ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਵਾਇਰਲ ਵੀਡੀਓ ਵਿੱਚ ਚਾਰ ਨੌਜਵਾਨ ਇੱਕ ਵਿਅਕਤੀ ਨੂੰ ਘੇਰ ਕੇ ਪਹਿਲਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਜਾਗਰਣ ਸੰਵਾਦਦਾਤਾ, ਬਠਿੰਡਾ: ਪੰਜਾਬ ਦੇ ਬਠਿੰਡਾ ਸ਼ਹਿਰ 'ਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮਾਲ ਰੋਡ ਖੇਤਰ ਦੇ ਕੋਲ ਰਾਹਗੀਰਾਂ ਨਾਲ ਕੁੱਟਮਾਰ ਕਰ ਕੇ ਲੁੱਟ-ਖੋਹ ਕਰਨ ਵਾਲੇ ਇਕ ਗੈਂਗ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਵਾਇਰਲ ਵੀਡੀਓ 'ਚ ਚਾਰ ਨੌਜਵਾਨ ਇਕ ਵਿਅਕਤੀ ਨੂੰ ਘੇਰ ਕੇ ਪਹਿਲਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਉਸ ਦੀਆਂ ਜੇਬਾਂ ਫਰੋਲਦੇ ਦਿਖਾਈ ਦਿੰਦੇ ਹਨ। ਘਟਨਾ ਸਵੇਰ ਦੇ ਸਮੇਂ ਦੀ ਦੱਸੀ ਜਾ ਰਹੀ ਹੈ, ਜਦੋਂ ਲੋਕ ਸੈਰ ਕਰਨ ਜਾਂ ਕੰਮ 'ਤੇ ਜਾਣ ਲਈ ਘਰਾਂ ਤੋਂ ਨਿਕਲਦੇ ਹਨ। ਪੀੜਤ ਵਿਅਕਤੀ ਡਰ ਕਾਰਨ ਵਿਰੋਧ ਨਹੀਂ ਕਰ ਪਾ ਰਿਹਾ, ਜਦਕਿ ਹਮਲਾਵਰ ਬੇਖ਼ੌਫ਼ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ।
ਇਸ ਤੋਂ ਪਹਿਲਾਂ ਵੀ ਹਨੂੰਮਾਨ ਚੌਕ ਅਤੇ ਬਿਰਲਾ ਮਿੱਲ ਕਾਲੋਨੀ ਖੇਤਰ ਦੇ ਕੋਲ ਇੱਕ ਬਜ਼ੁਰਗ ਨਾਲ ਕੁੱਟਮਾਰ ਅਤੇ ਲੁੱਟ-ਖੋਹ ਦੀ ਵੀਡੀਓ ਸਾਹਮਣੇ ਆਈ ਸੀ। ਉਸ ਵਿੱਚ ਕੁਝ ਨੌਜਵਾਨ ਬਜ਼ੁਰਗ ਨੂੰ ਸੁੰਨਸਾਨ ਥਾਂ 'ਤੇ ਲੈ ਜਾ ਕੇ ਉਸ ਦੀ ਤਲਾਸ਼ੀ ਲੈਂਦੇ ਦਿਖੇ। ਬਜ਼ੁਰਗ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਕੋਲ ਕੁਝ ਨਹੀਂ ਹੈ, ਪਰ ਮੁਲਜ਼ਮ ਉਸ ਦੀ ਗੱਲ ਅਣਸੁਣੀ ਕਰ ਰਹੇ ਸਨ। ਇਸੇ ਸਥਾਨ 'ਤੇ ਇੱਕ ਹੋਰ ਨੌਜਵਾਨ ਨੂੰ ਵੀ ਘੇਰ ਕੇ ਪਿੱਟਿਆ ਗਿਆ ਅਤੇ ਉਸ ਤੋਂ ਨਕਦੀ ਦੀ ਮੰਗ ਕੀਤੀ ਗਈ। ਦੋਵੇਂ ਘਟਨਾਵਾਂ ਸੀਸੀਟੀਵੀ (CCTV) ਕੈਮਰਿਆਂ 'ਚ ਕੈਦ ਹੋ ਗਈਆਂ ਹਨ।
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੋਸ਼ ਲਾਇਆ ਕਿ ਇਹ ਗੈਂਗ ਖਾਸ ਤੌਰ 'ਤੇ ਸਵੇਰ ਦੇ ਸਮੇਂ ਸਰਗਰਮ ਰਹਿੰਦਾ ਹੈ ਅਤੇ ਇਕੱਲੇ ਨਿਕਲਣ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਉਨ੍ਹਾਂ ਨੇ ਪੁਲਿਸ ਤੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵਧਾਉਣ ਅਤੇ ਸੀਸੀਟੀਵੀ ਨਿਗਰਾਨੀ ਮਜ਼ਬੂਤ ਕਰਨ ਦੀ ਮੰਗ ਕੀਤੀ।
ਲਗਾਤਾਰ ਵਾਇਰਲ ਹੋ ਰਹੀਆਂ ਵੀਡੀਓਜ਼ ਕਾਰਨ ਸ਼ਹਿਰਵਾਸੀਆਂ ਵਿਚ ਰੋਸ ਹੈ। ਮਾਪੇ ਬੱਚਿਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਝਿਜਕ ਰਹੇ ਹਨ ਅਤੇ ਬਜ਼ੁਰਗਾਂ ਨੇ ਸਵੇਰ ਦੀ ਸੈਰ ਘੱਟ ਕਰ ਦਿੱਤੀ ਹੈ। ਥਾਣਾ ਕੋਤਵਾਲੀ ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।