ਤਲਵੰਡੀ ਸਾਬੋ ਰਜਬਾਹੇ ’ਚ ਪਾਣੀ ਛੱਡਣ ਦੇ 13 ਘੰਟਿਆਂ ਬਾਅਦ ਮੁੜ ਪਿਆ ਪਾੜ
ਤਲਵੰਡੀ ਸਾਬੋ ਰਜਵਾਹੇ ਵਿੱਚ ਮੁੜ ਪਿਆ ਪਾੜ, ਪਾਣੀ ਛੱਡਣ ਦੇ 15 ਘੰਟਿਆਂ ਬਾਅਦ ਪਿਆ ਪਾੜ
Publish Date: Sat, 20 Jun 2026 04:21 PM (IST)
Updated Date: Sat, 20 Jun 2026 04:21 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਤਲਵੰਡੀ ਸਾਬੋ ਦੇ ਬਠਿੰਡਾ ਰੋਡ ਨੇੜੇ ਸਥਿਤ ਰਜਬਾਹੇ ਵਿਚ ਇਕ ਵਾਰ ਫਿਰ ਪਾੜ ਪੈ ਜਾਣ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕੁਝ ਦਿਨ ਪਹਿਲਾਂ ਹੀ ਟੁੱਟੇ ਰਜਬਾਹੇ ਦੀ ਮੁਰੰਮਤ ਕਰਕੇ ਪਾਣੀ ਚਾਲੂ ਕੀਤਾ ਗਿਆ ਸੀ, ਪਰ ਜਦੋਂ ਸ਼ਨੀਵਾਰ ਦੁਬਾਰਾ ਇੱਥੇ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਕਰੀਬ 13 ਘੰਟਿਆਂ ਬਾਅਦ ਮੁੜ ਪਾੜ ਪੈ ਗਿਆ, ਜਿਸ ਕਾਰਨ ਵੱਡੀ ਮਾਤਰਾ ਵਿਚ ਪਾਣੀ ਆਲੇ-ਦੁਆਲੇ ਦੇ ਖੇਤਰਾਂ ਅਤੇ ਘਰਾਂ ਵੱਲ ਫੈਲ ਗਿਆ। ਰਜਵਾਹੇ ’ਚ ਪਾੜ ਪੈਣ ਬਾਅਦ ਨੇੜਲੇ ਘਰਾਂ ਵਾਲੇ ਲੋਕ ਚਿੰਤਤ ਹੋ ਗਏ। ਇਸ ਘਟਨਾ ਨਾਲ ਇਕ ਪਾਸੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਦੂਜੇ ਪਾਸੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਰਜਬਾਹੇ ਵਿਚ ਪਾਣੀ ਬੰਦ ਹੋਣ ਕਾਰਨ ਕਈ ਕਿਸਾਨਾਂ ਦੇ ਕੰਮ ਰੁਕ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਲਵਾਈ ਲਈ ਲਿਆਂਦੀ ਲੇਬਰ ਵਿਹਲੀ ਬੈਠੀ ਹੈ, ਜਿਸ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਵੀ ਨਹਿਰੀ ਪਾਣੀ ਨਾ ਮਿਲਣ ਕਾਰਨ ਨੁਕਸਾਨ ਪਹੁੰਚ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਮੁਰੰਮਤ ਦਾ ਕੰਮ ਮਜ਼ਬੂਤੀ ਨਾਲ ਕੀਤਾ ਗਿਆ ਸੀ ਤਾਂ ਫਿਰ ਰਜਬਾਹਾ ਇਨ੍ਹੀ ਜਲਦੀ ਦੁਬਾਰਾ ਕਿਵੇਂ ਟੁੱਟ ਗਿਆ। ਲੋਕਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਪਾੜ ਪੈਣ ਦੇ ਅਸਲ ਕਾਰਨਾਂ ਨੂੰ ਜਨਤਕ ਕੀਤਾ ਜਾਵੇ। ਜਿਹੜੇ ਪਾਸੇ ਰਜਬਾਹੇ ਵਿਚ ਪਾੜ ਪਿਆ ਉਧਰਲੇ ਪਾਸੇ ਬੁੱਢਾ ਦਲ ਦੀ ਜ਼ਮੀਨ ਹੈ। ਦੂਜੀ ਪਾਸ ਰਜਬਾਹੇ ਵਿਚ ਪਾੜ ਪੈਣ ਕਾਰਨ ਇਸ ’ਤੇ ਲੱਗੇ ਮਟੀਰੀਅਲ ਦੀ ਜਾਂਚ ਦੀ ਗੱਲ ਵੀ ਉੱਠ ਰਹੀ ਹੈ। ਉਧਰ ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਸਡੀਓ. ਫਿਜ਼ੀ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਪਾੜ ਦੀ ਮੁਰੰਮਤ ਪੂਰੀ ਮਜ਼ਬੂਤੀ ਨਾਲ ਕੀਤੀ ਗਈ ਸੀ ਅਤੇ ਪਾਣੀ ਛੱਡਣ ਸਮੇਂ ਮੌਕੇ ਤੇ ਵਿਭਾਗੀ ਕਰਮਚਾਰੀ ਵੀ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਪਾਣੀ ਛੱਡਣ ਤੋਂ ਬਾਅਦ ਲਗਭਗ 13 ਘੰਟਿਆਂ ਤਕ ਕੋਈ ਸਮੱਸਿਆ ਸਾਹਮਣੇ ਨਹੀਂ ਆਈ, ਪਰ ਬਾਅਦ ਵਿੱਚ ਅਚਾਨਕ ਦੁਬਾਰਾ ਰਜਬਾਹੇ ਵਿਚ ਪਾੜ ਪੈ ਗਿਆ। ਐਸ.ਡੀ.ਓ. ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ, ਕਰਮਚਾਰੀ, ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਰਾਹੀਂ ਮੌਕੇ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਪਾੜ ਪੂਰਾ ਕਰਕੇ ਰਜਵਾਹੇ ਵਿੱਚ ਪਾਣੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਕਈ ਅਹਿਮ ਸਵਾਲ ਖੜ੍ਹੇ ਹੋ ਰਹੇ ਹਨ। ਜੇਕਰ ਮੁਰੰਮਤ ਪੂਰੀ ਤਰ੍ਹਾਂ ਮਜ਼ਬੂਤ ਸੀ ਤਾਂ 13 ਘੰਟਿਆਂ ਬਾਅਦ ਦੁਬਾਰਾ ਪਾੜ ਕਿਵੇਂ ਪਿਆ? ਕੀ ਮੁਰੰਮਤ ਵਿੱਚ ਕੋਈ ਤਕਨੀਕੀ ਕਮੀ ਰਹਿ ਗਈ ਸੀ ਜਾਂ ਫਿਰ ਹੋਰ ਕੋਈ ਕਾਰਨ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੇ ਹਨ। ਕਿਸਾਨਾਂ ਅਤੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਾੜ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਨਹਿਰੀ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਤਾਂ ਜੋ ਝੋਨੇ ਦੀ ਲਵਾਈ ਅਤੇ ਹੋਰ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਨਾ ਹੋਣ।