ਮਾਨਸੂਨ ਨੇੜੇ, ਨਿਗਮ ਕਿੰਨਾ ਤਿਆਰ ; ਮੀਂਹ ਦੇ ਮੌਸਮ ਦੌਰਾਨ ਹਰ ਸਾਲ ਪਾਣੀ ’ਚ ਡੁੱਬ ਜਾਂਦਾ ਹੈ ਬਠਿੰਡਾ ਸ਼ਹਿਰ
ਮਾਨਸੂਨ ਨੇੜੇ, ਨਗਰ ਨਿਗਮ ਕਿੰਨਾਂ ਤਿਆਰ
Publish Date: Tue, 16 Jun 2026 03:58 PM (IST)
Updated Date: Tue, 16 Jun 2026 04:00 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਵਿਚ ਮਾਨਸੂਨ ਜੂਨ ਦੇ ਆਖਰੀ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਦਸਤਕ ਦੇ ਸਕਦਾ ਹੈ। ਅਜਿਹੇ ਵਿਚ ਬਰਸਾਤੀ ਮੌਸਮ ਸ਼ੁਰੂ ਹੋਣ ਵਿਚ ਹੁਣ ਕਰੀਬ 10 ਤੋਂ 15 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ। ਹਰ ਸਾਲ ਮਾਨਸੂਨ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ, ਰਿਹਾਇਸ਼ੀ ਕਾਲੋਨੀਆਂ ਅਤੇ ਵਪਾਰਕ ਬਾਜ਼ਾਰਾਂ ਵਿਚ ਮੀਂਹ ਦਾ ਪਾਣੀ ਭਰਨ ਦੀ ਸਮੱਸਿਆ ਲੋਕਾਂ ਲਈ ਵੱਡੀ ਚਿੰਤਾ ਬਣ ਜਾਂਦੀ ਹੈ। ਕਈ ਥਾਵਾਂ ’ਤੇ ਲੰਬੇ ਸਮੇਂ ਤਕ ਪਾਣੀ ਖੜ੍ਹਾ ਰਹਿਣ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਦੁਕਾਨਦਾਰਾਂ ਅਤੇ ਸਥਾਨਕ ਵਸਨੀਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਮੀਂਹ ਦਾ ਪਾਣੀ ਭਰਨ ਦਾ ਸਭ ਤੋਂ ਵੱਡਾ ਕਾਰਨ ਨਿਕਾਸੀ ਸਿਸਟਮ ਪੁਰਾਣਾ ਹੋਣਾ ਹੈ। ਇਸ ਤੋਂ ਇਲਾਵਾ ਸੀਵਰੇਜ ਪ੍ਰਣਾਲੀ ਦੀ ਸਮੇਂ ਸਿਰ ਸਫਾਈ ਨਾ ਹੋਣਾ, ਨਾਲਿਆਂ ਵਿਚ ਗਾਰ ਅਤੇ ਕੂੜਾ ਜਮ੍ਹਾਂ ਹੋਣ ਵਰਗੇ ਕਾਰਨ ਜ਼ਿੰਮੇਵਾਰ ਮੰਨੇ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਨਗਰ ਨਿਗਮ ਨੇ ਮਾਨਸੂਨ ਤੋਂ ਪਹਿਲਾਂ ਹੀ ਜਲ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਗਮ ਦਾ ਦਾਅਵਾ ਹੈ ਕਿ ਪਿਛਲੇ ਸਾਲਾਂ ਦੇ ਤਜਰਬਿਆਂ ਤੋਂ ਸਬਕ ਲੈਂਦਿਆਂ ਇਸ ਵਾਰ ਪਹਿਲਾਂ ਨਾਲੋਂ ਵਧੇਰੇ ਯੋਜਨਾਬੱਧ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬਰਸਾਤ ਦੇ ਦੌਰਾਨ ਸ਼ਹਿਰ ਵਾਸੀਆਂ ਨੂੰ ਘੱਟ ਤੋਂ ਘੱਟ ਦਿੱਕਤ ਦਾ ਸਾਹਮਣਾ ਕਰਨਾ ਪਵੇ। ਪਾਣੀ ਭਰਨ ਵਾਲੇ ਖੇਤਰਾਂ ਨੂੰ ਦਿੱਤੀ ਪਹਿਲੀ ਤਰਜੀਹ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਸ ਵਾਰ ਸਭ ਤੋਂ ਪਹਿਲਾਂ ਉਨ੍ਹਾਂ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਰ ਸਾਲ ਮੀਂਹ ਦੌਰਾਨ ਸਭ ਤੋਂ ਵੱਧ ਮੀਂਹ ਦਾ ਪਾਣੀ ਜਮ੍ਹਾਂ ਹੁੰਦਾ ਹੈ ਅਤੇ ਪਾਣੀ ਦੀ ਨਿਕਾਸੀ ਵਿਚ ਮੁਸ਼ਕਲਾਂ ਆਉਂਦੀਆਂ ਹਨ। ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਜਾਂ ਹਾਟਸਪਾਟਾਂ ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਕਵਰ ਕੀਤਾ ਜਾ ਰਿਹਾ ਹੈ। ਨਿਗਮ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਮਾਨਸੂਨ ਤੋਂ ਪਹਿਲਾਂ ਹੀ ਸੀਵਰੇਜ ਨੈੱਟਵਰਕ ਨੂੰ ਸੁਚਾਰੂ ਬਣਾਇਆ ਜਾ ਸਕੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਨੀਵੇਂ ਇਲਾਕਿਆਂ ਵਿਚ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਜਾਣ ਤਾਂ ਬਰਸਾਤ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸੇ ਮੰਤਵ ਨਾਲ ਸ਼ਹਿਰ ਦੇ ਮੁੱਖ ਅਤੇ ਸ਼ਾਖਾ ਸੀਵਰੇਜ ਨੈੱਟਵਰਕ ਦੀ ਵਿਆਪਕ ਡੀ-ਸ਼ਿਲਟਿੰਗ ਦਾ ਕੰਮ ਜਾਰੀ ਹੈ। ਮਈ ਤੋਂ ਚੱਲ ਰਹੀ ਹੈ ਡੀ-ਸ਼ਿਲਟਿੰਗ ਮੁਹਿੰਮ ਨਗਰ ਨਿਗਮ ਵੱਲੋਂ ਮਈ ਮਹੀਨੇ ਤੋਂ ਡੀ-ਸ਼ਿਲਟਿੰਗ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਸੀਵਰੇਜ ਲਾਈਨਾਂ ਵਿੱਚ ਜਮ੍ਹਾਂ ਗਾਰ, ਮਲਬਾ ਅਤੇ ਕੂੜੇ-ਕਰਕਟ ਨੂੰ ਹਟਾ ਕੇ ਪਾਣੀ ਨਿਕਾਸੀ ਦੀ ਸਮਰੱਥਾ ਵਿੱਚ ਵਾਧਾ ਕਰਨਾ ਹੈ। ਬਰਸਾਤ ਦੇ ਮੌਸਮ ਵਿੱਚ ਅਕਸਰ ਇਹੀ ਗਾਰ ਅਤੇ ਰੁਕਾਵਟਾਂ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਬਣਦੀਆਂ ਹਨ, ਜਿਸ ਕਾਰਨ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ। ਨਿਗਮ ਦਾ ਕਹਿਣਾ ਹੈ ਕਿ ਇਸ ਵਾਰ ਸਫਾਈ ਕਾਰਜ ਨੂੰ ਸਮੇਂ ਸਿਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਮਾਨਸੂਨ ਆਉਣ ਤੋਂ ਪਹਿਲਾਂ ਸਾਰਾ ਨੈੱਟਵਰਕ ਤਿਆਰ ਕੀਤਾ ਜਾ ਸਕੇ ਅਤੇ ਸ਼ਹਿਰ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਤਿੰਨ ਸੁਪਰ ਸਕਰ ਅਤੇ ਤਿੰਨ ਜੈਟਿੰਗ-ਕਮ-ਸਕਰ ਮਸ਼ੀਨਾਂ ਮੈਦਾਨ ’ਚ ਡੀ-ਸ਼ਿਲਟਿੰਗ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਨਗਰ ਨਿਗਮ ਨੇ ਤਿੰਨ ਸੁਪਰ ਸਕਰ ਮਸ਼ੀਨਾਂ ਅਤੇ ਤਿੰਨ ਜੈਟਿੰਗ-ਕਮ-ਸਕਰ ਮਸ਼ੀਨਾਂ ਨੂੰ ਮੈਦਾਨ ਵਿਚ ਉਤਾਰਿਆ ਹੋਇਆ ਹੈ। ਕੁੱਲ ਛੇ ਆਧੁਨਿਕ ਮਸ਼ੀਨਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਕੰਮ ਕਰ ਰਹੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਮੁੱਖ ਅਤੇ ਸ਼ਾਖਾ ਸੀਵਰੇਜ ਲਾਈਨਾਂ ਵਿਚ ਜਮ੍ਹਾਂ ਗਾਦ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਬੰਦ ਹੋ ਚੁੱਕੀਆਂ ਪਾਈਪ ਲਾਈਨਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਸਫਾਈ ਕਾਰਜ ਦੀ ਰਫ਼ਤਾਰ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਥਾਵਾਂ ਤੱਕ ਵੀ ਪਹੁੰਚ ਸੰਭਵ ਹੋਈ ਹੈ ਜਿੱਥੇ ਪਹਿਲਾਂ ਹੱਥੀਂ ਸਫਾਈ ਕਰਨ ਵਿਚ ਜ਼ਿਆਦਾ ਸਮਾਂ ਲੱਗਦਾ ਸੀ। ਖਾਸ ਕਰਕੇ ਪ੍ਰਭਾਵਿਤ ਇਲਾਕਿਆਂ ਵਿਚ ਸੁਪਰ ਸਕਰ ਮਸ਼ੀਨਾਂ ਰਾਹੀਂ ਡੂੰਘਾਈ ਵਿੱਚ ਜੰਮੀ ਗਾਰ ਨੂੰ ਹਟਾਇਆ ਜਾ ਰਿਹਾ ਹੈ। 10 ਕਿਲੋਮੀਟਰ ਮੁੱਖ ਤੇ 45 ਕਿਲੋਮੀਟਰ ਸ਼ਾਖਾ ਸੀਵਰੇਜ ਦੀ ਹੋਵੇਗੀ ਸਫਾਈ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਦੱਸਿਆ ਕਿ ਇਸ ਵਾਰ ਸਾਰੀ ਕਾਰਵਾਈ ਪੂਰੀ ਯੋਜਨਾਬੱਧ ਢੰਗ ਨਾਲ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਉਨ੍ਹਾਂ ਖੇਤਰਾਂ ਦੇ ਮੁੱਖ ਅਤੇ ਸ਼ਾਖਾ ਸੀਵਰੇਜ ਨੈੱਟਵਰਕ ਦੀ ਡੀ-ਸ਼ਿਲਟਿੰਗ ਕੀਤੀ ਜਾ ਰਹੀ ਹੈ ਜਿੱਥੇ ਬਰਸਾਤ ਦੌਰਾਨ ਲੰਬੇ ਸਮੇਂ ਤਕ ਪਾਣੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲਗਭਗ 10 ਕਿਲੋਮੀਟਰ ਮੁੱਖ ਸੀਵਰੇਜ ਲਾਈਨ ਦੀ ਡੀ-ਸ਼ਿਲਟਿੰਗ ਕੀਤੀ ਜਾਵੇਗੀ, ਜਦਕਿ 45 ਕਿਲੋਮੀਟਰ ਸ਼ਾਖਾ ਸੀਵਰੇਜ ਨੈੱਟਵਰਕ ਦੀ ਸਫਾਈ ਦਾ ਟੀਚਾ ਰੱਖਿਆ ਗਿਆ ਹੈ। ਲੋੜ ਪੈਣ ’ਤੇ ਵਾਧੂ ਮਸ਼ੀਨਰੀ ਅਤੇ ਕਰਮਚਾਰੀਆਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਮਾਨਸੂਨ ਦੌਰਾਨ ਜਲ ਨਿਕਾਸੀ ਪ੍ਰਣਾਲੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇ। ਸਿਰਫ਼ ਸੀਵਰੇਜ ਸਫਾਈ ਨਾਲ ਨਹੀਂ ਨਿਕਲੇਗਾ ਪੂਰਾ ਹੱਲ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਸੀਵਰੇਜ ਲਾਈਨਾਂ ਦੀ ਸਫਾਈ ਨਾਲ ਪਾਣੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਟੁੱਟੀਆਂ ਸੜਕਾਂ, ਰੁੱਕੇ ਹੋਏ ਨਾਲੇ, ਸਟਾਰਮ ਸੀਵਰ ਪ੍ਰਣਾਲੀ ਦੀਆਂ ਕਮੀਆਂ ਅਤੇ ਬੇਤਰਤੀਬ ਉਸਾਰੀਆਂ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦੀਆਂ ਹਨ। ਕਈ ਥਾਵਾਂ ’ਤੇ ਸੜਕਾਂ ਦਾ ਪੱਧਰ ਉੱਚਾ ਹੋਣ ਅਤੇ ਨਾਲਿਆਂ ਦੀ ਸਮਰੱਥਾ ਘੱਟ ਹੋਣ ਕਾਰਨ ਪਾਣੀ ਤੇਜ਼ੀ ਨਾਲ ਨਹੀਂ ਨਿਕਲਦਾ। ਇਸ ਲਈ ਨਿਗਮ ਦੀਆਂ ਮੌਜੂਦਾ ਤਿਆਰੀਆਂ ਦੀ ਅਸਲ ਪਰਖ ਪਹਿਲੀ ਤੇਜ਼ ਬਰਸਾਤ ਨਾਲ ਹੀ ਹੋਵੇਗੀ। ਮਾਨਸੂਨ ਤੋਂ ਪਹਿਲਾਂ ਨਗਰ ਨਿਗਮ ਦੀ ਸਰਗਰਮੀ ਅਤੇ ਵੱਡੇ ਪੱਧਰ ’ਤੇ ਚੱਲ ਰਹੀ ਡੀ-ਸ਼ਿਲਟਿੰਗ ਮੁਹਿੰਮ ਕਾਰਨ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਵਧੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਤਿਆਰੀਆਂ ਭਾਵੇਂ ਕਾਗਜ਼ਾਂ ’ਤੇ ਪ੍ਰਭਾਵਸ਼ਾਲੀ ਦਿਖਾਈ ਦੇ ਰਹੀਆਂ ਹਨ, ਪਰ ਅਸਲ ਨਤੀਜੇ ਤਾਂ ਪਹਿਲੀ ਭਾਰੀ ਬਰਸਾਤ ਤੋਂ ਬਾਅਦ ਹੀ ਸਾਹਮਣੇ ਆਉਣਗੇ। ਕਈ ਦਹਾਕਿਆਂ ਤੋਂ ਲੋਕਾਂ ਲਈ ਸਿਰਦਰਦ ਬਣੀ ਹੋਈ ਸਮੱਸਿਆ ਸ਼ਹਿਰ ਵਿਚ ਬਰਸਾਤ ਦੌਰਾਨ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਕੋਈ ਨਵੀਂ ਨਹੀਂ, ਸਗੋਂ ਕਈ ਦਹਾਕਿਆਂ ਤੋਂ ਲੋਕਾਂ ਲਈ ਸਿਰਦਰਦ ਬਣੀ ਹੋਈ ਹੈ। ਹਰ ਸਾਲ ਮਾਨਸੂਨ ਦੀ ਪਹਿਲੀ ਤੇਜ਼ ਬਰਸਾਤ ਤੋਂ ਬਾਅਦ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋਣ ਦੇ ਦ੍ਰਿਸ਼ ਆਮ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲਾਂ ਤੋਂ ਚੱਲ ਰਹੀ ਇਸ ਗੰਭੀਰ ਸਮੱਸਿਆ ਦਾ ਅਜੇ ਤੱਕ ਕੋਈ ਸਥਾਈ ਅਤੇ ਠੋਸ ਹੱਲ ਨਹੀਂ ਨਿਕਲ ਸਕਿਆ। ਬਠਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਜਲ ਨਿਕਾਸੀ ਦੀ ਸਮੱਸਿਆ ਹਰ ਚੋਣ ਦੌਰਾਨ ਸਿਆਸੀ ਪਾਰਟੀਆਂ ਦੇ ਮੁੱਖ ਮੁੱਦਿਆਂ ਵਿੱਚ ਸ਼ਾਮਲ ਰਹਿੰਦੀ ਹੈ। ਵਿਧਾਨ ਸਭਾ ਚੋਣਾਂ ਹੋਣ ਜਾਂ ਨਗਰ ਨਿਗਮ ਚੋਣਾਂ, ਉਮੀਦਵਾਰ ਅਤੇ ਪਾਰਟੀਆਂ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਅਤੇ ਪਾਣੀ ਨਿਕਾਸ ਦੀ ਸਮੱਸਿਆ ਖਤਮ ਕਰਨ ਦੇ ਵਾਅਦੇ ਕਰਦੇ ਹਨ। ਪਰ ਲੋਕਾਂ ਦਾ ਦੋਸ਼ ਹੈ ਕਿ ਚੋਣਾਂ ਖਤਮ ਹੋਣ ਅਤੇ ਸਰਕਾਰਾਂ ਬਣਨ ਤੋਂ ਬਾਅਦ ਇਹ ਮੁੱਦਾ ਮੁੜ ਠੰਢੇ ਬਸਤੇ ਵਿੱਚ ਪੈ ਜਾਂਦਾ ਹੈ।