੀ ਹੁੰਦੀ ਹੈ ਤਾਂ ਝੋਨੇ ਦੀ ਲਵਾਈ ਅਤੇ ਹੋਰ ਖੇਤੀਬਾੜੀ ਕੰਮ ਪ੍ਰਭਾਵਿਤ ਹੋ ਸਕਦੇ ਹਨ। ਦੂਜੇ ਪਾਸੇ ਸਥਾਨਕ ਲੋਕਾਂ ਨੇ ਦੱਸਿਆ ਕਿ ਅੰਡਰਬ੍ਰਿਜ ਵਿਚ ਪਾਣੀ ਭਰਨ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਰਸਤਾ ਬੰਦ ਹੋ ਗਿਆ ਹੈ। ਇਸ ਕਾਰਨ ਲੋਕਾਂ ਨੂੰ ਆਪਣੇ ਮੰਜ਼ਿਲ ਤਕ ਪਹੁੰਚਣ ਲਈ ਲੰਬੇ ਰਸਤੇ ਅਪਣਾਉਣੇ ਪੈ ਰਹੇ ਹਨ, ਜਿਸ ਨਾਲ ਸਮਾਂ ਅਤੇ ਇੰਧਨ ਦੋਵਾਂ ਦੀ ਬਰਬਾਦੀ ਹੋ ਰਹੀ ਹੈ। ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ। ਵਿਭਾਗ ਵੱਲੋਂ ਦਿਨ-ਰਾਤ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਹਾਲਾਤ ਆਮ ਕੀਤੇ ਜਾ ਸਕਣ। ਨਹਿਰੀ ਵਿਭਾਗ ਦੇ ਐਸਡੀਓ. ਸਾਹਿਲ ਸ਼ਰਮਾ ਨੇ ਦੱਸਿਆ ਕਿ ਰਜਵਾਹੇ ਦੇ ਪਾੜ ਨੂੰ ਬੰਦ ਕਰਨ ਲਈ ਮਸ਼ੀਨਾਂ ਮੌਕੇ ’ਤੇ ਲਗਾ ਦਿੱਤੀਆਂ ਗਈਆਂ ਹਨ ਅਤੇ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿਸ ਪਾਸੇ ਰਜਵਾਹੇ ਵਿਚ ਪਾੜ ਪਿਆ ਹੈ, ਉਧਰ ਵਹੀਕਲ ਜਾਣ ਦਾ ਕੋਈ ਰਾਸਤਾ ਨਹੀਂ ਹੈ, ਜਿਸ ਕਾਰਨ ਪਹਿਲਾਂ ਉਥੇ ਜਾਣ ਲਈ ਮਿੱਟੀ ਪਾ ਕੇ ਰਾਸਤਾ ਬਣਾਉਣਾ ਪਿਆ। ਉਨ੍ਹਾਂ ਕਿਹਾ ਕਿ ਫਿਲਹਾਲ ਪਿੱਛੇ ਤੋਂ ਪਾਣੀ ਦੀ ਸਪਲਾਈ ਬੰਦ ਰੱਖੀ ਗਈ ਹੈ ਤਾਂ ਜੋ ਮੁਰੰਮਤ ਕਾਰਜ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਮੌਸਮ ਅਤੇ ਹੋਰ ਹਾਲਾਤ ਅਨੁਕੂਲ ਰਹੇ ਤਾਂ ਬੁੱਧਵਾਰ ਤੱਕ ਮੁਰੰਮਤ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਫਿਲਹਾਲ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਦੀ ਨਜ਼ਰ ਮੁਰੰਮਤ ਕਾਰਜ ’ਤੇ ਟਿਕੀ ਹੋਈ ਹੈ ਅਤੇ ਉਹ ਉਡੀਕ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਰਜਵਾਹੇ ਦੀ ਮੁਰੰਮਤ ਕਰਕੇ ਪਾਣੀ ਦੀ ਸਪਲਾਈ ਮੁੜ ਬਹਾਲ ਕੀਤਾ ਜਾਵੇ।