- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ, ਮੋਗਾ, ਫਰੀਦਕੋਟ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੋਈ ਇਸ ਤਬਾਹੀ ਨੇ ਖੇਤਾਂ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਜਿਹੜੇ ਖੇਤ ਗੜੇਮਾਰੀ ਹੇਠ ਆਏ ਹਨ, ਉਨ੍ਹਾਂ ਵਿਚ ਕਣਕ ਦਾਣਾ ਬਚਣਾ ਦੂਰ ਸਗੋਂ ਕਿਸਾਨਾਂ ਨੂੰ ਤੂੜੀ ਵੀ ਮੁੱਲ੍ਹ ਲੈਣੀ ਪਵੇਗੀ। ਖੇਤਾਂ ਵਿਚ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ:ਪੰਜਾਬ ਅੰਦਰ ਦੋ ਦਿਨ ਲਗਾਤਾਰ ਹੋਈ ਗੜੇਮਾਰੀ ਨੇ ਪੱਕ ਚੁੱਕੀ ਹਜਾਰਾਂ ਏਕੜ ਕਣਕ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਤੇ ਹਰਾ ਚਾਰਾ ਤਬਾਹ ਕਰ ਦਿੱਤਾ ਹੈ। ਜਿਹੜੀ ਕਣਕ ਕੁਝ ਦਿਨ ਪਹਿਲਾਂ ਤਕ ਸੋਨੇ ਵਾਂਗ ਲਹਿਰਾ ਰਹੀ ਸੀ, ਅੱਜ ਉਹੀ ਕਣਕ ਦੀ ਫਸਲ ਬਿਲਕੁਲ ਬਰਬਾਦ ਹੋ ਗਈ ਹੈ। ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ, ਮੋਗਾ, ਫਰੀਦਕੋਟ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੋਈ ਇਸ ਤਬਾਹੀ ਨੇ ਖੇਤਾਂ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਜਿਹੜੇ ਖੇਤ ਗੜੇਮਾਰੀ ਹੇਠ ਆਏ ਹਨ, ਉਨ੍ਹਾਂ ਵਿਚ ਕਣਕ ਦਾਣਾ ਬਚਣਾ ਦੂਰ ਸਗੋਂ ਕਿਸਾਨਾਂ ਨੂੰ ਤੂੜੀ ਵੀ ਮੁੱਲ੍ਹ ਲੈਣੀ ਪਵੇਗੀ। ਖੇਤਾਂ ਵਿਚ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਖੇਤਾਂ ਵਿਚ ਬਰਫ਼ ਹੀ ਡਿੱਗ ਪਈ ਹੈ। ਗੜੇਮਾਰੀ ਦੇ ਦੂਜੇ ਦਿਨ ਤਕ ਕਣਕ ਦੇ ਖੇਤਾਂ ਵਿਚ ਗੜਿਆਂ ਦੀਆਂ ਵੱਡੀਆਂ ਵੱਡੀਆਂ ਢੇਰੀਆਂ ਨਜ਼ਰ ਆ ਰਹੀਆਂ ਸਨ। ਐਨੀ ਤੇਜ ਗੜੇਮਾਰੀ ਹੋਈ ਕਿ ਕਣਕ ਦੀਆਂ ਬੱਲੀਆਂ ਟੁੱਟ ਕੇ ਹੇਠਾਂ ਡਿੱਗ ਪਈਆਂ ਅਤੇ ਉਨ੍ਹਾਂ ਵਿਚ ਦਾਣਾ ਵੀ ਨਹੀਂ ਬਚਿਆ।
ਇਸ ਤੋਂ ਇਲਾਵਾ ਹਰਾ ਚਾਰਾ, ਸਬਜ਼ੀਆਂ ਤੇ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਜਿੰਨ੍ਹਾਂ ਖੇਤਾਂ ਵਿਚ ਗੜੇਮਾਰੀ ਹੋਈ ਹੈ, ਉਥੇ 80 ਤੋਂ 100 ਫੀਸਦੀ ਤਕ ਨੁਕਸਾਨ ਹੋਇਆ ਹੈ। ਇਸ ਤਬਾਹੀ ਨੇ ਉਨ੍ਹਾਂ ਕਿਸਾਨਾਂ ਨੂੰ ਹੋਰ ਵੀ ਵੱਡੀ ਮੁਸੀਬਤ ਵਿੱਚ ਧੱਕ ਦਿੱਤਾ ਹੈ, ਜਿਨ੍ਹਾਂ ਨੇ ਜ਼ਮੀਨਾਂ ਠੇਕੇ ‘ਤੇ ਲੈ ਕੇ ਖੇਤੀ ਕੀਤੀ ਸੀ। ਉਨ੍ਹਾਂ ਨੇ ਵੱਡੀਆਂ ਉਮੀਦਾਂ ਨਾਲ ਕਰਜ਼ਾ ਚੁੱਕ ਕੇ ਫ਼ਸਲ ਦੀ ਬਿਜਾਈ ਕੀਤੀ ਸੀ, ਪਰ ਹੁਣ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਨਾ ਫਸਲ ਬਚੀ, ਨਾ ਖਰਚਾ ਵਾਪਸ ਆਉਣ ਦੀ ਕੋਈ ਉਮੀਦ। ਖੇਤਾਂ ਵਿੱਚ ਖੜੇ ਕਿਸਾਨ ਪੁੱਤਾਂ ਵਾਂਗ ਪਾਲੀ ਫ਼ਸਲ ਦੇ ਹਾਲਾਤ ਦੇਖ ਰੋ ਰਹੇ ਹਨ। ਉਹ ਬੇਬਸੀ ਨਾਲ ਆਪਣੀ ਬਿਲਕੁਲ ਤਬਾਹ ਹੋ ਚੁੱਕੀ ਫਸਲ ਵੱਲ ਤਕ ਰਹੇ ਹਨ। ਕਈ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਅਗਲੇ ਦਿਨ ਕਣਕ ਦੀ ਵਾਢੀ ਕਰਨੀ ਸੀ, ਪਰ ਕੁੱਝ ਹੀ ਮਿੰਟਾਂ ਵਿਚ ਸਭ ਕੁੱਝ ਤਬਾਹ ਹੋ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੇ ਕਿਸਾਨਾਂ ਨੇ ਦੱਸਿਆ ਕਿ ਕਰੀਬ 15 ਤੋਂ 20 ਮਿੰਟ ਵਿਚ ਸਭ ਕੁੱਝ ਤਬਾਹ ਹੋ ਗਿਆ। ਫਸਲ ਦੇ ਨਾਲ-ਨਾਲ ਉਨ੍ਹਾਂ ਦੇ ਆਰਮਾਨ, ਸੁਪਨੇ ਗੜੇਮਾਰੀ ਵਿਚ ਵਹਿ ਗਏ। ਖੇਤਾਂ ਵਿੱਚ ਛਾਈ ਇਹ ਖਾਮੋਸ਼ੀ ਸਿਰਫ਼ ਫਸਲਾਂ ਦੀ ਨਹੀਂ, ਸਗੋਂ ਟੁੱਟੀਆਂ ਉਮੀਦਾਂ ਦੀ ਵੀ ਕਹਾਣੀ ਬਿਆਨ ਕਰ ਰਹੀ ਹੈ, ਜਿੱਥੇ ਕੱਲ੍ਹ ਤਕ ਸੋਨਾ ਲਹਿਰਾ ਰਿਹਾ ਸੀ, ਅੱਜ ਉੱਥੇ ਤਬਾਹੀ ਨਜ਼ਰ ਆ ਰਹੀ ਹੈ।
- ਦੋ ਮਹੀਨੇ ਪਹਿਲਾਂ ਕੁੜੀ ਦੇ ਵਿਆਹ ਲਈ ਲਿਆ ਸੀ ਕਰਜ਼ਾ
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੇ ਕਿਸਾਨ ਪ੍ਰੀਤਮ ਸਿੰਘ ਨੇ 12 ਏਕੜ ਕਣਕ ਦੀ ਫਸਲ ਗੜੇਮਾਰੀ ਦੀ ਭੇਟ ਚੜ ਗਈ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਚਾਰ ਏਕੜ ਜਮੀਨ ਉਸਨੇ 70 ਹਜਾ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਕਿਸਾਨ ਅਨੁਸਾਰ ਕਣਕ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ, ਜਦੋਂ ਕਿ ਖੇਤ ਵਿੱਚੋਂ ਤੂੜੀ ਵੀ ਨਹੀਂ ਬਣਦੀ ਦਿਸ ਰਹੀ। ਰੋਂਦੇ ਹੋਏ ਕਿਸਾਨ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਹੀ ਆਪਣੀ ਬੇਟੀ ਦਾ ਵਿਆਹ ਕੀਤਾ, ਜਿਸ ਲਈ ਉਸ ਨੇ ਕਰਜ਼ਾ ਚੁੱਕਿਆ ਸੀ। ਹੁਣ ਉਮੀਦ ਸੀ ਕਿ ਕਣਕ ਦੀ ਫਸਲ ਚੰਗੀ ਹੋ ਜਾਵੇਗੀ ਅਤੇ ਕੁਝ ਕਰਜਾ ਮੋੜਿਆ ਜਾ ਸਕੇਗਾ। ਉਸ ਉੱਪਰ ਅਜੇ ਵੀ 9 ਲੱਖ ਰੁਪਏ ਦਾ ਕਰਜ਼ਾ ਹੈ, ਪਰ ਕਣਕ ਖਾਣ ਲਈ ਵੀ ਨਹੀਂ ਹੈ। ਕਿਸਾਨ ਨੇ ਕਿਹਾ ਕਿ 50 ਸਾਲਾਂ ਦੇ ਸਮੇਂ ਦੌਰਾਨ ਪਹਿਲੀ ਵਾਰ ਇੰਨ੍ਹਾਂ ਨੁਕਸਾਨ ਹੋਇਆ ਹੈ।
- ਧੀ ਦੇ ਵਿਆਹ ਲਈ ਲਿਆ ਸੀ ਕਰਜ਼ਾ
ਪਿੰਡ ਕੋਠੇ ਕੌਰ ਸਿੰਘ ਵਾਲਾ ਦੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦੀ 14 ਏਕੜ ਕਣਕ ਦੀ ਫਸਲ ਬਿਲਕੁਲ ਬਰਬਾਦ ਹੋ ਗਈ ਹੈ। ਉਸ ਨੇ ਅੱਠ ਏਕੜ ਜਮੀਨ ਠੇਕੇ ’ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਪੀੜਤ ਕਿਸਾਨ ਦਾ ਕਹਿਣਾ ਸੀ ਕਿ ਉਸ ਨੇ ਇਕ ਸਾਲ ਪਹਿਲਾਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਜਿਸ ਉੱਪਰ 13 ਲੱਖ ਰੁਪਏ ਖਰਚ ਹੋਏ ਸਨ। ਹੁਣ ਕਣਕ ਦੀ ਫਸਲ ਤੋਂ ਕਾਫੀ ਉਮੀਦ ਸੀ, ਪਰ ਗੜੇਮਾਰੀ ਨੇ ਇਹਨਾਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਪਸ਼ੂਆਂ ਲਈ ਹਰਾ ਚਾਰਾ ਵੀ ਨਹੀਂ ਬਚਿਆ। ਕਿਸਾਨ ਦਾ ਕਹਿਣਾ ਸੀ ਕਿ ਹੁਣ ਉਮੀਦ ਸੀ ਕਿ ਕਣਕ ਵੇਚ ਕੇ ਕਰਜ਼ੇ ਦਾ ਬੋਝ ਹਲਕਾ ਹੋਵੇਗਾ।
ਇਕ ਹੋਰ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਨ ਕੁੱਲ 28 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਸੀ, ਜਿਸ ਵਿੱਚੋਂ 25 ਏਕੜ ਜਮੀਨ 67000 ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਕਣਕ ਤਾਂ ਦੂਰ ਗੜੇਮਾਰੀ ਨੇ ਇਨ੍ਹਾਂ ਨੁਕਸਾਨ ਕੀਤਾ ਹੈ ਕਿ ਖੇਤਾਂ ਵਿੱਚੋਂ ਤੂੜੀ ਵੀ ਨਹੀਂ ਬਣ ਸਕਦੀ। ਕਿਸਾਨ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਬਾਂਹ ਨਾ ਫੜੀ ਤਾਂ ਹਾਲਾਤ ਬਹੁਤ ਖਰਾਬ ਹੋ ਜਾਣਗੇ।
ਕੋਠੇ ਅਬਲੂ ਤੇ ਕੋਠੇ ਲਾਲ ਸਿੰਘ ਦੇ ਕਿਸਾਨਾਂ ਕਾਲਾ ਸਿੰਘ ਨੇ ਦੱਸਿਆ ਕਿ ਉਸ ਦੀ 11 ਏਕੜ ਕਣਕ ਦੀ ਫਸਲ ਦਾ 100 ਫੀਸਦੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਨੇ ਸੱਤ ਏਕੜ ਜਮੀਨ 75 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਪੀੜਤ ਕਿਸਾਨ ਦਾ ਕਹਿਣਾ ਸੀ ਕਿ ਉਹ ਪਹਿਲਾਂ ਹੀ ਕਰਜਾਈ ਹੈ, ਪਰ ਹੁਣ ਫਸਲ ਖਰਾਬ ਹੋ ਜਾਣ ਕਾਰਨ ਬੇਹੱਦ ਪਰੇਸ਼ਾਨ ਹੈ। ਇਕ ਹੋਰ ਕਿਸਾਨ ਗੁਰਦੀਪ ਸਿੰਘ ਦੀ 13 ਏਕਡ ਅਤੇ ਜਗਮੀਤ ਸਿੰਘ ਦੀ 15 ਏਕੜ ਕਣਕ ਦੀ ਫਸਲ ਦਾ 100 ਫੀਸਦੀ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਅਬਲੂ ਪਿੰਡ ਦੇ ਕਿਸਾਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਦੇ ਕਿਸਾਨ ਮਨਦੀਪ ਸਿੰਘ ਦੀ 33 ਏਕੜ ਕਣਕ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਹੈ। ਉਸਦਾ ਕਹਿਣਾ ਸੀ ਕਿ ਕਣਕ ਦੀ ਫਸਲ ਤੋਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਸਨ ਪਰ ਕੁੱਝ ਮਿੰਟ ਦੇ ਗੜਿਆਂ ਨੇ ਸਭ ਕੁੱਝ ਤਬਾਹ ਕਰਕੇ ਰੱਖ ਦਿਤਾ ਹੈ। ਇਸਦੇ ਪਿੰਡ ਦੇ ਕਿਸਾਨ ਗੁਰਜੋਤ ਸਿੰਘ ਦੀ 25 ਏਕੜ ਕਣਕ ਦੀ ਫਸਲ ਦਾ ਸੌ ਫੀਸਦੀ ਨੁਕਸਾਨ ਹੋਇਆ ਹੈ। ਇਸੇ ਜ਼ਿਲ੍ਹੇ ਦੇ ਪਿੰਡ ਗੰਧੜ ਦੇ ਕਿਸਾਨ ਚਿਮਨ ਲਾਲ ਦੀ ਠੇਕੇ ’ਤੇ ਲਈ 114 ਏਕੜ ਕਣਕ ਦੀ ਫਸਲ ਬਰਬਾਦ ਹੋ ਗਈ ਹੈ। ਜਦੋਂ ਕਿ ਪਿੰਡ ਲੱਖੇਵਾਲੀ ਦੇ ਹਰਨੇਕ ਸਿੰਘ ਦੀ ਸਿਰਫ ਚਾਰ ਏਕੜ ਕਣਕ ਦੀ ਫਸਲ ਤਬਾਹ ਹੋ ਗਈ ਹੈ ਜਦੋਂ ਕਿ ਉਸਦਾ ਘਰ ਵਿਚ ਢਹਿ ਗਿਆ। ਮਿੱਡਾ ਅਤੇ ਬੋਦੀਵਾਲਾ ਵਿੱਚ ਵੀ ਫਸਲਾਂ ਦਾ 100 ਫੀਸਦੀ ਨੁਕਸਾਨ ਹੋਇਆ ਹੈ। ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਗੜੇਮਾਰੀ ਕਾਰਨ ਕਣਕ ਬਿਲਕੁਲ ਤਬਾਹ ਹੋ ਗਈ ਹੈ ਜਦੋਂ ਕਿ ਖੇਤਾਂ ਵਿੱਚੋਂ ਤੂੜੀ ਬਣਨੀ ਵੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਬਹੁਤੇ ਛੋਟੇ ਕਿਸਾਨ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਦੇ ਹਨ।
ਬੱਚੇ ਨਹੀਂ ਜਾ ਰਹੇ ਸਕੂਲ
ਸ੍ਰੀ ਮੁਕਤਸਰ ਸਾਹਿਬ ਦੇ ਗੰਧੜ ਪਿੰਡ ਦੇ ਕਿਸਾਨ ਬਲਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦੀ ਅੱਠ ਏਕੜ ਕਣਕ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ। ਪੀੜਿਤ ਕਿਸਾਨ ਦਾ ਕਹਿਣਾ ਸੀ ਕਿ ਹਾਲਾਤ ਇਹ ਬਣ ਗਏ ਹਨ ਕਿ ਉਹਨਾਂ ਦੇ ਬੱਚੇ ਵੀ ਦੁੱਖ ਵਿੱਚ ਸਕੂਲ ਨਹੀਂ ਗਏ। ਇਸੇ ਪਿੰਡ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 2600 ਏਕੜ ਕਣਕ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ ਜਦੋਂ ਕਿ ਸਬਜ਼ੀਆਂ ਅਤੇ ਹਰਾ ਚਾਰਾ ਵੀ ਨਹੀਂ ਬਚਿਆ ਹੈ।
-ਠੇਕੇ ’ਤੇ ਜ਼ਮੀਨਾਂ ਦੇਣ ਵਾਲੇ ਮਦਦ ਲਈ ਹੱਥ ਵਧਾਉਣ ਲੱਗੇ, ਲੱਖੇਵਾਲੀ ਦੇ ਕਿਸਾਨ ਨੇ ਕੀਤੀ ਪਹਿਲ
ਠੇਕੇ ’ਤੇ ਜ਼ਮੀਨਾਂ ਦੇਣ ਵਾਲੇ ਕਿਸਾਨ ਹੁਣ ਮਦਦ ਲਈ ਹੱਥ ਅੱਗੇ ਵਧਾਉਣ ਲੱਗੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਨੇ ਇਹ ਪਹਿਲ ਕਦਮੀ ਕੀਤੀ ਹੈ। ਉਸਨੇ ਆਪਣੀ ਜਮੀਨ ਪਿੰਡ ਦੇ ਕਿਸਾਨ ਗੁਰਮੀਤ ਸਿੰਘ ਨੂੰ 80 ਹਜ਼ਾਰ ਰੁਪਏ ਪ੍ਰਤੀ ਠੇਕੇ ’ਤੇ ਦਿੱਤੀ ਸੀ, ਪਰ ਹੁਣ ਗੜੇਮਾਰੀ ਕਾਰਨ ਸਾਰੀ ਫਸਲ ਤਬਾਹ ਹੋ ਗਈ, ਜਿਸ ਤੋਂ ਬਾਅਦ ਕੁਲਵੰਤ ਸਿੰਘ ਨੇ ਕਿਸਾਨ ਨੂੰ ਅੱਧੇ ਠੇਕਾ ਛੱਡਣ ਦਾ ਐਲਾਨ ਕੀਤਾ ਹੈ। ਭਾਵ ਹੁਣ ਕਿਸਾਨ ਠੇਕੇਦਾਰ ਕੋਲੋ 80 ਹਜ਼ਾਰ ਰੁਪਏ ਦੀ ਬਜਾਏ ਸਿਰਫ 40 ਹਜ਼ਾਰ ਰੁਪਏ ਪ੍ਰਤੀ ਏਕੜ ਹੀ ਠੇਕਾ ਲਵੇਗਾ। ਉਸ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੀੜਤ ਕਿਸਾਨਾਂ ਦੀ ਬਾਂਹ ਫੜਨ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ ਹੋਰ ਅਜਿਹੇ ਕਿਸਾਨ ਵੀ ਵੱਡਾ ਦਿਲ ਵਿਖਾ ਸਕਦੇ ਹਨ।
ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਦੇ ਹੁਕਮ
ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਲਗਾਤਾਰ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੜੇਮਾਰੀ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੰਤਰੀ ਨੇ ਕਿਹਾ ਕਿ ਨੁਕਸਾਨ ਦਾ ਪੂਰਾ ਪਤਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜੀ ਹੈ। ਜਥੇਦਾਰ ਖੁੱਡੀਆਂ ਲੇ ਕਿਹਾ ਕਿ ਗਿਰਦਾਵਰੀ ਹੋਣ ਤੋਂ ਬਾਅਦ ਕਿਸਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਕੋਈ ਵੀ ਮੁਆਵਜੇ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਨਸਾਨੀਅਤ ਨਾਤੇ ਅਧਿਕਾਰੀ ਸਹੀ ਅਤੇ ਪਾਰਦਰਸ਼ਤਾ ਨਾਲ ਗਿਰਦਾਵਰੀ ਕਰਕੇ ਰਿਪੋਰਟ ਦੇਣ, ਜੇਕਰ ਗਿਰਦਾਵਰਲੀ ਵਿਚ ਕੁੱਝ ਗਲਤ ਪਾਇਆ ਗਿਆ ਤਾਂ ਉਹ ਅਧਿਕਾਰੀ ਜਿੰਮੇਵਾਰ ਹੋਣਗੇ।
50 ਹਜ਼ਾਰ ਮੁਆਵਜ਼ਾ ਰਾਸ਼ੀ ਦੇਵੇ ਸਰਕਾਰ: ਬਾਦਲ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਗੜੇਮਾਰੀ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਜਾਰੀ ਕਰਨਗੇ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਹੀ ਕਿਹਾ ਕਰਦੇ ਸਨ ਕਿ ਉਹ ਪਹਿਲਾਂ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦਿਆ ਕਰਨਗੇ ਅਤੇ ਬਾਅਦ ਵਿੱਚ ਗਿਰਦਾਵਰੀ ਕਰਵਾਇਆ ਕਰਨਗੇ। ਇਸ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਇਹ ਗਰੰਟੀ ਪੂਰੀ ਕਰਨੀ ਚਾਹੀਦੀ ਹੈ ਅਤੇ ਤੁਰੰਤ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਤੀ ਏਕੜ 50 ਹਜ਼ਾਰ ਰੁਪਏ ਪਾਉਣੇ ਚਾਹੀਦੇ ਹਨ।
ਕਾਸ਼ਤਕਾਰਾਂ ਨੂੰ ਦਿੱਤਾ ਜਾਵੇ ਮੁਆਵਜ਼ਾ
ਪੰਜਾਬ ਵਿੱਚ ਹਾਲੀਆ ਮੌਸਮੀ ਮਾਰਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਹੈ ਕਿ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਨੁਕਸਾਨੀ ਫਸਲਾਂ ਲਈ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਗੜੇਮਾਰੀ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਕਿਸਾਨ ਆਰਥਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਹਨ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਰਾਮਾ ਨੇ ਇਹ ਵੀ ਮੰਗ ਕੀਤੀ ਕਿ ਅਗਲੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਬੀਜ, ਡੀਜ਼ਲ ਅਤੇ ਖਾਦ ਮੁਫ਼ਤ ਦਿੱਤੇ ਜਾਣ ਤਾਂ ਜੋ ਉਹ ਦੁਬਾਰਾ ਖੇਤੀ ਕਰ ਸਕਣ ਅਤੇ ਆਪਣੀ ਆਮਦਨ ਨੂੰ ਸਥਿਰ ਕਰ ਸਕਣ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਵੱਲੋਂ ਜਲਦ ਹੀ ਕਿਸਾਨਾਂ ਦੀਆਂ ਮੰਗਾਂ ਨਹੀਂ ਮਨੀਆਂ ਗਈਆਂ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁਆਵਜ਼ਾ ਰਾਸ਼ੀ ਕਾਸ਼ਤਕਾਰ ਨੂੰ ਹੀ ਦਿੱਤੀ ਜਾਵੇ ਤਾਂ ਜਮੀਨ ਮਾਲਕਾਂ ਲਾਲ ਰੌਲਾ ਨਾ ਪਵੇ।