ਮਾਤਾ ਵੈਸ਼ਨੂੰ ਦੇਵੀ ਬੱਸ ਯਾਤਰਾ ਨੇ ਕਰਵਾਏ ਮਾਤਾ ਦੇ ਦਰਸ਼ਨ
ਮਾਤਾ ਵੈਸ਼ਨੂੰ ਦੇਵੀ ਬੱਸ ਯਾਤਰਾ ਨੇ ਕਰਵਾਏ ਮਾਤਾ ਦੇ ਦਰਸ਼ਨ
Publish Date: Thu, 18 Jun 2026 04:35 PM (IST)
Updated Date: Thu, 18 Jun 2026 04:36 PM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸਥਾਨਕ ਸ਼ਹਿਰ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ‘ਮਾਤਾ ਵੈਸ਼ਨੂੰ ਦੇਵੀ ਬੱਸ ਯਾਤਰਾ ਮੰਡਲ ਮੌੜ’ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂਆਂ ਲਈ ਮਾਤਾ ਵੈਸ਼ਨੂੰ ਦੇਵੀ ਜੀ ਦੀ ਪਵਿੱਤਰ ਯਾਤਰਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਰਕੇਸ਼ ਕੁਮਾਰ ਟਾਟਰੀ ਦੀ ਅਗਵਾਈ ਹੇਠ ਮੰਡਲ ਵੱਲੋਂ ਰਵਾਨਾ ਕੀਤੀ ਗਈ ਵਿਸ਼ੇਸ਼ ਬੱਸ ਰਾਹੀਂ ਵੱਡੀ ਗਿਣਤੀ ਵਿਚ ਇਲਾਕੇ ਦੇ ਸ਼ਰਧਾਲੂਆਂ ਨੇ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਯਾਤਰਾ ਦੀ ਰਵਾਨਗੀ ਮੌਕੇ ਐਡਵੋਕੇਟ ਭਾਰਤ ਭੂਸ਼ਣ ਵੱਲੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਥੇ ਦੇ ਰਵਾਨਾ ਹੋਣ ਸਮੇਂ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਮੰਡਲ ਦੇ ਪ੍ਰਬੰਧਕਾਂ ਯਸਪਾਲ, ਸ਼ਸ਼ੀ ਕੁਮਾਰ, ਪਿੰਟਾ, ਨਰੇਸ਼ ਨਿੱਕਾ ਵੱਲੋਂ ਯਾਤਰਾ ਤੇ ਜਾਣ ਵਾਲੇ ਸਾਰੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਸੁਖਾਵੇਂ ਸਫ਼ਰ ਲਈ ਅਰਦਾਸ ਕੀਤੀ ਗਈ। ਇਸ ਮੌਕੇ ਉਹ ਮਾਸ਼ਾ ਬਿੱਟੂ ਦੀਪੂ ਅੰਕਸ਼ ਡਾਕਟਰ ਅਸ਼ਵਨੀ ਅਤੇ ਕੇਸ਼ੀ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਯਾਤਰਾ ਦੌਰਾਨ ਰਹਿਣ, ਖਾਣ-ਪੀਣ (ਲੰਗਰ) ਅਤੇ ਮੈਡੀਕਲ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਤੋਂ ਇਲਾਵਾ ਸ਼ਰਧਾਲੂਆਂ ਨੂੰ ਰਸਤੇ ਵਿੱਚ ਆਉਂਦੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਵਾਏ ਗਏ। ਮੰਡਲ ਦੇ ਸੀਨੀਅਰ ਮੈਂਬਰ ਲੱਕੀ ਅਤੇ ਮੋਹਿਤ ਚੰਡੀਗੜ੍ਹ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਹਰ ਉਸ ਸ਼ਰਧਾਲੂ ਨੂੰ ਪਵਿੱਤਰ ਦਰਬਾਰ ਦੇ ਦਰਸ਼ਨ ਕਰਵਾਉਣਾ ਹੈ, ਜੋ ਮਾਤਾ ਦੇ ਚਰਨਾਂ ਵਿਚ ਹਾਜ਼ਰੀ ਲਗਾਉਣ ਦੀ ਇੱਛਾ ਰੱਖਦਾ ਹੈ। ਸਾਰੀ ਯਾਤਰਾ ਬਿਨਾਂ ਕਿਸੇ ਵਿਘਨ ਦੇ ਬਹੁਤ ਹੀ ਸ਼ਾਂਤੀਪੂਰਵਕ ਅਤੇ ਅਨੰਦਮਈ ਢੰਗ ਨਾਲ ਸੰਪੰਨ ਹੋਈ ਹੈ। ਯਾਤਰਾ ਤੋਂ ਮੁੜੇ ਸ਼ਰਧਾਲੂਆਂ ਨੇ ਮਾਤਾ ਵੈਸ਼ਨੂੰ ਦੇਵੀ ਬੱਸ ਯਾਤਰਾ ਮੰਡਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਪਰਿਵਾਰਕ ਮੈਂਬਰਾਂ ਵਾਂਗ ਸੇਵਾ ਨਿਭਾਈ ਗਈ, ਜਿਸ ਸਦਕਾ ਉਨ੍ਹਾਂ ਨੂੰ ਦਰਸ਼ਨ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਇਸ ਮੌਕੇ ਮੰਡਲ ਦੇ ਸਮੂਹ ਮੈਂਬਰ, ਅਹੁਦੇਦਾਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।