ਇਸ ਸਮੇਂ ਫਸਲ ਕੱਟਣ ਲਈ ਤਿਆਰ ਸੀ ਅਤੇ ਕਿਸਾਨ ਕੁਝ ਹੀ ਦਿਨਾਂ ਵਿੱਚ ਵਾਢੀ ਸ਼ੁਰੂ ਕਰਨ ਵਾਲੇ ਸਨ, ਪਰ ਇਸ ਕੁਦਰਤੀ ਆਫ਼ਤ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਛੇ ਏਕੜ ਕਣਕ ਦੀ ਫਸਲ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਹੈ। ਫ਼ਸਲ ਬਿਲਕੁਲ ਪੱਕ ਚੁੱਕੀ ਸੀ, ਪਰ ਗੜੇ ਪੈਣ ਨਾਲ ਬੱਲੀਆਂ ਦੇ ਦਾਣੇ ਝੜ ਗਏ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਐਤਵਾਰ ਦੇਰ ਰਾਤ ਕਰੀਬ 11 ਵਜੇ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਖ਼ਾਸ ਕਰਕੇ ਬਾਲਿਆਂਵਾਲੀ ਖੇਤਰ ਵਿੱਚ ਪੱਕਣ ’ਤੇ ਆਈ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਖੇਤਰ ਦੇ ਕਿਸਾਨਾਂ ਦੀ ਲਗਪਗ 2 ਹਜ਼ਾਰ ਏਕੜ ਵਿਚ ਖੜੀ ਕਣਕ ਦੀ ਫਸਲ ਇਸ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਹੈ। ਗੜਿਆਂ ਦੇ ਨਾਲ ਆਏ ਝਖੜ ਕਾਰਨ ਸੈਂਕੜੇ ਏਕੜ ਫ਼ਸਲ ਧਰਤੀ ’ਤੇ ਵਿਛ ਗਈ ਹੈ। ਕਿਸਾਨਾਂ ਮੁਤਾਬਕ ਰਾਤ ਸਮੇਂ ਅਚਾਨਕ ਤੇਜ਼ ਹਵਾਵਾਂ ਦੇ ਨਾਲ ਗੜੇ ਪੈਣ ਲੱਗ ਪਏ, ਜਿਸ ਨਾਲ ਖੇਤਾਂ ਵਿੱਚ ਖੜ੍ਹੀ ਪੱਕੀ ਕਣਕ ਡਿੱਗ ਗਈ ਅਤੇ ਕਈ ਥਾਵਾਂ ’ਤੇ ਕਣਕ ਦੀਆਂ ਬੱਲੀਆਂ ਨੂੰ ਸਿੱਧਾ ਨੁਕਸਾਨ ਪੁੱਜਾ ਏ। ਇਸ ਸਮੇਂ ਫਸਲ ਕੱਟਣ ਲਈ ਤਿਆਰ ਸੀ ਅਤੇ ਕਿਸਾਨ ਕੁਝ ਹੀ ਦਿਨਾਂ ਵਿੱਚ ਵਾਢੀ ਸ਼ੁਰੂ ਕਰਨ ਵਾਲੇ ਸਨ, ਪਰ ਇਸ ਕੁਦਰਤੀ ਆਫ਼ਤ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।
ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਛੇ ਏਕੜ ਕਣਕ ਦੀ ਫਸਲ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਹੈ। ਫ਼ਸਲ ਬਿਲਕੁਲ ਪੱਕ ਚੁੱਕੀ ਸੀ, ਪਰ ਗੜੇ ਪੈਣ ਨਾਲ ਬੱਲੀਆਂ ਦੇ ਦਾਣੇ ਝੜ ਗਏ ਹਨ।
ਕਿਸਾਨ ਮੇਵਾ ਸਿੰਘ ਨੇ ਦੱਸਿਆ ਕਿ ਉਸ ਦੀ ਕਣਕ ਦੀ ਫ਼ਸਲ ਬਿਲਕੁਲ ਪੱਕ ਚੁੱਕੀ ਸੀ, ਪਰ ਹੁਣ ਗੜੇਮਾਰੀ ਦੀ ਲਪੇਟ ਵਿਚ ਆ ਗਈ ਹੈ, ਜਿਸ ਕਾਰਨ ਝਾੜ ਘਟਣ ਦਾ ਖਦਸ਼ਾ ਹੈ। ਇਸ ਤਰ੍ਹਾਂ ਕਿਸਾਨ ਬਲਜੀਤ ਸਿੰਘ ਦੀ ਵੀ ਪੱਕ ਚੁੱਕੀ 8 ਏਕੜ ਕਣਕ ਦੀ ਫਸਲ ਗੜੇਮਾਰੀ ਕਾਰਨ ਤਬਾਹ ਹੋ ਗਈ ਹੈ। ਉਸ ਨੇ ਦੱਸਿਆ ਕਿ ਹੁਣ ਅਗਲੇ ਦਿਨਾਂ ਵਿਚ ਫਸਲ ਦੀ ਵਾਢੀ ਸ਼ੁਰੂ ਕਰਨੀ ਸੀ, ਪਰ ਗੜਿਆਂ ਨੇ ਕਣਕ ਦੇ ਦਾਣੇ ਝਾੜ ਦਿੱਤੇ ਹਨ। ਇਕ ਹੋਰ ਕਿਸਾਨ ਰਣਜੀਤ ਸਿੰਘ ਦੀ 6 ਏਕੜ ਫ਼ਸਲ ਗੜਿਆਂ ਕਾਰਨ ਪ੍ਰਭਾਵਿਤ ਹੋਈ ਹੈ। ਕਿਸਾਨ ਜਗਜੀਤ ਸਿੰਘ ਦੀ 15 ਏਕੜ, ਕਿਸਾਨ ਗੁਰਮੀਤ ਸਿੰਘ ਦੀ 13 ਏਕੜ ਅਤੇ ਕਿਸਾਨ ਮੱਖਣ ਸਿੰਘ ਦੀ ਸਾਢੇ ਸੱਤ ਏਕੜ ਫਸਲ ਗੜੇਮਾਰੀ ਨਾਲ ਖਰਾਬ ਹੋ ਗਈ ਹੈ।
ਬਾਲਿਆਂਵਾਲੀ ਦੇ ਕਿਸਾਨ ਹਰਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਕਰੀਬ ਇਕ ਹਜ਼ਾਰ ਏਕੜ ਕਣਕ ਦੀ ਫ਼ਸਲ ਦਾ ਕਰੀਬ 80 ਤੋਂ 90 ਫ਼ੀਸਦੀ ਨੁਕਸਾਨ ਹੋਇਆ ਹੈ, ਜਦੋਂਕਿ ਇਕ ਹਜ਼ਾਰ ਏਕੜ ਵਿਚ 60 ਤੋਂ 70 ਫੀਸਦੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੜਿਆਂ ਕਾਰਨ ਕਣਕ ਦੀਆਂ ਬੱਲੀਆਂ ਬਿਲਕੁਲ ਝੜ ਚੁੱਕੀਆਂ ਹਨ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਗੜੇਮਾਰੀ ਨਾਲ ਕਣਕ ਦੇ ਝਾੜ ’ਤੇ ਵੱਡਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਸੈਂਕੜੇ ਏਕੜ ਰਕਬੇ ਵਿਚ ਕਣਕ ਦੀ ਫਸਲ ਧਰਤੀ ’ਤੇ ਵਿਛ ਗਈ ਹੈ। ਡਿੱਗੀ ਹੋਈ ਫਸਲ ਨੂੰ ਕੱਟਣਾ ਵੀ ਮੁਸ਼ਕਿਲ ਹੋ ਜਾਵੇਗਾ, ਜਿੱਥੇ ਕਟਾਈ ਲਈ ਵਾਧੂ ਖਰਚਾ ਦੇਣਾ ਪਵੇਗਾ, ਉਥੇ ਹੀ ਕਣਕ ਦਾ ਝਾੜ ਘਟੇਗਾ। ਕਿਸਾਨਾਂ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 11 ਵਜੇ ਗੜੇਮਾਰੀ ਹੋਈ। ਜਦੋਂ ਕਿਸਾਨ ਸਵੇਰੇ ਖੇਤਾਂ ਵਿਚ ਪੁੱਜੇ ਤਾਂ ਗੜਿਆਂ ਦੀਆਂ ਵੱਡੀਆਂ ਢੇਰੀਆਂ ਲੱਗੀਆਂ ਹੋਈਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿੰਨ੍ਹੀ ਵੱਡੀ ਮਾਤਰਾ ਵਿਚ ਗੜੇਮਾਰੀ ਹੋਈ ਹੈ।
ਅਧਿਕਾਰੀਆਂ ਨੇ ਲਿਆ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ
ਖੇਤੀਬਾੜੀ ਅਧਿਕਾਰੀਆਂ ਜਗਪਾਲ ਸਿੰਘ, ਮਨਦੀਪ ਸਿੰਘ ਅਤੇ ਇਸ ਖੇਤਰ ਦੇ ਪਟਵਾਰੀ ਪ੍ਰਦੀਪ ਸਿੰਘ ਨੇ ਗੜੇਮਾਰੀ ਕਾਰਨ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਖੇਤਾਂ ਵਿਚ ਜਾ ਕੇ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜਾ ਲਿਆ। ਪਟਵਾਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਗੜੇਮਾਰੀ ਕਾਰਨ ਕਰੀਬ 2 ਹਜ਼ਾਰ ਏਕੜ ਵਿਚ ਖੜ੍ਹੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕਣਕ ਦੀ ਫਸਲ ਦਾ ਕਰੀਬ 70 ਤੋਂ 75 ਫੀਸਦੀ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ ਕਿ ਕਿੰਨ੍ਹੇ ਫੀਸਦੀ ਨੁਕਸਾਨ ਹੋਇਆ ਹੈ।