ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ : ਡਾ. ਬਲਰਾਜ ਸਿੰਘ
ਗੁਰੂ ਕਾਸ਼ੀ ਯੂਨੀਵਰਸਿਟੀ ਨੇ “ਠੰਢੇ-ਮਿੱਠੇ ਪਾਣੀ ਦੀ ਛਬੀਲ” ਲਗਾਈ
Publish Date: Tue, 16 Jun 2026 04:04 PM (IST)
Updated Date: Tue, 16 Jun 2026 04:06 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਦਣ ਤਲਵੰਡੀ ਸਾਬੋ ਸ਼ਹੀਦਾਂ ਨੂੰ ਨਮਨ ਕਰਦੇ ਹੋਏ, ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਮੂਹ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ,, ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ, ਵੱਖ-ਵੱਖ ਫੈਕਲਟੀਆਂ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਗੁਰੂ ਚਰਨਾਂ ਵਿੱਚ ਸਿਜਦਾ ਕਰਦੇ ਹੋਏ, ਛਬੀਲ ਦੀ ਸੇਵਾ ਕੀਤੀ। ਇਸ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ। ਉਹਨਾਂ ਛਬੀਲ ਮੌਕੇ ਸਟੀਲ ਦੇ ਗਿਲਾਸਾਂ ਵਿੱਚ ਵਰਤਾਏ ਗਏ ਠੰਡੇ-ਮਿੱਠੇ ਪਾਣੀ ਦਾ ਹਵਾਲਾ ਦਿੰਦਿਆ ਕਿਹਾ ਕਿ ਆਯੋਜਕਾਂ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੇ ਗਿਲਾਸਾਂ ਤੋਂ ਪਰਹੇਜ਼ ਕਰਦੇ ਹੋਏ, ਸਟੀਲ ਦੇ ਬਰਤਨਾਂ ਵਿੱਚ ਠੰਡਾ-ਮਿੱਠਾ ਜਲ ਵਰਤਾਇਆ ਗਿਆ ਹੈ। ਜੋ ਆਲ਼ੇ-ਦੁਆਲੇ ਨੂੰ ਪਲਾਸਟਿਕ ਮੁਕਤ ਕਰਨ ਦਾ ਸੰਦੇਸ਼ ਦਿੰਦਾ ਹੈ। ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਸਾਫ਼ ਕੀਤੇ ਗਿਲਾਸਾਂ ਨਾਲ, ਸੇਵਾ, ਨਿਮਰਤਾ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਸਮੁੱਚੇ ਦੇਸ਼-ਵਾਸੀਆਂ ਨੂੰ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ ਹੈ, ਕਿਉਂਕਿ ਸਿੰਗਲ ਯੂਜ਼ ਪਲਾਸਟਿਕ ਨਾਲ ਸਾਡਾ ਵਾਤਾਵਰਣ ਪਲੀਤ ਹੋ ਰਿਹਾ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਆਲਾ-ਦੁਆਲਾ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਗੁਰੂਆਂ ਵੱਲੋਂ ਵਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਲੋਕ-ਹਿੱਤ ਕਾਰਜ ਕਰਨੇ ਚਾਹੀਦੇ ਹਨ, ਇਸ ਦੇ ਲਈ ਨਿੱਜੀ ਸਵਾਰਥ ਤਿਆਗ ਕੇ ਸਮਾਜ-ਹਿੱਤ ਵਿੱਚ ਭਲਾਈ ਵਾਲੇ ਕੰਮ ਕਰਨ ਦੀ ਲੋੜ ਹੈ। ਛਬੀਲ ਦੀ ਸ਼ੁਰੂਆਤ ਮੌਕੇ ਮੁੱਖੀ ਧਰਮ ਅਧਿਐਨ ਵਿਭਾਗ ਡਾ. ਗੁਰਜੀਤ ਸਿੰਘ ਖ਼ਾਲਸਾ ਵੱਲੋਂ ਸਭਨਾਂ ਦੇ ਚੜ੍ਹਦੀਕਲਾ ਵਿੱਚ ਰਹਿਣ ਦੀ ਅਰਦਾਸ ਕੀਤੀ ਗਈ। ਉਹਨਾਂ ਦੱਸਿਆ ਕਿ ਜੀਕੇਯੂ. ਦੀ ਸਮੂਹ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀ ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਠੰਡੇ-ਮਿੱਠੇ ਪਾਣੀ ਦੀ ਛਬੀਲ ਲਾਉਂਦੇ ਹਨ। ਜਿਸ ਦੀ ਯਾਤਰੀਆਂ ਅਤੇ ਗਰਮੀ ਵਿੱਚ ਲੰਘਣ ਵਾਲੇ ਰਾਹੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਛਬੀਲ ਰਾਹੀਂ ਭਾਈ ਕਨ੍ਹੱਈਆਂ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾਂਦਾ ਹੈ।