
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਥਾਣਾ ਨਥਾਣਾ ਦੇ ਜਾਂਚ ਅਧਿਕਾਰੀ ਹਰਜੀਵਨ ਸਿੰਘ ਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੰਡਾਵਾਲਾ ਰੋਡ ’ਤੇ ਚੈਕਿੰਗ ਦੌਰਾਨ ਇਕ ਨਾਬਾਲਗ ਪੁਲਿਸ ਨੂੰ ਦੇਖ ਕੇ ਨਜ਼ਰਾਂ ਚੁਰਾਉਣ ਲੱਗਾ ਤਾਂ ਉਸ ਦੇ ਮੋਢੇ ’ਤੇ ਟੰਗੇ ਬੈਗ ਦੀ ਤਲਾਸ਼ੀ ਲਈ ਗਈ। ਤਲਾਸ਼ੀ ’ਚ ਉਸ ਬੈਗ ’ਚੋਂ ਅੱਧਾ ਕਿੱਲੋ ਚਿੱਟਾ ਬਰਾਮਦ ਹੋਇਆ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਸ਼ਾ ਤਸਕਰੀ ’ਚ ਨਾਬਾਲਗਾਂ ਦੀ ਵਰਤੋਂ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨਥਾਣਾ ਪੁਲਿਸ ਨੇ ਇਕ ਨਾਬਾਲਗ ਨੂੰ ਅੱਧਾ ਕਿੱਲੋ ਚਿੱਟੇ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਨਾਬਾਲਗ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਬਾਲ ਸੁਧਾਰ ਘਰ ਫ਼ਰੀਦਕੋਟ ਭੇਜ ਦਿੱਤਾ ਹੈ। ਪੁਲਿਸ ਹੁਣ ਉਸ ਮੁੱਖ ਮੁਲਜ਼ਮ ਦੀ ਭਾਲ ਕਰ ਰਹੀ ਹੈ, ਜੋ ਨਾਬਾਲਗ ਨੂੰ ਨਸ਼ੇ ਦੀ ਖੇਪ ਲਿਆਉਣ ਲਈ ਵਰਤ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਨੇ 20 ਜੂਨ ਨੂੰ ‘ਨਸ਼ਾ ਤਸਕਰਾਂ ਦਾ ਨਵਾਂ ਜਾਲ, ਯੂਥ ਨੂੰ ਬਣਾ ਰਹੇ ਨੇ ਡਲਿਵਰੀ ਬੁਆਏ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਤ ਕਰ ਕੇ ਪਹਿਲਾਂ ਹੀ ਇਸਦਾ ਖ਼ੁਲਾਸਾ ਕਰ ਦਿੱਤਾ ਸੀ।
ਥਾਣਾ ਨਥਾਣਾ ਦੇ ਜਾਂਚ ਅਧਿਕਾਰੀ ਹਰਜੀਵਨ ਸਿੰਘ ਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੰਡਾਵਾਲਾ ਰੋਡ ’ਤੇ ਚੈਕਿੰਗ ਦੌਰਾਨ ਇਕ ਨਾਬਾਲਗ ਪੁਲਿਸ ਨੂੰ ਦੇਖ ਕੇ ਨਜ਼ਰਾਂ ਚੁਰਾਉਣ ਲੱਗਾ ਤਾਂ ਉਸ ਦੇ ਮੋਢੇ ’ਤੇ ਟੰਗੇ ਬੈਗ ਦੀ ਤਲਾਸ਼ੀ ਲਈ ਗਈ। ਤਲਾਸ਼ੀ ’ਚ ਉਸ ਬੈਗ ’ਚੋਂ ਅੱਧਾ ਕਿੱਲੋ ਚਿੱਟਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਬਠਿੰਡਾ ਦਾ ਇਕ ਵਿਅਕਤੀ ਉਸ ਨੂੰ ਜਲਾਲਾਬਾਦ ਤੇ ਫਿਰੋਜ਼ਪੁਰ ਇਲਾਕੇ ’ਚੋਂ ਨਸ਼ੇ ਦੀ ਖੇਪ ਲੈਣ ਲਈ ਭੇਜਦਾ ਸੀ। ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਨਸ਼ੇ ਦੀ ਖੇਪ ਲਿਆ ਕੇ ਉਸ ਨੂੰ ਦੇ ਚੁੱਕਾ ਹੈ। ਹਰ ਖੇਪ ਬਦਲੇ ਉਸ ਨੂੰ 2 ਤੋਂ 3 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ।
ਪੁਲਿਸ ਮੁਤਾਬਕ ਨਸ਼ਾ ਤਸਕਰੀ ’ਚ ਨਾਬਾਲਗ ਦੀ ਵਰਤੋਂ ਇਸ ਲਈ ਕੀਤੀ ਜਾ ਰਹੀ ਸੀ ਕਿਉਂਕਿ ਆਮ ਤੌਰ ’ਤੇ ਕਿਸੇ ਨੂੰ ਉਸ ’ਤੇ ਸ਼ੱਕ ਨਹੀਂ ਸੀ ਹੁੰਦਾ। ਉਹ ਬੈਗ ਮੋਢੇ ’ਤੇ ਟੰਗ ਕੇ ਬੱਸ ’ਚ ਸਫ਼ਰ ਕਰਦਾ ਤੇ ਖੇਪ ਲੈ ਕੇ ਮੁੱਖ ਮੁਲਜ਼ਮ ਤੱਕ ਪਹੁੰਚਾ ਦਿੰਦਾ। ਪੁਲਿਸ ਹੁਣ ਉਸ ਮੁੱਖ ਮੁਲਜ਼ਮ ਦੀ ਭਾਲ ਕਰ ਰਹੀ ਹੈ ਜੋ ਨਾਬਾਲਗ ਤੋਂ ਖੇਪ ਲੈਂਦਾ ਸੀ। ਪੁਲਿਸ ਮੁਤਾਬਕ ਉਸ ਮੁਲਜ਼ਮ ਖ਼ਿਲਾਫ਼ ਪਹਿਲਾਂ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।