ਖੂਨਦਾਨੀਆਂ ਦੀ ਨਗਰੀ ਦਾ ਸਰਕਾਰੀ ਬਲੱਡ ਬੈਂਕ ਤਿੰਨ ਮਹੀਨਿਆਂ ਤੋਂ ਬੰਦ, ਮਰੀਜ਼ਾਂ ਦੀਆਂ ਵਧੀਆਂ ਮੁਸ਼ਕਿਲਾਂ ਖੂਨਦਾਨੀਆਂ ਦੀ ਨਗਰੀ ਦਾ ਸਰਕਾਰੀ ਬਲੱਡ ਬੈਂਕ ਤਿੰਨ ਮਹੀਨਿਆਂ ਤੋਂ ਬੰਦ
Publish Date: Mon, 29 Jun 2026 04:04 PM (IST)
Updated Date: Mon, 29 Jun 2026 04:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਮਪੁਰਾ ਫੂਲ ਖੂਨਦਾਨ ਮੁਹਿੰਮ ਲਈ ਵਿਸ਼ਵ ਪੱਧਰ ਤੇ ਪਛਾਣ ਬਣਾਉਣ ਵਾਲੇ ਰਾਮਪੁਰਾ ਫੂਲ ਸ਼ਹਿਰ ਦੇ ਸਿਵਲ ਹਸਪਤਾਲ ਦਾ ਸਰਕਾਰੀ ਬਲੱਡ ਬੈਂਕ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਿਆ ਹੈ। ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਵੱਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਈਆਂ ਕਮੀਆਂ ਤੋਂ ਬਾਅਦ ਬਲੱਡ ਬੈਂਕ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਬਲੱਡ ਬੈਂਕ ਦੀ ਥਾਂ ਸਿਰਫ਼ ਬਲੱਡ ਸਟੋਰੇਜ ਸੈਂਟਰ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਖੂਨ ਦੀ ਲਾਜ਼ਮੀ ਜਾਂਚ ਲਈ ਹਰ ਯੂਨਿਟ ਬਠਿੰਡਾ ਭੇਜਣੀ ਪੈ ਰਹੀ ਹੈ। ਮਾਰਚ 2026 ਵਿਚ ਸੀਡੀਐਸਸੀਓ ਦੀ ਟੀਮ ਨੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਬਲੱਡ ਬੈਂਕ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਕੁਝ ਖਾਮੀਆਂ ਮਿਲਣ ਉਪਰੰਤ ਅਪ੍ਰੈਲ ਮਹੀਨੇ ਵਿਚ ਬਲੱਡ ਬੈਂਕ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜੂਨ ਮਹੀਨੇ ਵਿਚ ਇੱਥੇ ਬਲੱਡ ਬੈਂਕ ਦੀ ਜਗ੍ਹਾ ਬਲੱਡ ਸਟੋਰੇਜ ਸੈਂਟਰ ਸ਼ੁਰੂ ਕੀਤਾ ਗਿਆ। ਬਲੱਡ ਬੈਂਕ ਬੰਦ ਹੋਣ ਕਾਰਨ ਹੁਣ ਰਾਮਪੁਰਾ ਫੂਲ ਵਿੱਚ ਇਕੱਠਾ ਕੀਤਾ ਜਾਣ ਵਾਲਾ ਖੂਨ ਪਹਿਲਾਂ ਸਿਵਲ ਹਸਪਤਾਲ ਬਠਿੰਡਾ ਭੇਜਿਆ ਜਾਂਦਾ ਹੈ, ਜਿੱਥੇ ਉਸ ਦੀ ਸਕ੍ਰੀਨਿੰਗ ਅਤੇ ਹੋਰ ਲੈਬ ਜਾਂਚਾਂ ਕੀਤੀਆਂ ਜਾਂਦੀਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਖੂਨ ਮੁੜ ਰਾਮਪੁਰਾ ਫੂਲ ਲਿਆਂਦਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿਚ ਸਮਾਂ ਅਤੇ ਸਰਕਾਰੀ ਸਰੋਤਾਂ ਦੀ ਵਾਧੂ ਖਪਤ ਹੋ ਰਹੀ ਹੈ। ਬਲੱਡ ਬੈਂਕ ਦੀ ਸਹੂਲਤ ਨਾ ਹੋਣ ਕਾਰਨ ਐਮਰਜੈਂਸੀ ਹਾਲਾਤਾਂ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲਣ ਸਬੰਧੀ ਚਿੰਤਾ ਵੀ ਵਧ ਗਈ ਹੈ। ਹਾਲਾਂਕਿ ਬਲੱਡ ਸਟੋਰੇਜ ਸੈਂਟਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਥੇ ਲੋੜ ਅਨੁਸਾਰ ਖੂਨ ਉਪਲਬਧ ਰੱਖਿਆ ਜਾਂਦਾ ਹੈ ਅਤੇ ਆਮ ਹਾਲਾਤਾਂ ਵਿਚ ਮਰੀਜ਼ਾਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਂਦੀ। ਪਰ ਜੇਕਰ ਕਿਸੇ ਵੱਡੇ ਸੜਕ ਹਾਦਸੇ, ਸਮੂਹਿਕ ਦੁਰਘਟਨਾ ਜਾਂ ਕਿਸੇ ਹੋਰ ਐਮਰਜੈਂਸੀ ਵਿਚ ਇਕੱਠੇ ਵੱਧ ਯੂਨਿਟ ਖੂਨ ਦੀ ਲੋੜ ਪੈ ਜਾਵੇ ਤਾਂ ਪ੍ਰਬੰਧ ਕਿਵੇਂ ਕੀਤਾ ਜਾਵੇਗਾ, ਇਸ ਬਾਰੇ ਸਪੱਸ਼ਟ ਜਵਾਬ ਨਹੀਂ ਮਿਲ ਰਿਹਾ। 2001 ’ਚ ਮਿਲੀ ਸੀ ਬਲੱਡ ਬੈਂਕ ਦੀ ਸਹੂਲਤ ਰਾਮਪੁਰਾ ਫੂਲ ਵਿਚ ਖੂਨਦਾਨ ਮੁਹਿੰਮ ਦੀ ਸ਼ੁਰੂਆਤ 1 ਅਕਤੂਬਰ 1978 ਨੂੰ ਹੋਈ ਸੀ। ਲਗਾਤਾਰ ਵੱਧ ਰਹੇ ਖੂਨਦਾਨ ਨੂੰ ਦੇਖਦੇ ਹੋਏ 30 ਅਗਸਤ 2001 ਨੂੰ ਸਿਵਲ ਹਸਪਤਾਲ ਵਿਚ ਸਰਕਾਰੀ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਖੂਨ ਦੀ ਜਾਂਚ ਅਤੇ ਸਟੋਰੇਜ ਦੀ ਸਹੂਲਤ ਸਥਾਨਕ ਪੱਧਰ ਤੇ ਮਿਲਣ ਲੱਗੀ, ਜਿਸ ਨਾਲ ਖੂਨਦਾਨ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ। ਵਿਭਾਗੀ ਸੂਤਰਾਂ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿਚ ਹਰ ਸਾਲ ਔਸਤਨ ਇਕ ਹਜ਼ਾਰ ਯੂਨਿਟ ਦੇ ਕਰੀਬ ਖੂਨਦਾਨ ਹੁੰਦਾ ਰਿਹਾ ਹੈ। ਪਰ ਬਲੱਡ ਬੈਂਕ ਬੰਦ ਹੋਣ ਤੋਂ ਬਾਅਦ ਖੂਨਦਾਨ ਕੈਂਪ ਲਗਾਉਣ ਅਤੇ ਲੋੜ ਪੈਣ ਤੇ ਤੁਰੰਤ ਖੂਨ ਮੁਹੱਈਆ ਕਰਵਾਉਣ ਵਿੱਚ ਮੁਸ਼ਕਲਾਂ ਆਉਣ ਲੱਗੀਆਂ ਹਨ। ਇਸ ਦਾ ਅਸਰ ਖੂਨਦਾਨ ਮੁਹਿੰਮ ਤੇ ਵੀ ਪੈ ਰਿਹਾ ਹੈ ਅਤੇ ਖੂਨਦਾਨ ਦਾ ਅੰਕੜਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਖੂਨਦਾਨੀਆਂ ’ਚ ਨਾਰਾਜ਼ਗੀ, ਸਹੂਲਤ ਬਹਾਲ ਕਰਨ ਦੀ ਮੰਗ ਬਲੱਡ ਬੈਂਕ ਬੰਦ ਹੋਣ ਕਾਰਨ ਖੂਨਦਾਨ ਨਾਲ ਜੁੜੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਵੈਸੇਵਕਾਂ ਵਿਚ ਭਾਰੀ ਨਾਰਾਜ਼ਗੀ ਹੈ। ਖੂਨਦਾਨ ਮੁਹਿੰਮ ਦੇ ਸੰਸਥਾਪਕ ਮੈਂਬਰ ਪ੍ਰੀਤਮ ਸਿੰਘ ਆਰਟਿਸਟ, ਸਟੇਟ ਐਵਾਰਡੀ ਸੁਰਿੰਦਰ ਗਰਗ, ਸਟੇਟ ਐਵਾਰਡੀ ਪਵਨ ਮਹਿਤਾ ਅਤੇ ਮਨੋਹਰ ਸਿੰਘ ਸਮੇਤ ਹੋਰ ਸਮਾਜ ਸੇਵੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਰਾਮਪੁਰਾ ਫੂਲ ਦਾ ਬਲੱਡ ਬੈਂਕ ਤੁਰੰਤ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸ਼ਹਿਰ ਦੀ ਪਛਾਣ ਹੀ ਖੂਨਦਾਨ ਅੰਦੋਲਨ ਨਾਲ ਹੈ, ਉੱਥੇ ਬਲੱਡ ਬੈਂਕ ਦਾ ਬੰਦ ਰਹਿਣਾ ਬਹੁਤ ਮੰਦਭਾਗੀ ਗੱਲ ਹੈ। ਜੇਕਰ ਜਲਦੀ ਸਹੂਲਤ ਬਹਾਲ ਨਾ ਕੀਤੀ ਗਈ ਤਾਂ ਸਾਲਾਂ ਦੀ ਮਿਹਨਤ ਨਾਲ ਖੜ੍ਹੀ ਕੀਤੀ ਖੂਨਦਾਨ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ। ਬਲੱਡ ਬੈਂਕ ਨੂੰ ਮੁੜ ਸ਼ੁਰੂ ਕਰਨ ਲਈ ਉੱਚ ਅਧਿਕਾਰੀਆਂ ਨੂੰ ਪ੍ਰਸਤਾਵ ਭੇਜਿਆ ਬਲੱਡ ਬੈਂਕ ਇੰਚਾਰਜ ਡਾ. ਸਵੀਟੀ ਨੇ ਕਿਹਾ ਕਿ ਬਲੱਡ ਬੈਂਕ ਨੂੰ ਮੁੜ ਸ਼ੁਰੂ ਕਰਨ ਲਈ ਉੱਚ ਅਧਿਕਾਰੀਆਂ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਫਿਲਹਾਲ ਬਲੱਡ ਸਟੋਰੇਜ ਸੈਂਟਰ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਬਲੱਡ ਬੈਂਕ ਜਲਦ ਦੁਬਾਰਾ ਸ਼ੁਰੂ ਹੋ ਜਾਵੇਗਾ।