- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਂਸਪੋਰਟ ਵਿਭਾਗ ਨੇ ਪੁਰਾਣੇ ਵਾਹਨਾਂ ਦੀ ਖਰੀਦ-ਵਿਕਰੀ ਕਰਨ ਵਾਲੇ ਕਾਰ ਡੀਲਰਾਂ ਲਈ ਆਰਟੀਓ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤਹਿਤ ਹੁਣ ਬਿਨਾਂ ਰਜਿਸਟ੍ਰੇਸ਼ਨ ਪੁਰਾਣੀਆਂ ਕਾਰਾਂ ਦੀ ਖਰੀਦ-ਫਰੋਖ਼ਤ ਦਾ ਕਾਰੋਬਾਰ ਨਹੀਂ ਕੀਤਾ ਜਾ ਸਕੇਗਾ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੁਰਾਣੀਆਂ ਕਾਰਾਂ ਦੀ ਖਰੀਦ-ਫਰੋਖ਼ਤ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਲਈ ਹੁਣ ਨਵੀਂ ਵਿਵਸਥਾ ਲਾਗੂ ਹੋਣ ਜਾ ਰਹੀ ਹੈ। ਟਰਾਂਸਪੋਰਟ ਵਿਭਾਗ ਨੇ ਪੁਰਾਣੇ ਵਾਹਨਾਂ ਦੀ ਖਰੀਦ-ਵਿਕਰੀ ਕਰਨ ਵਾਲੇ ਕਾਰ ਡੀਲਰਾਂ ਲਈ ਆਰਟੀਓ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤਹਿਤ ਹੁਣ ਬਿਨਾਂ ਰਜਿਸਟ੍ਰੇਸ਼ਨ ਪੁਰਾਣੀਆਂ ਕਾਰਾਂ ਦੀ ਖਰੀਦ-ਫਰੋਖ਼ਤ ਦਾ ਕਾਰੋਬਾਰ ਨਹੀਂ ਕੀਤਾ ਜਾ ਸਕੇਗਾ।
ਬਠਿੰਡਾ ਸਮੇਤ ਸੂਬੇ ਭਰ ਵਿੱਚ ਵੱਡੀ ਗਿਣਤੀ ਵਿੱਚ ਡੀਲਰ ਪੁਰਾਣੇ ਵਾਹਨਾਂ ਦੀ ਖਰੀਦ-ਵਿਕਰੀ ਕਰਦੇ ਹਨ। ਕਈ ਡੀਲਰ ਦੂਜੇ ਸ਼ਹਿਰਾਂ ਅਤੇ ਸੂਬਿਆਂ ਤੋਂ ਕਾਰਾਂ ਖਰੀਦ ਕੇ ਅੱਗੇ ਵੇਚਦੇ ਹਨ। ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਡੀਲਰਾਂ ਨੂੰ ਵਿਭਾਗ ਦੀ ਨਿਰਧਾਰਤ ਪ੍ਰਕਿਰਿਆ ਪੂਰੀ ਕਰਕੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਪੰਜ ਸਾਲ ਦੀ ਰਜਿਸਟ੍ਰੇਸ਼ਨ ਲਈ 25 ਹਜ਼ਾਰ ਫੀਸ
ਨਿਯਮਾਂ ਅਨੁਸਾਰ ਪਹਿਲੀ ਵਾਰ ਕਾਰ ਡੀਲਰ ਦੀ ਰਜਿਸਟ੍ਰੇਸ਼ਨ ਪੰਜ ਸਾਲ ਲਈ ਕੀਤੀ ਜਾਵੇਗੀ, ਜਿਸ ਵਾਸਤੇ 25 ਹਜ਼ਾਰ ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਮਿਆਦ ਪੂਰੀ ਹੋਣ ਮਗਰੋਂ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕਰਵਾਉਣਾ ਪਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਡੀਲਰਾਂ ਨੂੰ ਵਿਭਾਗ ਵੱਲੋਂ ਪੋਰਟਲ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਪੋਰਟਲ ’ਤੇ ਡੀਲਰ ਕੋਲ ਵਿਕਰੀ ਲਈ ਆਉਣ ਵਾਲੀ ਹਰ ਪੁਰਾਣੀ ਕਾਰ ਦਾ ਵੇਰਵਾ ਦਰਜ ਕਰਨਾ ਲਾਜ਼ਮੀ ਹੋਵੇਗਾ। ਵਾਹਨ ਡੀਲਰ ਕੋਲ ਪਹੁੰਚਣ ਸਮੇਂ ਉਸ ਦੀ ਐਂਟਰੀ ਕੀਤੀ ਜਾਵੇਗੀ ਅਤੇ ਵਿਕਰੀ ਤੋਂ ਬਾਅਦ ਖਰੀਦਦਾਰ ਸਬੰਧੀ ਜਾਣਕਾਰੀ ਵੀ ਅਪਡੇਟ ਕਰਨੀ ਹੋਵੇਗੀ।
ਵਾਹਨ ਡੀਲਰ ਕੋਲ ਰਹਿਣ ਦੌਰਾਨ ਜਵਾਬਦੇਹੀ
ਨਵੀਂ ਵਿਵਸਥਾ ਤਹਿਤ ਜਦੋਂ ਤੱਕ ਵਾਹਨ ਡੀਲਰ ਦੇ ਕਬਜ਼ੇ ਵਿੱਚ ਰਹੇਗਾ, ਉਸ ਸਮੇਂ ਦੌਰਾਨ ਕਿਸੇ ਹਾਦਸੇ ਜਾਂ ਹੋਰ ਘਟਨਾ ਦੀ ਸੂਰਤ ਵਿੱਚ ਡੀਲਰ ਦੀ ਜਵਾਬਦੇਹੀ ਤੈਅ ਹੋਵੇਗੀ। ਇਸ ਲਈ ਡੀਲਰਾਂ ਨੂੰ ਵਾਹਨ ਆਪਣੇ ਕਬਜ਼ੇ ਵਿੱਚ ਲੈਣ ਤੋਂ ਲੈ ਕੇ ਵਿਕਰੀ ਤੱਕ ਰਿਕਾਰਡ ਅਤੇ ਦਸਤਾਵੇਜ਼ ਸੰਭਾਲ ਕੇ ਰੱਖਣੇ ਪੈਣਗੇ।
ਡਿਜੀਟਲ ਰਿਕਾਰਡ ਨਾਲ ਵਧੇਗੀ ਪਾਰਦਰਸ਼ਤਾ
ਵਿਭਾਗ ਅਨੁਸਾਰ ਨਵੀਂ ਵਿਵਸਥਾ ਦਾ ਉਦੇਸ਼ ਪੁਰਾਣੇ ਵਾਹਨਾਂ ਦੀ ਖਰੀਦ-ਵਿਕਰੀ ਨੂੰ ਸਰਕਾਰੀ ਰਿਕਾਰਡ ਵਿੱਚ ਲਿਆਉਣਾ ਹੈ। ਪੋਰਟਲ ’ਤੇ ਵਾਹਨ ਦੀ ਐਂਟਰੀ ਹੋਣ ਨਾਲ ਇਹ ਪਤਾ ਲੱਗ ਸਕੇਗਾ ਕਿ ਕਾਰ ਕਿਸ ਡੀਲਰ ਕੋਲ ਕਦੋਂ ਆਈ ਅਤੇ ਬਾਅਦ ਵਿੱਚ ਕਿਸ ਵਿਅਕਤੀ ਨੂੰ ਵੇਚੀ ਗਈ। ਇਸ ਨਾਲ ਵਾਹਨਾਂ ਦੀ ਖਰੀਦ-ਵਿਕਰੀ ਨਾਲ ਸਬੰਧਤ ਜਾਣਕਾਰੀ ਲੋੜ ਪੈਣ ’ਤੇ ਆਸਾਨੀ ਨਾਲ ਹਾਸਲ ਕੀਤੀ ਜਾ ਸਕੇਗੀ।
ਡੀਲਰਾਂ ਨਾਲ ਮੀਟਿੰਗ ਕਰਕੇ ਸਮਝਾਈ ਪ੍ਰਕਿਰਿਆ
ਆਰਟੀਓ ਕਪਿਲ ਜਿੰਦਲ ਨੇ ਦੱਸਿਆ ਕਿ ਪੁਰਾਣੀਆਂ ਕਾਰਾਂ ਦੀ ਖਰੀਦ-ਵਿਕਰੀ ਕਰਨ ਵਾਲੇ ਡੀਲਰਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਵਿਵਸਥਾ ਦਾ ਮਤਲਬ ਕਾਰੋਬਾਰ ਬੰਦ ਕਰਨਾ ਨਹੀਂ ਹੈ। ਡੀਲਰ ਪਹਿਲਾਂ ਵਾਂਗ ਕਾਰਾਂ ਦੀ ਖਰੀਦ-ਵਿਕਰੀ ਕਰ ਸਕਣਗੇ, ਪਰ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਡੀਲਰਾਂ ਨਾਲ ਮੀਟਿੰਗ ਕਰਕੇ ਰਜਿਸਟ੍ਰੇਸ਼ਨ, ਫੀਸ ਅਤੇ ਪੋਰਟਲ ’ਤੇ ਰਿਕਾਰਡ ਦਰਜ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ।