ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਵਿਖੇ ਮਨਾਇਆ ਸ਼ਹੀਦੀ ਪੁਰਬ
ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਵਿਖੇ ਮਨਾਇਆ ਸ਼ਹੀਦੀ ਪੁਰਬ
Publish Date: Thu, 18 Jun 2026 04:49 PM (IST)
Updated Date: Thu, 18 Jun 2026 04:51 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸੰਬੰਧਿਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਵਿਖੇ ਸਮੁੱਚੀ ਸੰਗਤ ਵੱਲੋਂ ਸ਼ਰਧਾ ਅਤੇ ਅਕੀਦਤ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥਕ ਸ਼ਖਸੀਅਤਾਂ ਅਤੇ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿਚ ਸੀਸ ਨਿਵਾਇਆ। ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ ਇਲਾਹੀ ਬਾਣੀ ਦੇ ਭੋਗ ਦੀ ਅਤੇ ਕੌਮ ਦੀ ਚੜ੍ਹਦੀਕਲਾ ਲਈ ਸਰਬੱਤ ਦੇ ਭਲੇ ਦੀ ਅਰਦਾਸ ਦੀ ਸੇਵਾ ਨਿਭਾਈ। ਅਰਦਾਸ ਉਪਰੰਤ ਗਿਆਨੀ ਆਲਮ ਸਿੰਘ ਜੀ ਵੱਲੋਂ ਪਵਿੱਤਰ ਮੁਖਵਾਕ (ਹੁਕਮਨਾਮਾ) ਲਿਆ ਗਿਆ। ਸਮਾਗਮ ਦੌਰਾਨ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਰੰਗ ਵਿਚ ਰੰਗਿਆ ਅਤੇ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਨੇ ਗੁਰੂ ਸਾਹਿਬ ਦੇ ਲਾਸਾਨੀ ਜੀਵਨ, ਦਾਰਸ਼ਨਿਕ ਯੋਗਦਾਨ ਅਤੇ ਅਦੁੱਤੀ ਸ਼ਹੀਦੀ ਇਤਿਹਾਸ ਦੇ ਗੌਰਵਮਈ ਪੰਨਿਆਂ ਤੋਂ ਸੰਗਤ ਨੂੰ ਰੂ-ਬ-ਰੂ ਕਰਵਾਇਆ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਮੌਜੂਦਾ ਸਮਾਜਿਕ ਅਤੇ ਪੰਥਕ ਹਾਲਾਤਾਂ ਤੇ ਗੰਭੀਰ ਚਿੰਤਾ ਪ੍ਰਗਟਾਈ। ਸ਼ਹਾਦਤ ਦਾ ਜਿਕਰ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜ਼ੁਲਮ ਅਤੇ ਅਨਿਆਂ ਵਿਰੁੱਧ ਇਕ ਅਜਿਹਾ ਮੀਲ ਪੱਥਰ ਹੈ, ਜਿਸ ਨੇ ਕੌਮ ਨੂੰ ਹਰ ਹਾਲਾਤ ਵਿਚ ਅਕਾਲ ਪੁਰਖ ਦੇ ਭਾਣੇ ਵਿਚ ਪ੍ਰਸੰਨ ਰਹਿਣ ਦਾ ਮਾਰਗ ਦਿਖਾਇਆ। ਮੌਜੂਦਾ ਦੌਰ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਿੱਖ ਕੌਮ ਨੂੰ ਆਪਣੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ, ਸੰਦੇਸ਼ਾਂ ਅਤੇ ਮਰਯਾਦਾ ਦੀ ਪ੍ਰਤੀਬੱਧਤਾ ਨਾਲ ਪਾਲਣਾ ਕਰਨੀ ਹੋਵੇਗੀ। ਜਥੇਦਾਰ ਸਾਹਿਬ ਨੇ ਜ਼ੋਰ ਦੇ ਕੇ ਕਿਹਾ ਕਿ ਪੰਥਕ ਸ਼ਕਤੀ ਅਤੇ ਇਕਜੁੱਟਤਾ ਕੇਵਲ ਤੇ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਸਿਧਾਂਤਾਂ ਤੇ ਪਹਿਰਾ ਦੇਣ ਨਾਲ ਹੀ ਕਾਇਮ ਰਹਿ ਸਕਦੀ ਹੈ। ਸਮਾਗਮ ਦੀ ਸਮਾਪਤੀ ਤੇ ਪ੍ਰਬੰਧਕਾਂ ਵੱਲੋਂ ਆਈਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸੰਗਤ ਲਈ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਅਵਸਰ ਤੇ ਤਖਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ, ਵਧੀਕ ਮੈਨੇਜਰ ਗੁਰਦੇਵ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ, ਮੀਤ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ, ਧਰਮ ਪ੍ਰਚਾਰ ਕਮੇਟੀ ਸਬ ਆਫਿਸ ਦੇ ਇੰਚਾਰਜ ਭੋਲਾ ਸਿੰਘ, ਵਧੀਕ ਗ੍ਰੰਥੀ ਗਿਆਨੀ ਗੁਰਜੰਟ ਸਿੰਘ, ਮੁੱਖ ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਅਤੇ ਕਥਾਵਾਚਕ ਗਿਆਨੀ ਆਲਮ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।