ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਅੱਜ ਦੇ ਸਮੇਂ ਦੀ ਗੰਭੀਰ ਸਮੱਸਿਆ
ਮੋਬਾਇਲ ਫੋਨ ਦੀ ਬੇਲੋੜੀ ਵਰਤੋਂ ਸਬੰਧੀ ਵਿਚਾਰ ਚਰਚਾ ਕੀਤੀ
Publish Date: Mon, 15 Jun 2026 04:19 PM (IST)
Updated Date: Mon, 15 Jun 2026 04:21 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਅੱਜ ਦੇ ਸਮੇਂ ਦੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ ਅਤੇ ਪੜ੍ਹਾਈ ਤੇ ਕੰਮ ਵਿੱਚ ਧਿਆਨ ਘਟਦਾ ਹੈ। ਲੰਬੇ ਸਮੇਂ ਤੱਕ ਸਕ੍ਰੀਨ ਦੇਖਣ ਨਾਲ ਅੱਖਾਂ ਅਤੇ ਮਾਨਸਿਕ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਮੋਬਾਈਲ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਸਬੰਧੀ ਵੱਖ ਵੱਖ ਸ਼ਖਸੀਅਤਾਂ ਦੇ ਵਿਚਾਰ ਰੂ ਬ ਰੂ ਕੀਤੇ ਜਾ ਰਹੇ ਹਨ। ਮੋਬਾਈਲ ਫ਼ੋਨ ਦੇ ਬੱਚਿਆਂ ’ਤੇ ਲੁਕਵੇਂ ਨੁਕਸਾਨ ਮੋਬਾਈਲ ਫ਼ੋਨ ਅੱਜ ਦੇ ਸਮੇਂ ਦੀ ਲੋੜ ਬਣ ਚੁੱਕਾ ਹੈ, ਪਰ ਬੱਚਿਆਂ ਲਈ ਇਸ ਦੀ ਬੇਹੱਦ ਵਰਤੋਂ ਜਿੱਥੇ ਉਹਨਾਂ ਦੀ ਸਿਹਤ ਉੱਤੇ ਮਾੜਾ ਅਸਰ ਕਰ ਰਹੀ ਹੈ ਉੱਥੇ ਹੀ ਕਈ ਲੁਕਵੇਂ ਨੁਕਸਾਨ ਵੀ ਪੈਦਾ ਕਰ ਰਹੀ ਹੈ ਅਤੇ ਲਾਇਲਾਜ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਮੋਬਾਈਲ ਬੱਚਿਆਂ ਦੀ ਇਕਾਗਰਤਾ ਅਤੇ ਸੋਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਲਗਾਤਾਰ ਸਕਰੀਨ ਦੇਖਣ ਨਾਲ਼ ਉਹ ਪੜ੍ਹਾਈ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿਚ ਦਿਲਚਸਪੀ ਨਹੀਂ ਦਿਖਾ ਰਹੇ। ਮੋਬਾਈਲ ਦੀ ਆਦਤ ਬੱਚਿਆਂ ਨੂੰ ਇਕੱਲੇਪਣ ਵੱਲ ਧੱਕ ਰਹੀ ਹੈ। ਉਹ ਪਰਿਵਾਰ, ਰਿਸ਼ਤਿਆਂ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਦੀ ਥਾਂ ਵਰਚੁਅਲ ਦੁਨੀਆ ਵਿਚ ਜ਼ਿਆਦਾ ਸਮਾਂ ਗੁਜ਼ਾਰਨ ਲੱਗ ਪਏ ਹਨ, ਜਿਸ ਨਾਲ ਸਮਾਜਿਕ ਗੁਣਾਂ ਦਾ ਵਿਕਾਸ ਲਗਭਗ ਰੁਕਣ ਕਿਨਾਰੇ ਹੈ। ਇਸ ਤੋਂ ਇਲਾਵਾ, ਦੇਰ ਰਾਤ ਤੱਕ ਮੋਬਾਈਲ ਵਰਤਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਇਸ ਨਾਲ਼ ਬੱਚਿਆਂ ਦੀ ਯਾਦਦਾਸ਼ਤ, ਸਿਹਤ ਅਤੇ ਮਨੋਵਿਗਿਆਨਕ ਸੰਤੁਲਨ ਉੱਤੇ ਮਾੜਾ ਅਸਰ ਪੈਣਾ ਯਕੀਨਨ ਹੈ। ਬੱਚੇ ਅਜਿਹੀ ਸਮੱਗਰੀ ਵੀ ਦੇਖ ਰਹੇ ਹਨ ਜੋ ਉਨ੍ਹਾਂ ਦੀ ਉਮਰ ਲਈ ਢੁੱਕਵੀਂ ਨਹੀਂ। ਉਨ੍ਹਾਂ ਦੇ ਵਿਚਾਰਾਂ ਨੂੰਨਕਾਰਾਤਮਕ ਦਿਸ਼ਾ ਦੇ ਰਹੀ ਹੈ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਦੇ ਮੋਬਾਈਲ ਵਰਤੋਂ ਦੇ ਸਮੇਂ ਨੂੰਸੀਮਿਤ ਕਰਨ ਅਤੇ ਉਨ੍ਹਾਂ ਨੂੰ ਖੇਡਾਂ, ਕਿਤਾਬਾਂ ਅਤੇ ਸਿਰਜਣਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ, ਤਾਂ ਜੋਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ। ਅੰਮ੍ਰਿਤਪਾਲ ਕਲੇਰ ਜਰਨਲ ਸਕੱਤਰ ਸਾਹਿਤਕ ਮੰਚ ਭਗਤਾ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦੀ ਪੜ੍ਹਾਈ ਹੁੰਦੀ ਹੈ ਪ੍ਰਭਾਵਿਤ ਅੱਜ ਦੇ ਦੌਰ ਵਿੱਚ ਮੋਬਾਇਲ ਦੇ ਜਿੱਥੇ ਫਾਇਦੇ ਹਨ ਉਥੇ ਜੇਕਰ ਅਸੀ ਇਸ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਇਸਦੇ ਬਹੁਤ ਸਾਰੇ ਨੁਕਸਾਨ ਸਾਨੂੰ ਭੁਗਤਣੇ ਪੈਂਦੇ ਹਨ, ਜਿਵੇਂ ਲਗਾਤਾਰ ਸਕਰੀਨ ਵੇਖਣ ਨਾਲ ਅੱਖਾਂ ਸੁੱਕਣਾ, ਨਜ਼ਰ ਕਮਜ਼ੋਰ ਹੋਣਾ, ਸਿਰਦਰਦ ਹੋਣਾ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਸਿਰ ਝੁਕਾ ਕੇ ਮੋਬਾਇਲ ਵੇਖਣ ਨਾਲ ਸਰਵਾਈਕਲ ਦੀ ਸਮੱਸਿਆ ਹੋ ਜਾਂਦੀ ਹੈ। ਗੱਲਾਂ ਕਰਦੇ ਸਮੇ ਲੰਬੇ ਸਮੇਂ ਤੱਕ ਕੰਨ ਨਾਲ ਲਾ ਕੇ ਗੱਲ ਕਰਨ ਨਾਲ ਰੇਡੀਏਸ਼ਨ ਦਾ ਖ਼ਤਰਾ ਰਹਿੰਦਾ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਅਸਰ ਪੈਂਦਾ ਹੈ। ਮੋਬਾਇਲ ਉੱਤੇ ਨਿਰਭਰ ਹੋਣ ਨਾਲ ਦਿਮਾਗ ਘੱਟ ਵਰਤਦੇ ਹਾਂ। ਪਰਿਵਾਰ ਨਾਲ ਬੈਠੇ ਵੀ ਸਾਰੇ ਆਪਣੇ ਮੋਬਾਇਲ ਵਿੱਚ ਰੁੱਝੇ ਰਹਿੰਦੇ ਹਨ। ਮੋਬਾਇਲ ਸਾਡੇ ਲਈ ਤਣਾਅ ਤੇ ਚਿੰਤਾ ਦਾ ਕਰਨ ਬਣਦਾ ਜਾ ਰਿਹਾ ਹੈ। ਬੱਚੇ ਬਾਹਰ ਖੇਡਣ ਦੀ ਥਾਂ ਮੋਬਾਇਲ ਗੇਮਾਂ ਖੇਡਣ ਨੂੰ ਤਰਜ਼ੀਹ ਦਿੰਦੇ ਹਨ ਅਤੇ ਇੰਟਰਨੈੱਟ ਬੱਚਿਆਂ ਨੂੰ ਸ਼ੋਸਲ ਮੀਡੀਆ ਰਾਹੀਂ ਗਲਤ ਕੰਟੈਂਟ ਅਤੇ ਜਾਨਲੇਵਾਗੇਮਜ਼ ਪਰੋਸੀਆਂ ਜਾਂਦੀਆਂ ਹਨ ਜਿਸ ਨਾਲ ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ। ਮੋਬਾਈਲ ਦੇ ਗਲਤਪ੍ਰਭਾਵ ਨੂੰ ਰੋਕਣ ਲਈ ਸਰਕਾਰਾਂ, ਮਾਪਿਆਂ, ਸ਼ੋਸਲ ਵਰਕਰ ਅਤੇ ਧਾਰਮਿਕ ਅਤੇ ਸਿਆਸੀ ਲੋਕਾਂ ਦੇ ਅੱਗੇਆਉਣ ਨਾਲ ਇਸ ਉੱਪਰ ਠੱਲ੍ਹ ਪਾਈ ਜਾ ਸਕਦੀ ਹੈ । ਨਿਰਭੈ ਸਿੰਘ ਭੁੱਲਰ, ਸਟੇਟ ਅਵਾਰਡੀ ਅਧਿਆਪਕ ਮੋਬਾਈਲ ਨੂੰ ਆਪਣਾ ਸਾਧਨ ਬਣਾਓ, ਮਾਲਕ ਨਹੀਂ ਮੋਬਾਈਲ ਫੋਨ ਵਿਗਿਆਨ ਦੀ ਇੱਕ ਮਹੱਤਵਪੂਰਨ ਦੇਣ ਹੈ, ਪਰ ਇਸ ਦੀ ਅੰਨ੍ਹੀ ਵਰਤੋਂ ਸਮਾਜ ਲਈ ਚਿੰਤਾਦਾ ਵਿਸ਼ਾ ਬਣਦੀ ਜਾ ਰਹੀ ਹੈ। ਅੱਜ ਮਨੁੱਖ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਨਾਲੋਂ ਵੱਧ ਸਮਾਂਮੋਬਾਇਲ ਨਾਲ ਬਿਤਾ ਰਿਹਾ ਹੈ। ਬੱਚੇ ਖੇਡ ਮੈਦਾਨਾਂ ਦੀ ਥਾਂ ਸਕ੍ਰੀਨਾਂ ਤੱਕ ਸੀਮਿਤ ਹੋ ਗਏ ਹਨ, ਜਿਸ ਕਾਰਨਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਅਸੀਂ ਤਕਨਾਲੋਜੀ ਦੇ ਮਾਲਕਬਣਨ ਦੀ ਬਜਾਏ ਉਸ ਦੇ ਗੁਲਾਮ ਬਣ ਜਾਵਾਂਗੇ ਤਾਂ ਇਹ ਤਰੱਕੀ ਨਹੀਂ, ਪਤਨ ਹੋਵੇਗਾ। ਆਓ, ਮੋਬਾਇਲਦੀ ਸਹੀ ਅਤੇ ਸੀਮਿਤ ਵਰਤੋਂ ਕਰੀਏ, ਤਾਂ ਜੋ ਪਰਿਵਾਰਕ ਰਿਸ਼ਤੇ, ਸਿਹਤ ਅਤੇ ਸਮਾਜਿਕ ਮੁੱਲ ਸੁਰੱਖਿਅਤ ਰਹਿ ਸਕਣ। ਡਾ. ਨਰੇਸ਼ ਅਰੋੜਾ, ਲੈਕਚਰਾਰ ਡਾਇਟ ਦਿਉਣ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ਼ ਸਰੀਰਕ ਤੇ ਮਾਨਸਿਕ ਨੁਕਸਾਨ ਹੁੰਦਾ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ਼ ਸਰੀਰਕ ਅਤੇ ਮਾਨਸਿਕ ਨੁਕਸਾਨ ਹੁੰਦਾ ਹੈ। ਇਸ ਨਾਲ ਅੱਖਾਂ ਦੀਨਜ਼ਰ ਕਮਜ਼ੋਰ ਹੋ ਜਾਂਦੀ ਹੈ, ਸਿਰ ਦਰਦ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੁੰਦੀ ਹੈ। ਇਸ ਤੋਂ ਇਲਾਵਾ ਫੋਨ ਦੀ ਲਤ ਨਾਲ ਪਰਿਵਾਰਕ ਰਿਸ਼ਤਿਆਂ ਵਿਚ ਵੀ ਦੂਰੀਆਂ ਆਉਂਦੀਆ ਹਨ। ਭਾਵੇਂ ਅੱਜ ਦੇਸਮੇਂ ਦੀ ਮੋਬਾਈਲ ਫੋਨ ਲੋੜ ਬਣ ਗਿਆ ਹੈ, ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਅਤੇ ਰਿਸ਼ਤਿਆਂ ਲਈ ਬਹੁਤ ਹਾਨੀਕਾਰਕ ਹੈ। ਜਿਵੇਂ ਕਿ ਆਪਾਂ ਨੂੰ ਪਤਾ ਕਿ ਮੋਬਾਈਲ ਫੋਨ ਦੇ ਬਹੁਤ ਸਾਰੇ ਨੁਕਸਾਨ ਹਨ। ਜਿਵੇਂ ਕਿ ਸਰੀਰਕ ਸਿਹਤ ਤੇ ਅਸਰ, ਸਮਾਜਿਕ ਅਤੇ ਪਰਿਵਾਰਕ ਦੂਰੀਆਂ, ਮਾਨਸਿਕ ਪ੍ਰੇਸ਼ਾਨੀ ਅਤੇ ਨੀਂਦ ਦੀ ਕਮੀ, ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਮਨਪ੍ਰੀਤ ਕੌਰ ਅਧਿਆਪਕਾ, ਆਕਸਫੋਰਡ ਸਕੂਲ ਆਫ ਐਜੂਕੇਸ਼ਨ, ਭਗਤਾ ਭਾਈ ਕਿਸੇ ਨੂੰ ਜਗਾਉਣ ਲਈ ਸੂਰਜ ਦੂਜੀ ਵਾਰ ਨਹੀਂ ਚੜ੍ਹਦਾ ਮੋਬਾਈਲ ਫੋਨ ਕਾਲੀ ਸਕਰੀਨ ਪਿੱਛੇ ਲੁਕਿਆ ਇਕ ਅਜਿਹਾ ਸੰਸਾਰ ਹੈ, ਜੋ ਸਹੂਲਤਾਂ ਤਾਂ ਦਿੰਦਾ ਹੈ ਪਰ ਕਈਵਾਰ ਮਨੁੱਖ ਨੂੰ ਆਪਣੇ ਆਪ ਤੋਂ ਹੀ ਦੂਰ ਕਰ ਦਿੰਦਾ ਹੈ। ਕਿਸੇ ਵੀ ਕੰਮ ਨੂੰ ਕਰਨ ਲਈ ਮਨੁੱਖੀ ਮਨ ਦਾਇਕਾਗਰ ਹੋਣਾ ਜ਼ਰੂਰੀ ਹੈ, ਪਰ ਮੋਬਾਇਲ ਫੋਨ ਦੀ ਵਰਤੋਂ ਜ਼ਿਆਦਾ ਕਰਨ ਨਾਲ ਇਕਾਗਰਤਾ ਭੰਗ ਹੁੰਦੀਹੈ। ਮੋਬਾਇਲ ਤੇ ਲਗਾਤਾਰ ਚਲਦੀਆਂ ਵੀਡੀਓਜ ਕਾਰਨ ਸਕਰੀਨ ਤੇ ਚੱਲਦਾ ਅੰਗੂਠਾ ਮਨੁੱਖ ਅੰਦਰ ਸਬਰਅਤੇ ਇੰਤਜ਼ਾਰ ਦੀ ਪ੍ਰਵਿਰਤੀ ਖਤਮ ਕਰਦਾ ਜਾ ਰਿਹਾ ਹੈ। ਇੱਕ ਪਲ ਕੋਈ ਵੀਡੀਓ ਦੁੱਖ ਵਾਲੀ ਹੁੰਦੀ ਹੈ ਤੇਅਗਲੇ ਪਲ ਖੁਸ਼ੀ ਜਾਂ ਮਜ਼ਾਕ ਵਾਲੀ, ਜਿਸ ਨਾਲ ਪਲਾਂ ਵਿੱਚ ਭਾਵ ਬਦਲ ਜਾਂਦੇ ਹਨ। ਕਈ ਵਾਰੀਸਮੱਗਰੀ ਵਿੱਚ ਕੋਈ ਸਕਾਰਾਤਮਕ ਸੰਦੇਸ਼ ਨਹੀਂ ਹੁੰਦਾ। ਮੋਬਾਈਲ ਫੋਨ ਨਾਲ ਦਿਖਾਵੇ ਦੀ ਪ੍ਰਵਿਰਤੀ ਵੀਜਨਮ ਲੈਂਦੀ ਹੈ ਅਤੇ ਮਨੁੱਖ ਚਾਦਰ ਤੋਂ ਬਾਹਰ ਪੈਰ ਪਸਾਰਨ ਦੀ ਕੋਸ਼ਿਸ਼ ਕਰਦਾ ਹੈ। ਮੋਬਾਈਲ ਫੋਨ ਦੀਜਿਆਦਾ ਵਰਤੋਂ ਕਾਰਨ ਮਨੁੱਖ ਆਪਣੀ ਜਿੰਦਗੀ ਦੇ ਵਿਸ਼ੇਸ਼ ਪਲਾਂ ਨੂੰ ਮਾਨਣ ਦੀ ਬਜਾਏ,ਰਿਕਾਰਡ ਕਰਨਵਿਚ ਲੱਗ ਜਾਂਦਾ ਹੈ। ਕਿਸੇ ਨੂੰ ਜਗਾਉਣ ਲਈ ਸੂਰਜ ਦੂਜੀ ਵਾਰ ਨਹੀਂ ਚੜ੍ਹਦਾ। ਇਸ ਲਈ ਮੋਬਾਇਲ ਦਾਪ੍ਰਯੋਗ ਘਟਾ ਕੇ ਸਮੇਂ, ਸ਼ਕਤੀ ਤੇ ਧਿਆਨ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਦੀ ਜ਼ਰੂਰਤ ਹੈ। ਡਾ. ਕ੍ਰਿਸ਼ਨ ਗੋਪਾਲ ਕਾਂਸਲ, ਲੈਕਚਰਾਰ ਡਾਇਟ ਦਿਓਣ ਮੋਬਾਈਲ ਫ਼ੋਨ ਦੀ ਬੇਲੋੜੀ ਵਰਤੋਂ ਦੇ ਪ੍ਰਭਾਵ ਵਿਗਿਆਨ ਅਤੇ ਖੋਜ ਖੇਤਰ ਵਿੱਚ ਲਗਾਤਾਰ ਹੋ ਰਹੀ ਤਰੱਕੀ ਸਦਕਾ ਮਨੁੱਖ ਨੇ ਸੰਚਾਰ ਦੇ ਖੇਤਰ ਵਿੱਚ ਵੀਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ। 21ਵੀਂ ਸਦੀ ਦੀ ਸ਼ੁਰੂਆਤ ਵਿੱਚ ਮੋਬਾਇਲ ਫੋਨ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਉਂਦੀ ਹੈ, ਜਿਸ ਕਰਕੇ ਇੰਟਰਨੈਟ ਨਾਲ ਜੁੜਨ ਕਾਰਨ ਫਰੰਟ ਕੈਮਰੇ ਨਾਲ ਸੈਲਫੀ ਦੀ ਹੋਂਦ ਨੇਮਨੁੱਖ ਦੇ ਸੁਭਾਅ ਨੂੰ ਨਿੱਜ ਕੇਂਦਰਤ ਹੋਣ ਦੇ ਸਿਖ਼ਰ ਵੱਲ ਮੋੜ ਦਿੱਤਾ। ਬਹੁਤ ਸਾਰੀਆਂ ਐਪਾਂ ਹੋਂਦ ਵਿੱਚਆਉਣ ਕਾਰਨ ਫ਼ੋਨ ਦੀ ਵਰਤੋਂ ਬੇਲੋੜੀ ਅਤੇ ਬਹੁਤ ਜ਼ਿਆਦਾ ਹੋ ਗਈ ਹੈ। ਫਾਲੋਅਰ ਅਤੇ ਵਿਊ ਦਾ ਚੱਕਰਵਿੱਚ ਬੱਚੇ ਪਰਿਵਾਰ ਤੋਂ ਦੂਰ ਹੋ ਰਹੇ ਹਨ। ਏਆਈ ਦੇ ਆਉਣ ਨਾਲ਼ ਵਿਦਿਆਰਥੀ ਸੌਖੇ ਤਰੀਕੇ ਨਾਲ ਹਰਸਵਾਲ ਦਾ ਉੱਤਰ ਪ੍ਰਾਪਤ ਕਰਦੇ ਹਨ। ਪਰ ਇਹ ਵਰਤਾਰਾ ਕਿਤਾਬ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਕਰ ਰਿਹਾਹੈ। ਇਸ ਕਾਰਨ ਫ਼ੋਨ ਦੀ ਵਰਤੋਂ ਬੇਲੋੜੀ ਹੋ ਗਈ ਹੈ। ਇਸ ਕਾਰਨ ਇਹ ਮਨੁੱਖੀ ਜੀਵਨ ਲਈ ਬਹੁਤ ਸਾਰੇਪੱਖਾਂ ਤੋਂ ਖਤਰਨਾਕ ਹੋ ਗਿਆ ਹੈ। ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਵਿਗਾੜ ਪੈਦਾ ਕਰਨ ਦੇਨਾਲ-ਨਾਲ ਸਮਾਜਿਕ ਰਿਸ਼ਤਿਆਂ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਮੋਬਾਈਲ ਰਾਹੀਂ ਬੱਚੇ ਆਪਣਿਆਂਅਤੇ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਹਨ। ਮਨੁੱਖ ਫੋਨ ਨੂੰ ਆਪਣੇ ਸਰੀਰ ਦਾ ਭਾਗ ਸਮਝਣ ਦੀ ਹੱਦ ਤੱਕ ਪਹੁੰਚਚੁੱਕਾ ਹੈ। ਇਸ ਬਾਰੇ ਬਹੁਤ ਗਹਿਰਾਈ ਨਾਲ ਸੋਚਣ ਦੀ ਲੋੜ ਹੈ। ਇਸ ਤਰ੍ਹਾਂ ਦੇ ਸਾਧਨ ਮਨੁੱਖ ਲਈ ਹਨ, ਮਨੁੱਖ ਇਹਨਾਂ ਲਈ ਨਹੀਂ। ਮਨਦੀਪ ਸਿੰਘ, ਲੈਕਚਰਾਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ