ਅਧਿਆਪਕਾਂ ਦੇ ਏਕੇ ਸਦਕਾ ਜਬਰੀ ਡਿਊਟੀਆਂ ਲਗਾਉਣ ਦਾ ਮਸਲਾ ਹੋਇਆ ਹੱਲ
ਅਧਿਆਪਕਾਂ ਦੇ ਏਕੇ ਸਦਕਾ ਜਬਰੀ ਡਿਊਟੀਆਂ ਲਗਾਉਣ ਦਾ ਮਸਲਾ ਹੋਇਆ ਹੱਲ
Publish Date: Mon, 15 Jun 2026 04:13 PM (IST)
Updated Date: Mon, 15 Jun 2026 04:15 PM (IST)

ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਦਿੱਤੇ ਧਰਨੇ ਅੱਗੇ ਝੁਕਿਆ ਪ੍ਰਸ਼ਾਸਨ ਬਿਨਾਂ ਸਹਿਮਤੀ ਕੋਈ ਡਿਊਟੀ ਨਹੀਂ ਲੱਗੇਗੀ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਡੈਮੋਕਰੇਟਿਕ ਟੀਚਰਜ ਫਰੰਟ ਬਲਾਕ ਮੌੜ ਵੱਲੋਂ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਮਾਨ ਦੀ ਅਗਵਾਈ ਹੇਠ ਵਿੱਢੇ ਤਿੱਖੇ ਸੰਘਰਸ਼ ਅੱਗੇ ਝੁਕਦਿਆਂ ਆਖ਼ਰਕਾਰ ਪ੍ਰਸ਼ਾਸਨ ਨੂੰ ਜਬਰੀ ਲਗਾਈਆਂ ਡਿਊਟੀਆਂ ਦਾ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਪ੍ਰਸ਼ਾਸਨਿਕ ਫੈਸਲੇ ਦੇ ਵਿਰੋਧ ਵਿਚ ਅੱਜ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਐੱਸ.ਐੱਸ.ਡੀ. ਹਾਈ ਸਕੂਲ ਵਿਖੇ ਚੱਲ ਰਹੀ ਟ੍ਰੇਨਿੰਗ ਦਾ ਮੁਕੰਮਲ ਬਾਈਕਾਟ ਕਰ ਦਿੱਤਾ। ਅਧਿਆਪਕਾਂ ਵੱਲੋਂ ਸਕੂਲ ਦੇ ਮੁੱਖ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਰੋਸ ਪ੍ਰਦਰਸ਼ਨ ਐੱਸ.ਡੀ.ਐੱਮ. ਦਫ਼ਤਰ ਮੌੜ ਵੱਲੋਂ ਸੋਸ਼ਲ ਅਤੇ ਡਰੱਗ ਸੈਂਸਸ (ਸਰਵੇ) ਵਿੱਚ ਅਧਿਆਪਕਾਂ ਦੀ ਮਰਜ਼ੀ ਖ਼ਿਲਾਫ਼, ਬਿਨਾਂ ਕਿਸੇ ਸਹਿਮਤੀ ਦੇ ਜਬਰੀ ਲਗਾਈਆਂ ਗਈਆਂ ਡਿਊਟੀਆਂ ਦੇ ਵਿਰੋਧ ਵਿਚ ਕੀਤਾ ਗਿਆ। ਧਰਨੇ ਦੇ ਦਬਾਅ ਸਦਕਾ ਤਹਿਸੀਲਦਾਰ ਅਤੇ ਐੱਸਡੀਐੱਮ. ਮੌੜ ਨਾਲ ਜਥੇਬੰਦੀ ਦੇ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ। ਲੰਮੀ ਬਹਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਅਧਿਆਪਕਾਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ। ਮੀਟਿੰਗ ਵਿੱਚ ਇਹ ਅਹਿਮ ਫੈਸਲਾ ਹੋਇਆ ਕਿ ਕਿਸੇ ਵੀ ਅਧਿਆਪਕ ਦੀ ਡਿਊਟੀ ਉਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਗਾਈ ਜਾਵੇਗੀ।ਇਸ ਸਰਵੇ ਵਿੱਚ ਸਿਰਫ਼ ਉਨ੍ਹਾਂ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਹੀ ਲਗਾਈਆਂ ਜਾਣਗੀਆਂ, ਜੋ ਆਪਣੀ ਮਰਜ਼ੀ ਨਾਲ ਲਿਖਤੀ ਸਹਿਮਤੀ ਦੇਣਗੇ। ਇਸ ਮੌਕੇ ਅਧਿਆਪਕ ਆਗੂਆਂ ਨੇ ਬੋਲਦਿਆਂ ਸਪੱਸ਼ਟ ਕੀਤਾ ਕਿ ਇਹ ਕੋਈ ਆਮ ਸੋਸ਼ਲ ਸਰਵੇ ਨਾ ਹੋ ਕੇ, ਸਗੋਂ ਇੱਕ ਰਾਜਨੀਤਿਕ ਸਰਵੇ ਹੈ, ਜਿਸ ਦੀ ਆੜ ਵਿੱਚ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਥੇਬੰਦੀ ਨੇ ਇਸ ਨੂੰ ਜਥੇਬੰਦਕ ਏਕਤਾ ਦੀ ਇੱਕ ਵੱਡੀ ਜਿੱਤ ਦੱਸਿਆ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਇਸ ਤਾਨਾਸ਼ਾਹੀ ਫੈਸਲੇ ਖ਼ਿਲਾਫ਼ ਅੱਜ ਸਿਰਫ਼ ਮੌੜ ਵਿਖੇ ਹੀ ਨਹੀਂ, ਸਗੋਂ ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿਖੇ ਵੀ ਇੱਕੋ ਸਮੇਂ ਅਧਿਆਪਕਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਵੀ ਅਧਿਆਪਕਾਂ ਦੇ ਹੱਕਾਂ ਤੇ ਕੋਈ ਡਾਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਖੋਖਰ, ਅੰਮ੍ਰਿਤਪਾਲ ਸਿੰਘ ਸੈਣੇਵਾਲਾ, ਬ੍ਰਿਜ ਲਾਲ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਢੱਡੇ, ਦੌਲਤ ਰਾਮ, ਮਨਦੀਪ ਸਿੰਘ ਕੋਟਫਤਾ, ਮੈਡਮ ਲੀਮਾਪੁਰੀ, ਮੈਡਮ ਮਨੇਸ਼ਵਰੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ