ਮੌਨਸੂਨ ਦੀ ਆਹਟ, ਸ਼ਹਿਰ ਕਿੰਨਾ ਤਿਆਰ? ਪਾਣੀ ਦੀ ਨਿਕਾਸੀ ਦੀਆਂ ਤਿਆਰੀਆਂ ਦੇ ਦਾਅਵੇ, ਪਰ ਵਪਾਰੀਆਂ ਵਿਚ ਚਿੰਤਾ ਬਰਕਰਾਰ
ਮਾਨਸੂਨ ਦੀ ਆਹਟ, ਸ਼ਹਿਰ ਕਿੰਨਾਂ ਤਿਆਰ? ਪਾਣੀ ਦੀ ਨਿਕਾਸੀ ਦੀਆਂ ਤਿਆਰੀਆਂ ਦੇ ਦਾਅਵੇ, ਪਰ ਵਪਾਰੀਆਂ ਵਿਚ ਚਿੰਤਾ ਬਰਕਰਾਰ
Publish Date: Mon, 22 Jun 2026 04:25 PM (IST)
Updated Date: Mon, 22 Jun 2026 04:28 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜੂਨ ਮਹੀਨੇ ਦੇ ਅੰਤ ਤੱਕ ਮੌਨਸੂਨ ਪੰਜਾਬ ਅੰਦਰ ਆਉਣ ਦੀ ਸੰਭਾਵਨ ਹੈ। ਭਿਆਨਕ ਗਰਮੀ ਤੋਂ ਰਾਹਤ ਲਈ ਲੋਕ ਮੀਂਹ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਬਠਿੰਡਾ ਸ਼ਹਿਰ ਦੇ ਹਜ਼ਾਰਾਂ ਵਪਾਰੀ ਅਤੇ ਵਸਨੀਕ ਮੌਨਸੂਨ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ। ਇਸ ਦਾ ਮੁੱਖ ਕਾਰਨ ਪਿਛਲੇ ਕਈ ਸਾਲਾਂ ਤੋਂ ਮੀਂਹ ਦੇ ਮੌਸਮ ਦੌਰਾਨ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਪਾਣੀ ਭਰਨ ਦੀ ਪੈਦਾ ਹੋਣ ਵਾਲੀ ਗੰਭੀਰ ਸਮੱਸਿਆ ਹੈ। ਹਰ ਸਾਲ ਨਗਰ ਨਿਗਮ ਅਤੇ ਸਬੰਧਤ ਵਿਭਾਗਾਂ ਵੱਲੋਂ ਸੀਵਰੇਜ ਲਾਈਨਾਂ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਪਹਿਲੀ ਤੇਜ਼ ਬਾਰਿਸ਼ ਤੋਂ ਬਾਅਦ ਹੀ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ। ਅਜਿਹਾ ਹਰ ਵਾਰ ਹੋ ਰਿਹਾ ਹੈ। ਇਸ ਵਾਰ ਵੀ ਨਗਰ ਨਿਗਮ ਵੱਲੋਂ ਮਾਨਸੂਨ ਤੋਂ ਪਹਿਲਾਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਸ਼ਹਿਰ ਦੇ ਕਈ ਸੰਵੇਦਨਸ਼ੀਲ ਖੇਤਰਾਂ ਵਿੱਚ ਸੀਵਰੇਜ ਲਾਈਨਾਂ ਦੀ ਡੀ-ਸਿਲਟਿੰਗ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜਾਰੀ ਹੈ। ਕੁਝ ਥਾਵਾਂ ’ਤੇ ਮਸ਼ੀਨਾਂ ਦੀ ਮਦਦ ਨਾਲ ਗਾਦ ਕੱਢੀ ਜਾ ਰਹੀ ਹੈ, ਜਦਕਿ ਕਈ ਇਲਾਕਿਆਂ ਵਿੱਚ ਸਫ਼ਾਈ ਕਾਰਜ ਅਜੇ ਵੀ ਅਧੂਰਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਿਸ਼ ਤੋਂ ਪਹਿਲਾਂ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ, ਪਰ ਸਮੱਸਿਆ ਦਾ ਸਥਾਈ ਹੱਲ ਅੱਜ ਤਕ ਨਹੀਂ ਲੱਭਿਆ ਜਾ ਸਕਿਆ। ਸਿਰਕੀ ਬਾਜ਼ਾਰ ਅੱਜ ਵੀ ਸਭ ਤੋਂ ਵੱਡੀ ਸਮੱਸਿਆ ਸ਼ਹਿਰ ਦੇ ਸਭ ਤੋਂ ਪੁਰਾਣੇ ਬਾਜ਼ਾਰਾਂ ਵਿਚੋਂ ਇਕ ਸਿਰਕੀ ਬਾਜ਼ਾਰ ਅੱਜ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਮਸਾਲਿਆਂ, ਕਰਿਆਨੇ ਅਤੇ ਮਨਿਆਰੀ ਦੇ ਕਾਰੋਬਾਰ ਦਾ ਇਹ ਪ੍ਰਮੁੱਖ ਕੇਂਦਰ ਹਰ ਬਾਰਿਸ਼ ਦੌਰਾਨ ਪ੍ਰਭਾਵਿਤ ਹੁੰਦਾ ਹੈ। ਸਥਾਨਕ ਦੁਕਾਨਦਾਰਾਂ ਅਨੁਸਾਰ ਹਲਕੀ ਬਾਰਿਸ਼ ਨਾਲ ਹੀ ਸੜਕਾਂ ’ਤੇ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਦਕਿ ਤੇਜ਼ ਬਾਰਿਸ਼ ਦੌਰਾਨ ਸਾਰਾ ਇਲਾਕਾ ਤਲਾਬ ਦਾ ਰੂਪ ਧਾਰ ਲੈਂਦਾ ਹੈ। ਕਈ ਵਾਰ ਪਾਣੀ ਦੁਕਾਨਾਂ ਅੰਦਰ ਤਕ ਪਹੁੰਚ ਜਾਂਦਾ ਹੈ, ਜਿਸ ਕਾਰਨ ਵਪਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਮੀਂਹ ਦੇ ਮੌਸਮ ਵਿਚ ਦੁਕਾਨਦਾਰ ਕਈ ਕਈ ਦਿਨ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਸਕਦੇ। ਮਾਲ ਰੋਡ ਅਤੇ ਭੱਟੀ ਰੋਡ ’ਤੇ ਭਰਦਾ ਹੈ ਪਾਣੀ ਮਾਲ ਰੋਡ ਨੂੰ ਬਠਿੰਡਾ ਦਾ ਵਪਾਰਕ ਤੌਰ ’ਤੇ ਦਿਲ ਮੰਨਿਆ ਜਾਂਦਾ ਹੈ। ਇੱਥੇ ਵੱਡੇ ਸ਼ੋਰੂਮ, ਬੈਂਕ, ਹੋਟਲ ਅਤੇ ਕੱਪੜਾ ਕਾਰੋਬਾਰ ਨਾਲ ਜੁੜੀਆਂ ਕਈ ਨਾਮੀ ਦੁਕਾਨਾਂ ਸਥਿਤ ਹਨ। ਇਸ ਦੇ ਬਾਵਜੂਦ ਬਾਰਿਸ਼ ਦੇ ਮੌਸਮ ਦੌਰਾਨ ਇੱਥੇ ਕਈ ਫੁੱਟ ਤਕ ਪਾਣੀ ਖੜ੍ਹਾ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸੇ ਤਰ੍ਹਾਂ ਭੱਟੀ ਰੋਡ ’ਤੇ ਸਥਿਤ ਨਿੱਜੀ ਹਸਪਤਾਲ, ਬ੍ਰਾਂਡਿਡ ਸ਼ੋਰੂਮ ਅਤੇ ਹੋਰ ਵਪਾਰਕ ਅਦਾਰੇ ਵੀ ਪਾਣੀ ਭਰਨ ਕਾਰਨ ਪ੍ਰਭਾਵਿਤ ਹੁੰਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਗਾਹਕਾਂ ਦੀ ਆਵਾਜਾਈ ਘੱਟ ਜਾਂਦੀ ਹੈ, ਜਿਸ ਨਾਲ ਕਾਰੋਬਾਰ ਨੂੰ ਨੁਕਸਾਨ ਪਹੁੰਚਦਾ ਹੈ। ਪਾਵਰ ਹਾਊਸ ਰੋਡ ’ਤੇ ਪਾਣੀ ਦੀ ਨਿਕਾਸੀ ਸਭ ਤੋਂ ਵੱਡੀ ਚੁਣੌਤੀ ਪਾਵਰ ਹਾਊਸ ਰੋਡ ਸ਼ਹਿਰ ਦੀਆਂ ਸਭ ਤੋਂ ਮਹੱਤਵਪੂਰਨ ਸੜਕਾਂ ਵਿਚੋਂ ਇਕ ਹੈ। ਇੱਥੇ ਆਟੋਮੋਬਾਈਲ ਸ਼ੋਰੂਮ, ਹਸਪਤਾਲ ਅਤੇ ਕਈ ਵੱਡੇ ਵਪਾਰਕ ਅਦਾਰੇ ਸਥਿਤ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਦੌਰਾਨ ਇਹ ਸੜਕ ਕਈ ਵਾਰ ਨਦੀ ਜਾਂ ਨਹਿਰ ਵਰਗੀ ਦਿਖਾਈ ਦਿੰਦੀ ਹੈ। ਪਾਣੀ ਦੀ ਨਿਕਾਸੀ ਵਿੱਚ ਦੇਰੀ ਹੋਣ ਕਾਰਨ ਸਮੱਸਿਆ ਘੰਟਿਆਂ ਨਹੀਂ, ਸਗੋਂ ਕਈ-ਕਈ ਦਿਨਾਂ ਤਕ ਬਣੀ ਰਹਿੰਦੀ ਹੈ। ਇਸ ਵਾਰ ਵੀ ਇੱਥੇ ਸੀਵਰੇਜ ਲਾਈਨਾਂ ਦੀ ਡੀ-ਸਿਲਟਿੰਗ ਦਾ ਕੰਮ ਰਿਹਾ ਹੈ, ਪਰ ਵਪਾਰੀਆਂ ਅਤੇ ਆਮ ਲੋਕਾਂ ਨੂੰ ਅਜੇ ਵੀ ਪੂਰਾ ਭਰੋਸਾ ਨਹੀਂ ਕਿ ਮਾਨਸੂਨ ਦੌਰਾਨ ਹਾਲਾਤ ਕਾਬੂ ਵਿੱਚ ਰਹਿਣਗੇ। ਵਪਾਰੀਆਂ ਨੇ ਕੀਤੀ ਸਥਾਈ ਹੱਲ ਦੀ ਮੰਗ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਆਗੂ ਘਨਸ਼ਿਆਮ ਗਰਗ ਦਾ ਕਹਿਣਾ ਹੈ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ, ਪਰ ਜਲ ਭਰਾਅ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਫ਼ਾਈ ਨਾਲ ਕੰਮ ਨਹੀਂ ਚੱਲੇਗਾ, ਸਗੋਂ ਪੁਰਾਣੇ ਅਤੇ ਘੱਟ ਸਮਰੱਥਾ ਵਾਲੇ ਸੀਵਰੇਜ ਨੈੱਟਵਰਕ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਜੇਕਰ ਲੰਬੇ ਸਮੇਂ ਦੀ ਯੋਜਨਾ ਨਹੀਂ ਬਣਾਈ ਗਈ ਤਾਂ ਹਰ ਸਾਲ ਇਹ ਸਮੱਸਿਆ ਦੁਹਰਾਈ ਜਾਂਦੀ ਰਹੇਗੀ। ਬਾਰਿਸ਼ ਦਾ ਸਿੱਧਾ ਅਸਰ ਵਪਾਰ ’ਤੇ ਪੈਂਦਾ ਸਿਰਕੀ ਬਜ਼ਾਰ ਦੇ ਰਹਿਣ ਵਾਲੇ ਰਹਿਮਾਨ ਖਾਨ ਨੇ ਕਿਹਾ ਕਿ ਬਾਰਿਸ਼ ਦਾ ਸਿੱਧਾ ਅਸਰ ਵਪਾਰ ’ਤੇ ਪੈਂਦਾ ਹੈ। ਜਿਨ੍ਹਾਂ ਖੇਤਰਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ, ਉੱਥੇ ਗਾਹਕ ਆਉਣ ਤੋਂ ਗੁਰੇਜ਼ ਕਰਦੇ ਹਨ। ਕਈ ਵਾਰ ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨ ਵੀ ਨੁਕਸਾਨੀ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਪ੍ਰਮੁੱਖ ਮਾਲੀਆ ਦੇਣ ਵਾਲੇ ਬਾਜ਼ਾਰਾਂ ਨੂੰ ਤਰਜੀਹ ਦੇ ਆਧਾਰ ’ਤੇ ਪਾਣੀ ਦੀ ਨਿਕਾਸੀ ਤੋਂ ਮੁਕਤ ਬਣਾਇਆ ਜਾਵੇ। ਦੁਕਾਨਦਾਰ ਤੁਸ਼ਾਰ ਗਰਗ ਨੇ ਕਿਹਾ ਕਿ ਜੇਕਰ ਇਸ ਸਾਲ ਵੀ ਹਾਲਾਤ ਨਾ ਸੁਧਰੇ ਤਾਂ ਮਾਨਸੂਨ ਦੌਰਾਨ ਕਾਰੋਬਾਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਸੰਵੇਦਨਸ਼ੀਲ ਖੇਤਰਾਂ ਦਾ ਵਿਸ਼ੇਸ਼ ਸਰਵੇ ਕਰਕੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣ। ਨਗਰ ਨਿਗਮ ਦਾ ਦਾਅਵਾ, ਤਿਆਰੀਆਂ ਅੰਤਿਮ ਪੜਾਅ ’ਚ ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਦਾ ਕਹਿਣਾ ਹੈ ਕਿ ਮਾਨਸੂਨ ਤੋਂ ਪਹਿਲਾਂ ਸ਼ਹਿਰ ਭਰ ਵਿੱਚ ਸੀਵਰੇਜ ਨੈੱਟਵਰਕ ਦੀ ਡੀ-ਸਿਲਟਿੰਗ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਮੁੱਖ ਨਾਲਿਆਂ ਦੀ ਸਫ਼ਾਈ, ਪੰਪਿੰਗ ਸਟੇਸ਼ਨਾਂ ਦੀਆਂ ਮੋਟਰਾਂ ਦੀ ਜਾਂਚ ਅਤੇ ਲੋੜੀਂਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਜਲ ਨਿਕਾਸੀ ਪ੍ਰਬੰਧ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ। ਫਿਲਹਾਲ ਸ਼ਹਿਰ ਵਾਸੀਆਂ ਦੀ ਨਜ਼ਰ ਪਹਿਲੀ ਤੇਜ਼ ਬਾਰਿਸ਼ ’ਤੇ ਟਿਕੀ ਹੋਈ ਹੈ। ਅਸਲੀ ਪਰੀਖਿਆ ਉਸ ਸਮੇਂ ਹੋਵੇਗੀ ਜਦੋਂ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਵੇਗਾ। ਸਵਾਲ ਅਜੇ ਵੀ ਉਹੀ ਹੈ—ਮਾਨਸੂਨ ਤਾਂ ਆਉਣ ਲਈ ਤਿਆਰ ਹੈ, ਪਰ ਕੀ ਬਠਿੰਡਾ ਸ਼ਹਿਰ ਇਸ ਵਾਰ ਮਸਲੇ ਨਾਲ ਨਜਿੱਠਣ ਲਈ ਸੱਚਮੁੱਚ ਤਿਆਰ ਹੈ?