ਮੁਲਜ਼ਮ ਨੂੰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਉਸ ਸਮੇਂ ਗ੍ਰਿ਼ਫ਼ਤਾਰ ਕੀਤਾ ਸੀ ਜਦੋਂ ਉਸਨੇ ਚੋਰੀ ਕੀਤੇ ਉਸੇ ਪਿਸਟਲ ਨਾਲ ਇਕ ਵਿਅਕਤੀ ਤੋਂ ਉਸਦਾ ਮੋਟਰਸਾਈਕਲ ਅਤੇ ਮੋਬਾਇਲ ਖੋਹ ਲਿਆ ਸੀ। ਜਦੋਂ ਪੁਲਿਸ ਨੇ ਬਰਾਮਦ ਹੋਏ ਪਿਸਟਲ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪਤਾ ਲੱਗਾ ਕਿ ਉਕਤ ਪਿਸਟਲ ਰਾਣਾ ਦਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਦਸੰਬਰ 2025 ’ਚ ਸੋਹਾਣਾ ਦੇ ਕਬੱਡੀ ਖੇਡ ਮੇਲੇ ਦੌਰਾਨ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਗਰੋਂ ਉਸਦਾ ਚੋਰੀ ਹੋਇਆ ਪਿਸਟਲ ਬਠਿੰਡਾ ਪੁਲਿਸ ਨੇ ਬਰਾਮਦ ਕਰ ਲਿਆ ਹੈ ਪਰ ਉਸਦੇ ਗਲ ਵਿਚ ਪਾਈ 10 ਤੋਲੇ ਸੋਨੇ ਦੀ ਚੇਨ ਤੇ 5 ਤੋਲੇ ਸੋਨੇ ਦਾ ਕੜਾ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ। ਹਾਲਾਂਕਿ ਪੁਲਿਸ ਨੇ ਕਤਲ ਤੋਂ ਬਾਅਦ ਜਲਦੀ ਹੀ ਰਾਣਾ ਦਾ ਸਾਮਾਨ ਬਰਾਮਦ ਕਰਨ ਦੇ ਦਾਅਵੇ ਕੀਤੇ ਸਨ ਪਰ ਹੁਣ ਸਬੱਬ ਨਾਲ ਅਜਿਹਾ ਮੁਲਜ਼ਮ ਪੁਲਿਸ ਦੇ ਧੱਕੇ ਚੜ੍ਹ ਗਿਆ, ਜਿਸਨੇ ਰਾਣਾ ਦਾ 40 ਬੋਰ ਦਾ ਪਿਸਟਲ ਘਟਨਾ ਸਥਾਨ ਤੋਂ ਚੋਰੀ ਕੀਤਾ ਸੀ। ਮੁਲਜ਼ਮ ਦੀ ਪਛਾਣ ਗੁਰਮੇਲ ਸਿੰਘ ਵਾਸੀ ਪਿੰਡ ਹਮੀਰਗੜ੍ਹ ਵਜੋਂ ਹੋਈ ਹੈ। ਮੁਲਜ਼ਮ ਨੂੰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਉਸ ਸਮੇਂ ਗ੍ਰਿ਼ਫ਼ਤਾਰ ਕੀਤਾ ਸੀ ਜਦੋਂ ਉਸਨੇ ਚੋਰੀ ਕੀਤੇ ਉਸੇ ਪਿਸਟਲ ਨਾਲ ਇਕ ਵਿਅਕਤੀ ਤੋਂ ਉਸਦਾ ਮੋਟਰਸਾਈਕਲ ਅਤੇ ਮੋਬਾਇਲ ਖੋਹ ਲਿਆ ਸੀ। ਜਦੋਂ ਪੁਲਿਸ ਨੇ ਬਰਾਮਦ ਹੋਏ ਪਿਸਟਲ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪਤਾ ਲੱਗਾ ਕਿ ਉਕਤ ਪਿਸਟਲ ਰਾਣਾ ਦਾ ਹੈ।
ਪੁਲਿਸ ਨੇ ਉਸ ਕੋਲੋਂ ਲੁਟਿਆ ਬੁਲਟ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮ ਨੇ ਦੱਸਿਆ ਕਿ ਜਦੋਂ ਰਾਣਾ ਦਾ ਕਤਲ ਹੋਇਆ ਤਾਂ ਉਹ ਅੱਖ ਬਚਾ ਕੇ ਉਸਦਾ ਪਿਸਟਲ ਚੋਰੀ ਕਰ ਕੇ ਫਰਾਰ ਹੋ ਗਿਆ ਸੀ। ਡੀਐਸਪੀ ਭੁੱਚੋ ਪ੍ਰਿਤਪਾਲ ਸਿੰਘ ਨੇ ਦੱਸਿਆ ਮੁਲਜ਼ਮ ਗੁਰਮੇਲ ਸਿੰਘ ਨੂੰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗ੍ਰਿਫ਼਼ਤਾਰ ਕੀਤਾ ਸੀ, ਜਿਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਚੋਰੀ ਕੀਤਾ ਬੁਲਟ ਮੋਟਰਸਾਈਕਲ ਬਰਾਮਦ ਕਰਵਾਇਆ। ਦਸੰਬਰ 2025 ਵਿਚ ਸੋਹਣਾ ਦੇ ਖੇਡੇ ਮੇਲੇ ਦੌਰਾਨ ਰਾਣਾ ਬਲਾਚੌਰੀਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਵਾਰਦਾਤ ਸਮੇਂ ਉਸਦਾ ਪਿਸਟਲ ਉਥੇ ਡਿੱਗ ਗਿਆ ਸੀ, ਜਿੱਥੋਂ ਗੁਰਮੇਲ ਨੇ ਇਸ ਨੂੰ ਚੋਰੀ ਕਰ ਲਿਆ ਸੀ। ਪਿਸਟਲ ਚੋਰੀ ਹੋਣ ਦੇ ਮਾਮਲੇ ਵਿਚ ਸੋਹਾਣਾ ਥਾਣੇ ਦੀ ਪੁਲਿਸ ਵਿਚ ਵੀ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਲਜ਼ਮ ਨੇ ਭਗਤਾ ਭਾਈਕਾ ਖੇਤਰ ਵਿਚ ਚੋਰੀ ਦੇ ਇਸ ਪਿਸਟਲ ਨਾਲ ਜ਼ਮੀਨੀ ਝਗੜੇ ਵਿਚ ਗੋਲੀਆਂ ਚਲਾਈਆਂ ਸਨ, ਜਿਸ ਸਬੰਧੀ ਵੀ ਉਸ ਖਿਲਾਫ਼ ਮਾਮਲਾ ਦਰਜ ਹੈ।
ਰਾਣਾ ਬਲਾਚੌਰੀਆ ਦੇ ਕਤਲ ਮੌਕੇ ਉਸਦੇ ਗਲ ’ਚ 10 ਤੋਲੇ ਦੀ ਸੋਨੇ ਦੀ ਚੇਨ ਅਤੇ 5 ਤੋਲੇ ਦਾ ਸੋਨੇ ਦਾ ਕੜਾ ਪਾਇਆ ਹੋਇਆ ਸੀ, ਜਿਸਨੂੰ ਵੀ ਕਿਸੇ ਨੇ ਚੋਰੀ ਕਰ ਲਿਆ ਸੀ। ਉਸ ਸਮੇਂ ਪ੍ਰਬੰਧਕਾਂ ਨੇ ਸੋਨਾ ਵਾਪਸ ਕਰਨ ਦੀ ਦੀ ਅਪੀਲ ਕੀਤੀ ਸੀ। ਪ੍ਰਬੰਧਕਾਂ ਨੇ ਕਿਹਾ ਸੀ ਕਿ ਉਸ ਬਦਲੇ ਵਿਚ ਉਸ ਵਿਅਕਤੀ ਨੂੰ ਸੋਨੇ ਦੀ ਕੀਮਤ ਦੇ ਬਰਾਬਰ ਪੈਸੇ ਦੇਣ ਲਈ ਤਿਆਰ ਹਨ, ਤਾਂ ਜੋ ਰਾਣਾ ਦੇ ਮਾਪਿਆਂ ਨੂੰ ਉਨ੍ਹਾਂ ਦੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਦਿੱਤੀ ਜਾ ਸਕੇ। ਇਸ ਤੋਂ ਬਾਅਦ ਪੁਲਿਸ ਨੇ ਸਾਮਾਨ ਚੋਰ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ਼ ਥਾਣ ਸੋਹਾਣਾ ਵਿਚ ਕੇਸ ਦਰਜ ਕੀਤਾ ਸੀ। ਹੁਣ ਰਾਣਾ ਬਲਾਚੌਰੀਆ ਦਾ ਵਾਰਦਾਤ ਸਮੇਂ ਚੋਰੀ ਹੋਇਆ 40 ਬੋਰ ਪਿਸਟਲ ਤਾਂ ਬਰਾਮਦ ਹੋ ਗਿਆ ਹੈ ਪਰ ਸੋਨੇ ਦੀ ਚੇਨ ਅਤੇ ਕੜੇ ਦਾ ਕੁੱਝ ਪਤਾ ਨਹੀਂ ਲੱਗਾ। ਡੀਐਸਪੀ ਭੁੱਚੋ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।