ਜ਼ਮਾਨਤ 'ਤੇ ਬਾਹਰ ਆ ਕੇ ਫਿਰ ਸ਼ੁਰੂ ਕੀਤਾ ਨਸ਼ੇ ਦਾ ਧੰਦਾ, 201 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
ਜਮਾਨਤ 'ਤੇ ਬਾਹਰ ਆ ਕੇ ਫਿਰ ਸ਼ੁਰੂ ਕੀਤਾ ਨਸ਼ੇ ਦਾ ਧੰਦਾ, 201 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Publish Date: Fri, 19 Jun 2026 04:33 PM (IST)
Updated Date: Fri, 19 Jun 2026 04:33 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼-1 ਦੀ ਟੀਮ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਦੀ ਗ੍ਰਿਫ਼ਤਾਰੀ ਵਿੱਚ ਆਏ ਉਕਤ ਨੌਜਵਾਨ ਖ਼ਿਲਾਫ਼ ਪਹਿਲਾਂ ਵੀ ਰਾਜਸਥਾਨ ਵਿੱਚ ਭੁੱਕੀ ਤਸਕਰੀ ਦਾ ਇੱਕ ਪਰਚਾ ਦਰਜ ਹੈ ਅਤੇ ਉਹ ਥੋੜਾ ਸਮਾਂ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਜਮਾਨਤ ਤੇ ਆਉਣ ਤੋਂ ਬਾਅਦ ਉਸ ਦੁਬਾਰਾ ਨਸ਼ਾ ਸਮਗਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਫੜਿਆ ਗਿਆ ਨੌਜਵਾਨ ਪੇਸ਼ੇ ਵਜੋਂ ਏਸੀ ਰਿਪੇਅਰਿੰਗ ਦਾ ਕੰਮ ਕਰਦਾ ਹੈ, ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੇ ਘਰੀਂ ਜਾ ਕੇ ਏਸੀ ਠੀਕ ਕਰਨ ਦੀ ਆੜ ਵਿੱਚ ਇਸ ਨਜਾਇਜ਼ ਧੰਦੇ ਨੂੰ ਅੰਜ਼ਾਮ ਦੇ ਰਿਹਾ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਐਸਐਸਪੀ ਜਯੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੀਆਈਏ ਸਟਾਫ਼ ਦੇ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਵਿੱਚ ਏਐਸਆਈ ਪਰਮਜੀਤ ਸਿੰਘ ਦੀ ਪੁਲਿਸ ਟੀਮ ਜਦੋਂ ਤਲਵੰਡੀ ਸਾਬੋ ਰੋਡ ਤੋਂ ਬਹਿਣੀਵਾਲ ਵੱਲ ਗਸ਼ਤ ਕਰ ਰਹੀ ਸੀ, ਤਾਂ ਜਗਾ ਰਾਮ ਤੀਰਥ ਬੱਸ ਅੱਡੇ ਦੇ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 201 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਕਥਿਤ ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਨਿੱਕਾ ਵਾਸੀ ਜਗਾ ਰਾਮ ਤੀਰਥ ਵਜੋਂ ਹੋਈ ਹੈ। ਡੀਐਸਪੀ ਭਾਟੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਫਰੋਲਣ ਤੇ ਪਤਾ ਲੱਗਿਆ ਹੈ ਕਿ ਉਸ ਵਿਰੁੱਧ ਪਹਿਲਾਂ ਵੀ ਰਾਜਸਥਾਨ ਦੇ ਇਕ ਥਾਣੇ ਵਿੱਚ 10 ਕਿੱਲੋ ਭੁੱਕੀ ਤਸਕਰੀ ਦਾ ਮਾਮਲਾ ਦਰਜ ਹੈ, ਜਿਸ ਵਿੱਚੋਂ ਉਹ ਜਮਾਨਤ ਤੇ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਹੜੇ-ਕਿਹੜੇ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ, ਜਿਸ ਨਾਲ ਨਸ਼ਾ ਤਸਕਰੀ ਦੇ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।