ਪੁਨਰਜੋਤੀ ਆਈ ਸੋਸਾਇਟੀ ਲੋਕਾਂ ਨੂੰ ਮੁੜ ਰੋਸ਼ਨੀ ਦੇਣ ਦਾ ਕੰਮ ਕਰ ਰਹੀ ਹੈ : ਜਤਿੰਦਰ ਭੱਲਾ
ਪੁਨਰਜੋਤੀ ਆਈ ਸੋਸਾਇਟੀ ਲੋਕਾਂ ਨੂੰ ਮੁੜ ਰੋਸ਼ਨੀ ਦੇਣ ਦਾ ਕੰਮ ਕਰ ਰਹੀ ਹੈ : ਜਤਿੰਦਰ ਭੱਲਾ
Publish Date: Sun, 21 Jun 2026 06:20 PM (IST)
Updated Date: Sun, 21 Jun 2026 06:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਮਪੁਰਾ ਫੂਲ ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾ ਚੁੱਕੀ ਪੁਨਰਜੋਤੀ ਆਈ ਸੋਸਾਇਟੀ ਰਾਮਪੁਰਾ ਫੂਲ ਵੱਲੋਂ 156ਵਾਂ ਮੁਫ਼ਤ ਅੱਖਾਂ ਜਾਂਚ ਅਤੇ ਲੈਂਜ਼ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕਰਕੇ ਲੈਂਜ਼ ਪਾਏ ਗਏ। ਕੈਂਪ ਵਿਚ ਆਏ ਮਰੀਜ਼ਾਂ ਲਈ ਲੈਂਜ਼, ਦਵਾਈਆਂ, ਖਾਣ-ਪੀਣ ਅਤੇ ਰਹਿਣ-ਸਹਿਣ ਦਾ ਸਾਰਾ ਖਰਚਾ ਸੋਸਾਇਟੀ ਵੱਲੋਂ ਨਿਸ਼ਕਾਮ ਭਾਵਨਾ ਨਾਲ ਝੱਲਿਆ ਗਿਆ। ਕੈਂਪ ਵਿਚ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕੈਂਪ ਦਾ ਜਾਇਜ਼ਾ ਲੈਂਦਿਆਂ ਸੋਸਾਇਟੀ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਅੰਗ ਹਨ। ਉਨ੍ਹਾਂ ਕਿਹਾ ਕਿ ਪੁਰਖਿਆਂ ਦੀ ਇਹ ਕਹਾਵਤ ਬਿਲਕੁਲ ਸਹੀ ਹੈ ਕਿ “ਅੱਖਾਂ ਗਈਆਂ, ਜਹਾਨ ਗਿਆ।” ਇਸ ਲਈ ਜੋ ਸੰਸਥਾ ਲੋਕਾਂ ਨੂੰ ਮੁੜ ਰੌਸ਼ਨੀ ਦੇਣ ਦਾ ਕੰਮ ਕਰ ਰਹੀ ਹੈ, ਉਹ ਅਸਲ ਅਰਥਾਂ ਵਿਚ ਮਨੁੱਖਤਾ ਦੀ ਸੇਵਾ ਕਰ ਰਹੀ ਹੈ।ਭੱਲਾ ਨੇ ਕਿਹਾ ਕਿ ਪੁਨਰਜੋਤੀ ਆਈ ਸੋਸਾਇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਸਾਇਟੀ ਹੁਣ ਤੱਕ ਲਗਭਗ 22 ਹਜ਼ਾਰ ਤੋਂ ਵੱਧ ਲੋੜਵੰਦ ਲੋਕਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾ ਕੇ ਲੈਂਜ਼ ਪਵਾ ਚੁੱਕੀ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਇਲਾਜ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ, ਅਜਿਹੀਆਂ ਸੰਸਥਾਵਾਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੱਲੋਂ ਅੱਖਾਂ ਦਾਨ ਕਰਨ ਸਬੰਧੀ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜੋ ਬਹੁਤ ਹੀ ਸ਼ਲਾਘਾਯੋਗ ਅਤੇ ਮਨੁੱਖਤਾ ਪੱਖੀ ਉਪਰਾਲਾ ਹੈ। ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਨਾਲ ਕਿਸੇ ਅੰਨ੍ਹੇ ਵਿਅਕਤੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਂਦੀ ਜਾ ਸਕਦੀ ਹੈ। ਇਸ ਲਈ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਬਿਹਤਰ ਅੱਖਾਂ ਦੀ ਸਿਹਤ ਸੇਵਾ ਮੁਹੱਈਆ ਕਰਵਾਉਣਾ ਹੈ। ਇਸੇ ਮਕਸਦ ਤਹਿਤ ਸਮੇਂ-ਸਮੇਂ ’ਤੇ ਅੱਖਾਂ ਜਾਂਚ ਕੈਂਪ ਅਤੇ ਆਪ੍ਰੇਸ਼ਨ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਦਾ ਲਾਭ ਹਜ਼ਾਰਾਂ ਲੋਕ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਦਾਨੀ ਸੱਜਣਾਂ ਦੀ ਮਦਦ ਨਾਲ ਇਹ ਸੇਵਾ ਕਾਰਜ ਲਗਾਤਾਰ ਜਾਰੀ ਹਨ ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਜਤਿੰਦਰ ਸਿੰਘ ਭੱਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੰਤ ਸ੍ਰੀ ਰਾਮ ਨਾਰਾਇਣ ਗਿਰੀ ਜੀ, ਰਾਕੇਸ਼ ਤਾਇਲ, ਸ਼ੇਰ ਜੰਗ ਬੌਬੀ, ਅਸ਼ਵਨੀ ਕੁਮਾਰ, ਨਰਿੰਦਰ ਬਾਂਸਲ, ਪਰਸ਼ੋਤਮ ਬੌਬੀ, ਸੁਰੇਸ਼ ਕੁਮਾਰ, ਭੋਜ ਰਾਜ, ਰਾਕੇਸ਼ ਸਿੰਗਲਾ, ਅਵਿਨਾਸ਼ ਕੁਮਾਰ, ਮੋਹਿਤ ਬਾਂਸਲ, ਗਗਨ ਬਾਂਸਲ, ਸੰਜੀਵ ਕੁਮਾਰ, ਜਤਿੰਦਰ ਕੁਮਾਰ, ਮੁਨੀਸ਼ ਕੁਮਾਰ, ਅੰਕੂ, ਫਕੀਰ ਚੰਦ, ਮਿਲਭਾਰਤਨ ਭੰਡਾਰੀ, ਵਿਜੈ ਕੁਮਾਰ, ਰਾਜੀਵ ਗੋਇਲ, ਸ਼ਾਮ ਲਾਲ, ਸੁਨੀਲ ਕੁਮਾਰ, ਪ੍ਰੀਤਮ ਸਿੰਘ, ਪਵਨ ਮਹਿਤਾ ਹਾਜਰ ਸਨ।