ਦਿਨ-ਦਿਹਾੜੇ ਬਜ਼ੁਰਗ ਮਹਿਲਾ ਦੀ ਸੋਨੇ ਦੀ ਵਾਲੀ ਝਪਟੀ
ਦਿਨ-ਦਿਹਾੜੇ ਬਜ਼ੁਰਗ ਮਹਿਲਾ ਦੀ ਸੋਨੇ ਦੀ ਵਾਲੀ ਝਪਟੀ
Publish Date: Tue, 16 Jun 2026 04:00 PM (IST)
Updated Date: Tue, 16 Jun 2026 04:03 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਸਿਰਕੀ ਬਾਜ਼ਾਰ ਸਥਿਤ ਕਮਿਊਨਿਟੀ ਵਾਲੀ ਗਲੀ ਵਿੱਚ ਸੋਮਵਾਰ ਸ਼ਾਮ ਕਰੀਬ 6:30 ਵਜੇ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਉਂਦਿਆਂ ਉਸਦੀ ਸੋਨੇ ਦੀ ਵਾਲੀ ਝਪਟ ਲਈ ਅਤੇ ਤਲਵਾਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਮਹਿਲਾ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਆਪਣੀ ਪੋਤੀ ਨਾਲ ਬਾਜ਼ਾਰ ਤੋਂ ਸਬਜ਼ੀ ਖਰੀਦ ਕੇ ਘਰ ਪਰਤੀ ਸੀ। ਜਿਵੇਂ ਹੀ ਉਹ ਘਰ ਦੇ ਬਾਹਰ ਸਕੂਟੀ ਤੋਂ ਉਤਰੀ, ਉਸੇ ਸਮੇਂ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਕਿਸੇ ਘਰ ਦਾ ਪਤਾ ਪੁੱਛਣ ਲੱਗੇ। ਬਦਮਾਸ਼ਾਂ ਨੇ ਗੱਲਾਂ ਵਿੱਚ ਉਲਝਾ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੁਰਦੀਪ ਕੌਰ ਦੀ ਪੋਤੀ ਨੂੰ ਨੌਜਵਾਨਾਂ ਦੀਆਂ ਹਰਕਤਾਂ ’ਤੇ ਸ਼ੱਕ ਹੋ ਗਿਆ। ਉਸ ਨੇ ਤੁਰੰਤ ਆਪਣੀ ਦਾਦੀ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਵਿੱਚੋਂ ਇੱਕ ਬਦਮਾਸ਼ ਨੇ ਝਪਟਾ ਮਾਰ ਕੇ ਉਨ੍ਹਾਂ ਦੇ ਇੱਕ ਕੰਨ ਦੀ ਸੋਨੇ ਦੀ ਵਾਲੀ ਖੋਹ ਲਈ। ਜਦੋਂ ਦੂਜੀ ਵਾਲੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਲੇਰੀ ਦਿਖਾਉਂਦਿਆਂ ਬਦਮਾਸ਼ਾਂ ਦਾ ਵਿਰੋਧ ਕੀਤਾ ਅਤੇ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਨੇੜੇ ਰਹਿਣ ਵਾਲੀ ਇੱਕ ਹੋਰ ਮਹਿਲਾ ਵੀ ਮੌਕੇ ’ਤੇ ਪਹੁੰਚ ਗਈ। ਖੁਦ ਨੂੰ ਘਿਰਦੇ ਦੇਖ ਤਿੰਨੇ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਭੱਜਦੇ ਸਮੇਂ ਉਨ੍ਹਾਂ ਨੇ ਤਲਵਾਰ ਵੀ ਲਹਿਰਾਈ, ਜਿਸ ਕਾਰਨ ਉੱਥੇ ਮੌਜੂਦ ਬੱਚੇ ਅਤੇ ਲੋਕ ਸਹਿਮ ਗਏ ਅਤੇ ਕਿਸੇ ਨੇ ਵੀ ਉਨ੍ਹਾਂ ਦਾ ਪਿੱਛਾ ਕਰਨ ਦੀ ਹਿੰਮਤ ਨਹੀਂ ਕੀਤੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬਦਮਾਸ਼ਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ, ਝਪਟਮਾਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਦੇ ਬਾਵਜੂਦ ਪੁਲਿਸ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ। ਸ਼ਹਿਰ ’ਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ : ਕੌਂਸਲਰ ਸੰਦੀਪ ਕੁਮਾਰ ਬੌਬੀ ਇਲਾਕੇ ਦੇ ਕੌਂਸਲਰ ਸੰਦੀਪ ਕੁਮਾਰ ਬੌਬੀ ਨੇ ਕਿਹਾ ਕਿ ਸ਼ਹਿਰ ਵਿਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਬਦਮਾਸ਼ਾਂ ਵਿਚੋਂ ਪੁਲਿਸ ਦਾ ਖੌਫ਼ ਪੂਰੀ ਤਰ੍ਹਾਂ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਦੋ ਦਿਨ ਪਹਿਲਾਂ ਇਸੇ ਇਲਾਕੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੱਤਾਧਾਰੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਦੌਰਾ ਹੋਇਆ ਸੀ। ਉਸ ਵੇਲੇ ਪੂਰੇ ਇਲਾਕੇ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਆਮ ਲੋਕਾਂ ਦੀ ਆਵਾਜਾਈ ਤਕ ਸੀਮਤ ਕਰ ਦਿੱਤੀ ਗਈ ਸੀ। ਪਰ ਉਸੇ ਇਲਾਕੇ ਵਿੱਚ ਦਿਨ-ਦਿਹਾੜੇ ਅਜਿਹੀ ਵਾਰਦਾਤ ਹੋ ਜਾਣਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵੱਲੋਂ ਨਿਯਮਿਤ ਗਸ਼ਤ ਅਤੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਤਾਂ ਅਜਿਹੀਆਂ ਘਟਨਾਵਾਂ ’ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਬਾਕਸ ਸੀਸੀਟੀਵੀ ਫੁਟੇਜ ਬਣੀ ਅਹਿਮ ਸਬੂਤ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ। ਪੁਲਿਸ ਵੱਲੋਂ ਇਲਾਕੇ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਦਮਾਸ਼ਾਂ ਦੇ ਭੱਜਣ ਵਾਲੇ ਰੂਟ ਅਤੇ ਉਨ੍ਹਾਂ ਦੀ ਪਛਾਣ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲਿਸ ਦੁਆਰਾ ਖੰਗਾਲੀ ਜਾ ਰਹੀ ਹੈ।