ਲਗਾਤਾਰ ਦੂਜੇ ਦਿਨ ਠੱਪ ਰਿਹਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦਾ ਸਰਵਰ
ਲਗਾਤਾਰ ਦੂਜੇ ਦਿਨ ਠੱਪ ਰਿਹਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦਾ ਸਰਵਰ
Publish Date: Tue, 16 Jun 2026 03:53 PM (IST)
Updated Date: Tue, 16 Jun 2026 03:54 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਸਰਵਰ ਠੱਪ ਰਹਿਣ ਕਾਰਨ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਪਹੁੰਚੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਉਮੀਦਾਂ ਲੈ ਕੇ ਪਹੁੰਚੇ ਬਿਨੈਕਾਰ ਘੰਟਿਆਂ ਕਤਾਰਾਂ ਵਿਚ ਖੜ੍ਹੇ ਰਹੇ, ਪਰ ਤਕਨੀਕੀ ਖਰਾਬੀ ਕਾਰਨ ਫੋਟੋਗ੍ਰਾਫੀ ਅਤੇ ਦਸਤਾਵੇਜ਼ਾਂ ਦੀ ਸਕੈਨਿੰਗ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਦੌਰਾਨ ਤਿੱਖੀ ਗਰਮੀ ਵਿਚ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ ਅਤੇ ਕਈ ਬਿਨੈਕਾਰਾਂ ਨੂੰ ਨਿਰਾਸ਼ ਹੋ ਕੇ ਘਰ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਟਰੈਕ ’ਤੇ ਕੰਮ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਕਰੀਬ 11 ਵਜੇ ਸਰਵਰ ਬੰਦ ਹੋ ਗਿਆ ਸੀ। ਇਸ ਕਾਰਨ ਉਸ ਦਿਨ ਵੀ ਲਾਇਸੈਂਸ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਪ੍ਰਭਾਵਿਤ ਹੋ ਗਈਆਂ ਸਨ ਅਤੇ ਵੱਡੀ ਗਿਣਤੀ ਵਿੱਚ ਲੋਕ ਬਿਨਾਂ ਕੰਮ ਕਰਵਾਏ ਹੀ ਵਾਪਸ ਚਲੇ ਗਏ ਸਨ। ਮੰਗਲਵਾਰ ਨੂੰ ਲੋਕਾਂ ਨੂੰ ਉਮੀਦ ਸੀ ਕਿ ਸਮੱਸਿਆ ਦਾ ਹੱਲ ਹੋ ਜਾਵੇਗਾ, ਪਰ ਦੂਜੇ ਦਿਨ ਵੀ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਡਰਾਈਵਿੰਗ ਟੈਸਟ ਟਰੈਕ ’ਤੇ ਪਹੁੰਚੇ ਬਿਨੈਕਾਰਾਂ ਨੇ ਦੱਸਿਆ ਕਿ ਉਹ ਸਵੇਰੇ-ਸਵੇਰੇ ਆਪਣੇ ਘਰਾਂ ਤੋਂ ਨਿਕਲ ਕੇ ਨਰੂਆਣਾ ਪਹੁੰਚੇ ਸਨ। ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਏ ਹੋਏ ਸਨ, ਜਦਕਿ ਕੁਝ ਨੇ ਆਪਣੇ ਕੰਮ ਤੋਂ ਛੁੱਟੀ ਲੈ ਕੇ ਲਾਇਸੈਂਸ ਦੀ ਪ੍ਰਕਿਰਿਆ ਪੂਰੀ ਕਰਨ ਦੀ ਯੋਜਨਾ ਬਣਾਈ ਸੀ। ਪਰ ਸਰਵਰ ਡਾਊਨ ਹੋਣ ਕਾਰਨ ਨਾ ਤਾਂ ਉਨ੍ਹਾਂ ਦੀ ਫੋਟੋਗ੍ਰਾਫੀ ਹੋ ਸਕੀ ਅਤੇ ਨਾ ਹੀ ਲੋੜੀਂਦੇ ਦਸਤਾਵੇਜ਼ ਸਕੈਨ ਕੀਤੇ ਜਾ ਸਕੇ। ਲੋਕਾਂ ਨੇ ਦੱਸਿਆ ਕਿ ਨਰੂਆਣਾ ਸਥਿਤ ਇਹ ਟੈਸਟ ਟਰੈਕ ਸ਼ਹਿਰ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਸਥਿਤ ਹੈ। ਇੱਥੇ ਪਹੁੰਚਣ ਲਈ ਲੋਕਾਂ ਨੂੰ ਵਾਧੂ ਸਮਾਂ ਅਤੇ ਆਵਾਜਾਈ ’ਤੇ ਖਰਚ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜਦੋਂ ਘੰਟਿਆਂ ਇੰਤਜ਼ਾਰ ਕਰਨ ਦੇ ਬਾਵਜੂਦ ਕੰਮ ਨਾ ਹੋਵੇ ਤਾਂ ਉਨ੍ਹਾਂ ਦੀ ਮੁਸ਼ਕਲ ਹੋਰ ਵੱਧ ਜਾਂਦੀ ਹੈ। ਕਈ ਬਿਨੈਕਾਰਾਂ ਨੇ ਕਿਹਾ ਕਿ ਆਨਲਾਈਨ ਸਲਾਟ ਬੁੱਕ ਕਰਨ ਤੋਂ ਬਾਅਦ ਨਿਰਧਾਰਤ ਮਿਤੀ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦਾ ਕੰਮ ਇੱਕੋ ਦਿਨ ਵਿੱਚ ਪੂਰਾ ਹੋ ਜਾਵੇਗਾ, ਪਰ ਤਕਨੀਕੀ ਖਰਾਬੀਆਂ ਕਾਰਨ ਉਨ੍ਹਾਂ ਨੂੰ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਕਾਫ਼ੀ ਸਮਾਂ ਲੈਣ ਵਾਲੀ ਹੈ। ਅਜਿਹੇ ਵਿਚ ਸਰਵਰ ਡਾਊਨ ਹੋਣ ਕਾਰਨ ਨਾ ਸਿਰਫ਼ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ, ਸਗੋਂ ਆਵਾਜਾਈ ਅਤੇ ਹੋਰ ਖਰਚੇ ਵੀ ਵੱਧ ਜਾਂਦੇ ਹਨ। ਕਈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਤਕਨੀਕੀ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਾ ਹੋਣਾ ਪਵੇ। ਸੂਤਰਾਂ ਅਨੁਸਾਰ ਨਰੂਆਣਾ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਰੋਜ਼ਾਨਾ ਕਰੀਬ 200 ਬਿਨੈਕਾਰਾਂ ਦੇ ਲਾਇਸੈਂਸ ਸਬੰਧੀ ਕੰਮ ਕੀਤੇ ਜਾਂਦੇ ਹਨ। ਪਰ ਪਿਛਲੇ ਦੋ ਦਿਨਾਂ ਤੋਂ ਸਰਵਰ ਸਬੰਧੀ ਦਿੱਕਤਾਂ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਨੂੰ ਵੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਕੰਮ ਹੋ ਸਕਿਆ ਅਤੇ ਲਗਭਗ 80 ਬਿਨੈਕਾਰਾਂ ਦੇ ਹੀ ਲਾਇਸੈਂਸ ਸਬੰਧੀ ਕੰਮ ਪੂਰੇ ਕੀਤੇ ਜਾ ਸਕੇ। ਸਥਾਨਕ ਲੋਕਾਂ ਅਤੇ ਬਿਨੈਕਾਰਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਵਰ ਅਤੇ ਬਿਜਲੀ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਆਏ ਦਿਨ ਸਾਹਮਣੇ ਆਉਣ ਵਾਲੀਆਂ ਤਕਨੀਕੀ ਖਰਾਬੀਆਂ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਜੇਕਰ ਜਲਦ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਵਿੱਚ ਰੋਸ ਹੋਰ ਵੱਧ ਸਕਦਾ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਵਿਭਾਗ ਦੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ ਕਿ ਆਖਿਰਕਾਰ ਇਸ ਸਮੱਸਿਆ ਦਾ ਹੱਲ ਕਦੋਂ ਨਿਕਲਦਾ ਹੈ।