
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਹ ਆਪਣੇ ਪਰਿਵਾਰ ਸਮੇਤ ਮੌੜ ਮੰਡੀ ਦੇ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਇਸ ਦੌਰਾਨ ਉਸ ਦੇ ਘਰ ਵਿੱਚ ਚੋਰੀ ਹੋ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਘਰ ਵਿੱਚੋਂ ਸੋਨਾ ਅਤੇ ਚਾਂਦੀ ਚੋਰੀ ਹੋਈ ਸੀ। ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਕੈਂਟ ਪੁਲਿਸ ਨੇ ਮੁਕੱਦਮਾ ਨੰਬਰ 136, ਧਾਰਾ 305 ਅਤੇ 335(4) ਬੀਐੱਨਐੱਸ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ। ਥਾਣਾ ਕੈਂਟ ਅਧੀਨ ਭਾਰਤ ਨਗਰ ਵਿੱਚ ਇੱਕ ਸੁਨਿਆਰੇ ਦੇ ਘਰੋਂ ਚੋਰੀ ਹੋਏ ਕਰੀਬ 2 ਕਿਲੋ 400 ਗ੍ਰਾਮ ਸੋਨੇ ਅਤੇ 3 ਕਿਲੋ ਚਾਂਦੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੋਰੀ ਦੀ ਵਾਰਦਾਤ ਦੀ ਕਥਿਤ ਤੌਰ ’ਤੇ ਸਾਜ਼ਿਸ਼ ਪੀੜਤ ਭੂਸ਼ਣ ਕੁਮਾਰ ਦੇ ਜਾਣਕਾਰ ਇੱਕ ਹੋਰ ਸੁਨਿਆਰੇ ਜਸਵਿੰਦਰ ਸਿੰਘ ਵੱਲੋਂ ਆਪਣੇ ਸਾਥੀ ਦਲਜੀਤ ਸਿੰਘ ਮੌੜ ਮੰਡੀ ਨਾਲ ਮਿਲ ਕੇ ਰਚੀ ਗਈ ਸੀ। ਦੋਵਾਂ ਨੇ ਅੱਗੇ ਦੋ ਮੌੜ ਮੰਡੀ ਦੇ ਹੀ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਚੋਰੀ ਕਰਨ ਲਈ ਹਾਇਰ ਕੀਤਾ ਸੀ। ਐਸਪੀ ਸਿਟੀ ਆਸ਼ਵੰਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭੂਸ਼ਣ ਕੁਮਾਰ ਭਾਰਤ ਨਗਰ ਵਿੱਚ ਰਹਿੰਦਾ ਹੈ ਅਤੇ ਸੁਨਿਆਰੇ ਤੇ ਫਾਈਨਾਂਸਰ ਦਾ ਕੰਮ ਕਰਦਾ ਹੈ। ਉਹ ਆਪਣੇ ਪਰਿਵਾਰ ਸਮੇਤ ਮੌੜ ਮੰਡੀ ਦੇ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਇਸ ਦੌਰਾਨ ਉਸ ਦੇ ਘਰ ਵਿੱਚ ਚੋਰੀ ਹੋ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਘਰ ਵਿੱਚੋਂ ਸੋਨਾ ਅਤੇ ਚਾਂਦੀ ਚੋਰੀ ਹੋਈ ਸੀ। ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਕੈਂਟ ਪੁਲਿਸ ਨੇ ਮੁਕੱਦਮਾ ਨੰਬਰ 136, ਧਾਰਾ 305 ਅਤੇ 335(4) ਬੀਐੱਨਐੱਸ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਕੈਮਰਿਆਂ ਅਤੇ ਤਕਨੀਕੀ ਇਨਪੁੱਟ ਦੀ ਮਦਦ ਨਾਲ ਸੁਲਝਾਇਆ ਮਾਮਲਾ
ਐਸਪੀ ਸਿਟੀ ਮੁਤਾਬਕ ਮਾਮਲੇ ਦੀ ਜਾਂਚ ਡੀਐੱਸਪੀ ਸਿਟੀ-2, ਡੀਐੱਸਪੀ-ਡੀ, ਸੀਆਈਏ ਇੰਚਾਰਜ ਅਤੇ ਥਾਣਾ ਕੈਂਟ ਦੇ ਐੱਸਐੱਚਓ ਦੀ ਨਿਗਰਾਨੀ ਹੇਠ ਕੀਤੀ ਗਈ। ਪੁਲਿਸ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਇਨਪੁੱਟ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ। ਜਾਂਚ ਦੌਰਾਨ ਪੁਲਿਸ ਨੇ ਦੋ ਕਥਿਤ ਮੁੱਖ ਚੋਰਾਂ ਕੁਲਦੀਪ ਸਿੰਘ ਉਰਫ਼ ਸੋਨੂੰ ਅਤੇ ਮਨੀਸ਼ ਬਾਂਸਲ ਦੋਵੇਂ ਵਾਸੀ ਮੌੜ ਮੰਡੀ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਜਸਵਿੰਦਰ ਸਿੰਘ ਵਾਸੀ ਮੌੜ ਮੰਡੀ ਅਤੇ ਦਲਜੀਤ ਵਾਸੀ ਮੌੜ ਕਲਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਜਾਂਚ ਅਨੁਸਾਰ ਜਸਵਿੰਦਰ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਭੂਸ਼ਣ ਕੁਮਾਰ ਪਰਿਵਾਰ ਸਮੇਤ ਵਿਆਹ ਸਮਾਗਮ ਵਿੱਚ ਜਾਣ ਵਾਲਾ ਹੈ ਅਤੇ ਉਸ ਦੇ ਘਰ ਵਿੱਚ ਵੱਡੀ ਮਾਤਰਾ ਵਿੱਚ ਸੋਨਾ ਮੌਜੂਦ ਹੈ। ਦੋਸ਼ ਹੈ ਕਿ ਜਸਵਿੰਦਰ ਸਿੰਘ ਨੇ ਆਪਣੇ ਸਾਥੀ ਦਲਜੀਤ ਨਾਲ ਸੰਪਰਕ ਕਰਕੇ ਚੋਰੀ ਦੀ ਯੋਜਨਾ ਬਣਾਈ ਅਤੇ ਦੋਵਾਂ ਨੇ ਕੁਲਦੀਪ ਸਿੰਘ ਉਰਫ਼ ਸੋਨੂੰ ਅਤੇ ਮਨੀਸ਼ ਬਾਂਸਲ ਨੂੰ ਕਥਿਤ ਤੌਰ ’ਤੇ ਚੋਰੀ ਕਰਨ ਲਈ ਤਿਆਰ ਕੀਤਾ। ਦੋਵੇ ਚੋਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਾਰਤ ਨਗਰ ਪੁੱਜੇ ਅਤੇ ਘਟਨਾ ਨੂੰ ਅੰਜਾਮ ਦਿੱਤਾ।
ਪੰਜ ਬਕਸਿਆਂ ਵਿੱਚ ਪਾ ਕੇ ਰੇਲਵੇ ਲਾਈਨ ਨੇੜੇ ਦੱਬਿਆ ਸੀ ਸੋਨਾ
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਚੋਰੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਸੋਨੇ ਨੂੰ ਤੁਰੰਤ ਵੇਚਣ ਦੀ ਬਜਾਏ ਮਾਨਸਾ ਰੋਡ ’ਤੇ ਅੰਡਰਬ੍ਰਿਜ ਨੇੜੇ ਰੇਲਵੇ ਲਾਈਨ ਦੇ ਕੋਲ ਜ਼ਮੀਨ ਵਿੱਚ ਦੱਬ ਦਿੱਤਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਉਥੋਂ ਪੰਜ ਬਕਸੇ ਬਰਾਮਦ ਕੀਤੇ, ਜਿਨ੍ਹਾਂ ਵਿੱਚ ਕਰੀਬ 2 ਕਿਲੋ 400 ਗ੍ਰਾਮ ਸੋਨਾ ਸੀ। ਇਸ ਤੋਂ ਇਲਾਵਾ ਇਕ ਬਕਸੇ ਵਿੱਚੋਂ ਕਰੀਬ 3 ਕਿਲੋ ਚਾਂਦੀ ਵੀ ਬਰਾਮਦ ਕੀਤੀ ਗਈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਯੋਜਨਾ ਸੀ ਕਿ ਮਾਮਲਾ ਠੰਢਾ ਹੋਣ ਤੋਂ ਬਾਅਦ ਦੱਬਿਆ ਹੋਇਆ ਸੋਨਾ ਕੱਢ ਕੇ ਵੇਚਿਆ ਜਾਵੇ ਅਤੇ ਇਸ ਤੋਂ ਮਿਲਣ ਵਾਲੀ ਰਕਮ ਆਪਸ ਵਿੱਚ ਵੰਡੀ ਜਾਵੇ। ਪੁਲਿਸ ਨੇ ਇਸ ਤੋਂ ਪਹਿਲਾਂ ਹੀ ਕਾਰਵਾਈ ਕਰਦਿਆਂ ਚੋਰੀ ਦਾ ਜ਼ਿਆਦਾਤਰ ਸਮਾਨ ਬਰਾਮਦ ਕਰ ਲਿਆ।
ਲੋਕਾਂ ਤੋਂ ਗਿਰਵੀ ਰੱਖਵਾਇਆ ਸੋਨਾ ਵੀ ਘਰ ਵਿੱਚ ਰੱਖਦਾ ਸੀ ਪੀੜਤ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭੂਸ਼ਣ ਕੁਮਾਰ ਕੋਲ ਆਪਣਾ ਸੋਨਾ ਹੋਣ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਗਿਰਵੀ ਰੱਖਵਾਇਆ ਸੋਨਾ ਵੀ ਮੌਜੂਦ ਸੀ। ਉਹ ਲੋਕਾਂ ਨੂੰ ਸੋਨਾ ਗਿਰਵੀ ਰੱਖਣ ਬਦਲੇ ਪੈਸੇ ਦੇਣ ਦਾ ਕੰਮ ਵੀ ਕਰਦਾ ਸੀ। ਇਸ ਕਾਰਨ ਉਸ ਦੇ ਘਰ ਵਿੱਚ ਸੋਨੇ ਦੀ ਮਾਤਰਾ ਕਾਫ਼ੀ ਜ਼ਿਆਦਾ ਸੀ। ਪੁਲਿਸ ਵੱਲੋਂ ਹੁਣ ਬਰਾਮਦ ਕੀਤੇ ਗਏ ਸੋਨੇ ਅਤੇ ਚਾਂਦੀ ਦੀ ਮਾਲਕੀ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ ’ਤੇ ਆਏ ਸਨ। ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਨਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਕਿਸੇ ਹੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ। ਪੁਲਿਸ ਰਿਕਾਰਡ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਮਨੀਸ਼ ਬਾਂਸਲ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਇਕ ਮਾਮਲਾ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।