ਕੋਟਸ਼ਮੀਰ ਖੇਤਰ ’ਚ ਵਧ ਰਹੀਆਂ ਚੋਰੀਆਂ ਨੇ ਵਧਾਈ ਚਿੰਤਾ
ਕੋਟਸ਼ਮੀਰ ਖੇਤਰ ਵਿੱਚ ਵਧ ਰਹੀਆਂ ਚੋਰੀਆਂ ਨੇ ਵਧਾਈ ਚਿੰਤਾ, ਪੁਲਿਸ ਚੌਂਕੀ ਵਿੱਚ ਮੁਲਾਜ਼ਮਾਂ ਦੀ ਘਾਟ ਬਣੀ ਮੁੱਖ ਕਾਰਨ
Publish Date: Fri, 19 Jun 2026 04:42 PM (IST)
Updated Date: Fri, 19 Jun 2026 04:45 PM (IST)

ਦਵਿੰਦਰ ਸਿੰਘ ਮਾਨ , ਪੰਜਾਬੀ ਜਾਗਰਣ ਕੋਟਫੱਤਾ ਕੋਟਸ਼ਮੀਰ ਖੇਤਰ ਵਿੱਚ ਪਿਛਲੇ ਕੁਝ ਸਮੇਂ ਤੋਂ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੇ ਇਲਾਕਾ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਥਾਣਾ ਸਦਰ ਬਠਿੰਡਾ ਅਧੀਨ ਆਉਂਦੀ ਇੰਡਸਟਰੀਅਲ ਏਰੀਆ ਕੋਟਸ਼ਮੀਰ ਪੁਲਿਸ ਚੌਂਕੀ ਦੇ ਖੇਤਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀਆਂ ਕਾਰਨ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਕਰੀਬ 20 ਦਿਨਾਂ ਦੌਰਾਨ ਕੋਟਸ਼ਮੀਰ ਨਗਰ ਵਿੱਚ ਕਈ ਥਾਵਾਂ ’ਤੇ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਇੱਕ ਮਹਾਜਨ ਪਰਿਵਾਰ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋਈ ਸੀ, ਜਿਸ ਤੋਂ ਬਾਅਦ ਵੀ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੀ ਰਾਤ ਵੀ ਇਕ ਹੋਰ ਪਰਿਵਾਰ ਦੇ ਘਰੋਂ ਮੋਬਾਇਲ ਚੋਰੀ ਹੋਣ ਤੋਂ ਇਲਾਵਾ ਇੱਕ ਪ੍ਰਵਾਸੀ ਵਿਅਕਤੀ ਦੇ ਘਰ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਚੌਂਕੀ ’ਚ ਮੁਲਾਜ਼ਮਾਂ ਦੀ ਘਾਟ ਬਣੀ ਚੁਣੌਤੀ ਕੋਟਸ਼ਮੀਰ ਪੁਲਿਸ ਚੌਂਕੀ ਅਧੀਨ ਕਈ ਪਿੰਡ ਅਤੇ ਵੱਡਾ ਖੇਤਰ ਆਉਂਦਾ ਹੈ, ਪਰ ਚੌਂਕੀ ਵਿੱਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਇਲਾਕੇ ਦੀ ਨਿਗਰਾਨੀ ਕਰਨਾ ਮੁਸ਼ਕਲ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਚੌਂਕੀ ਵਿੱਚ ਕਰੀਬ 9 ਮੁਲਾਜ਼ਮ ਹੀ ਤਾਇਨਾਤ ਹਨ, ਜੋ ਇੰਨੇ ਵੱਡੇ ਖੇਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਰਾਤ ਸਮੇਂ ਲੱਗਣ ਵਾਲੇ ਨਾਕਿਆਂ ਅਤੇ ਬੱਸ ਅੱਡੇ ਨੇੜੇ ਖੜ੍ਹੀ ਐਸਐਸਐਫ ਦੀ ਗੱਡੀ ਕਾਰਨ ਸ਼ਰਾਰਤੀ ਅਨਸਰਾਂ ਵਿੱਚ ਡਰ ਬਣਿਆ ਰਹਿੰਦਾ ਸੀ, ਪਰ ਹੁਣ ਸੁਰੱਖਿਆ ਪ੍ਰਬੰਧ ਘਟਣ ਨਾਲ ਚੋਰਾਂ ਦੇ ਹੌਸਲੇ ਵਧਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੀ ਗਸ਼ਤ ਵਧਾਈ ਜਾਵੇ ਅਤੇ ਚੌਂਕੀ ਵਿੱਚ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ। ਐਸਐਸਪੀ ਬਠਿੰਡਾ ਨੂੰ ਮਿਲ ਕੇ ਸੌਂਪਿਆ ਜਾਵੇਗਾ ਮੰਗ ਪੱਤਰ : ਨਿਰਮਲ ਨਿੰਮਾ ਇਸ ਸਬੰਧੀ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਕੋਟਸ਼ਮੀਰ ਖੇਤਰ ਵਿੱਚ ਵਧ ਰਹੀਆਂ ਚੋਰੀਆਂ ਅਤੇ ਪੁਲਿਸ ਚੌਂਕੀ ਵਿੱਚ ਮੁਲਾਜ਼ਮਾਂ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਉਹ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਜਲਦ ਹੀ ਐਸਐਸਪੀ ਬਠਿੰਡਾ ਨੂੰ ਮੰਗ ਪੱਤਰ ਸੌਂਪਣਗੇ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਬੰਧ ਮਜ਼ਬੂਤ ਹੋਣੇ ਚਾਹੀਦੇ ਹਨ ਤਾਂ ਜੋ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰਹੇ।ਇਸ ਮੌਕੇ ਕੋਟਸ਼ਮੀਰ ਨਗਰ ਪੰਚਾਇਤ ਦੇ ਪਰਮਜੀਤ ਸਿੰਘ ਪੰਮਾ, ਐਮਸੀ ਜਸਪ੍ਰੀਤ ਸਿੰਘ ਜੱਸਾ, ਐਮਸੀ ਰਾਮ ਸਿੰਘ ਮਾਨ, ਐਮਸੀ ਜਸਦੀਪ ਕੌਰ ਦੇ ਪਤੀ ਮਨਪ੍ਰੀਤ ਸਿੰਘ ਮਨਾ, ਪਿੰਡ ਵਾਸੀ ਰਾਜ ਕੁਮਾਰ, ਰਾਜਵਿੰਦਰ ਸਿੰਘ, ਜਗਪਾਲ ਸਿੰਘ, ਰਮਨ ਸਿੱਧੂ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।