- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਧਵਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਸਰਕਾਰ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। ਬਠਿੰਡਾ ਸਥਿਤ ਪੰਜਾਬੀ ਜਾਗਰਣ ਦੇ ਦਫ਼ਤਰ ਵਿੱਚ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਵੱਖ-ਵੱਖ ਮੁੱਦਿਆਂ ’ਤੇ ਆਪਣਾ ਪੱਖ ਰੱਖਿਆ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਨਸਾ ਵਿੱਚ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨਾਲ ਜੁੜੇ ਮਾਮਲੇ ਨੂੰ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਦੀ ਘਟਨਾ ’ਤੇ ਸਿਆਸਤ ਕਰਨ ਦੀ ਬਜਾਏ ਵਿਰੋਧੀ ਧਿਰ ਦੇ ਆਗੂਆਂ ਨੂੰ ਪੀੜਤ ਪਰਿਵਾਰ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਮੁਲਜ਼ਮ ਨੂੰ ਫੜਨ ਲਈ ਕਾਰਵਾਈ ਕੀਤੀ ਹੈ, ਪਰ ਸਰਹੱਦ ਪਾਰੋਂ ਆ ਰਹੇ ਨਸ਼ਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਵੀ ਹੈ। ਸੰਧਵਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਸਰਕਾਰ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। ਬਠਿੰਡਾ ਸਥਿਤ ਪੰਜਾਬੀ ਜਾਗਰਣ ਦੇ ਦਫ਼ਤਰ ਵਿੱਚ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਵੱਖ-ਵੱਖ ਮੁੱਦਿਆਂ ’ਤੇ ਆਪਣਾ ਪੱਖ ਰੱਖਿਆ।
ਸਵਾਲ : ਮਾਨਸਾ ਦੀ ਘਟਨਾ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਵਿਰੋਧੀ ਧਿਰ ਸੂਬਾ ਸਰਕਾਰ ਨੂੰ ਘੇਰ ਰਹੀ ਹੈ ਅਤੇ ਅਮਿਤ ਸ਼ਾਹ ਨੇ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੁਸੀਂ ਕੀ ਕਹੋਗੇ?
ਜਵਾਬ : ਸੂਬਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਕਾਰਵਾਈ ਕੀਤੀ ਹੈ। ਜਿੱਥੇ ਚੋਣਾਂ ਹੁੰਦੀਆਂ ਹਨ, ਉੱਥੇ ਈਡੀ, ਸੀਬੀਆਈ ਅਤੇ ਅਮਿਤ ਸ਼ਾਹ ਪਹੁੰਚ ਜਾਂਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੂੰ ਵੀ ਸਿਆਸੀ ਮੁੱਦਾ ਬਣਾਇਆ ਗਿਆ ਸੀ। ਅਜਿਹੀਆਂ ਘਟਨਾਵਾਂ ’ਤੇ ਸਿਆਸਤ ਕਰਨ ਦੀ ਬਜਾਏ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣੀ ਚਾਹੀਦੀ ਹੈ। ਸਿਆਸਤ ਕਰਨ ਦੀ ਵੀ ਇਕ ਹੱਦ ਹੁੰਦੀ ਹੈ। ਸਰਹੱਦ ਪਾਰੋਂ ਨਸ਼ੇ ਆ ਰਹੇ ਹਨ, ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਵੀ ਬਣਦੀ ਹੈ। ਗ੍ਰਹਿ ਮੰਤਰੀ ਨੂੰ ਪਹਿਲਾਂ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਹਾਲ ਹੀ ਵਿੱਚ ਫ਼ਰੀਦਕੋਟ ਪੁਲਿਸ ਨੇ 82 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਸਵਾਲ : ਝੋਟਾ ਕਤਲ ਕਾਂਡ ਦੀ ਜਾਂਚ ਲਈ ਸੀਬੀਆਈ ਦੀ ਟੀਮ ਪਹੁੰਚੀ ਹੈ। ਕੀ ਜਾਂਚ ਸਮੇਂ ਸਿਰ ਪੂਰੀ ਹੋਵੇਗੀ?
ਜਵਾਬ : ਸੀਬੀਆਈ ਦਾ ਰਿਕਾਰਡ ਈਡੀ ਨਾਲੋਂ ਬਿਹਤਰ ਹੈ। ਉਮੀਦ ਹੈ ਕਿ ਜਾਂਚ ਜਲਦੀ ਪੂਰੀ ਹੋਵੇਗੀ, ਤਾਂ ਜੋ ਸੱਚਾਈ ਸਾਹਮਣੇ ਆਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਸਵਾਲ : ਭਾਜਪਾ ਨੇ ਨਸ਼ਿਆਂ ਵਿਰੁੱਧ ਯਾਤਰਾ ਕੱਢੀ ਹੈ ਅਤੇ 2029 ਤੱਕ ਨਸ਼ੇ ਖ਼ਤਮ ਕਰਨ ਦਾ ਦਾਅਵਾ ਕੀਤਾ ਹੈ?
ਜਵਾਬ : ਭਾਜਪਾ ਨੂੰ ਪਹਿਲਾਂ ਗੁਜਰਾਤ, ਮਹਾਰਾਸ਼ਟਰ ਅਤੇ ਦਿੱਲੀ ਵਿੱਚ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਕੇ ਦਿਖਾਉਣੀ ਚਾਹੀਦੀ ਹੈ। ਦਿੱਲੀ ਪੁਲਿਸ ਵੀ ਉਨ੍ਹਾਂ ਦੇ ਕੰਟਰੋਲ ਹੇਠ ਹੈ। ਇਸ ਤੋਂ ਬਾਅਦ ਹੀ ਨਸ਼ੇ ਖ਼ਤਮ ਕਰਨ ਦੇ ਦਾਅਵੇ ਦੀ ਗੱਲ ਕਰਨੀ ਚਾਹੀਦੀ ਹੈ। ਇਹ ਦਾਅਵਾ ਵੀ ਚੋਣਾਵੀ ਜੁਮਲਾ ਸਾਬਤ ਹੋਵੇਗਾ, ਜਿਵੇਂ 15 ਲੱਖ ਰੁਪਏ ਦੇਣ ਦੇ ਵਾਅਦੇ ’ਤੇ ਸਵਾਲ ਉੱਠਦੇ ਰਹੇ ਹਨ।
ਸਵਾਲ : ਬੀਐੱਸਐੱਫ ਅਤੇ ਪੰਜਾਬ ਸਰਕਾਰ ਵਿਚਕਾਰ ਤਾਲਮੇਲ ਵਧਾਉਣ ਲਈ ਕੀ ਕਦਮ ਚੁੱਕੇ ਜਾਣਗੇ?
ਜਵਾਬ : ਇਸ ਬਾਰੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਵਿਸਥਾਰ ਨਾਲ ਦੱਸ ਸਕਦੇ ਹਨ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਰੋਕਣ ਲਈ ਚੰਗਾ ਕੰਮ ਕੀਤਾ ਹੈ। ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਨਸ਼ਿਆਂ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ।
ਸਵਾਲ : ਦੋਸ਼ ਲੱਗ ਰਹੇ ਹਨ ਕਿ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ‘ਆਪ’ ਦਾ ਸਮਰਥਨ ਹਾਸਲ ਹੈ?
ਜਵਾਬ : ਅਜਿਹੇ ਦੋਸ਼ ਲਾਉਣ ਵਾਲੇ ਖ਼ੁਦ ਆਪਣੀਆਂ ਗੱਲਾਂ ਵਿੱਚ ਉਲਝ ਰਹੇ ਹਨ। ਜਿਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ, ਉਹ ਦੂਜਿਆਂ ’ਤੇ ਦੋਸ਼ ਲਾ ਰਹੇ ਹਨ। ਦੇਸ਼ ਦੇ ਲੋਕਾਂ ਨੂੰ ਲੰਮੇ ਸਮੇਂ ਤੱਕ ਗੁਮਰਾਹ ਨਹੀਂ ਕੀਤਾ ਜਾ ਸਕਦਾ।
ਸਵਾਲ : ਪਰਮਿੰਦਰ ਸਿੰਘ ਝੋਟਾ ਵਰਗੇ ਸਮਾਜ ਸੇਵੀਆਂ ਦੀ ਸੁਰੱਖਿਆ ਲਈ ਸਰਕਾਰ ਕੀ ਕਦਮ ਚੁੱਕੇਗੀ?
ਜਵਾਬ : ਸੁਰੱਖਿਆ ਪ੍ਰਬੰਧਾਂ ਬਾਰੇ ਸਬੰਧਤ ਵਿਭਾਗ ਹੀ ਵਿਸਥਾਰ ਨਾਲ ਜਾਣਕਾਰੀ ਦੇ ਸਕਦਾ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਚੰਗੀ ਹੈ ਅਤੇ ਕਿਸੇ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਵੀ ਅਪਰਾਧ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।
ਸਵਾਲ : ਕੀ ਕੇਂਦਰੀ ਗ੍ਰਹਿ ਮੰਤਰੀ ਦਾ ਪੰਜਾਬ ਦੌਰਾ ਸਿਆਸੀ ਮਕਸਦ ਨਾਲ ਕੀਤਾ ਗਿਆ ਸੀ?
ਜਵਾਬ : ਭਾਜਪਾ ਦੇ ਆਗੂ ਚੋਣਾਂ ਦੇ ਮੱਦੇਨਜ਼ਰ ਦੌਰੇ ਕਰਦੇ ਹਨ। ਜਿੱਥੇ ਚੋਣਾਂ ਹੁੰਦੀਆਂ ਹਨ, ਉੱਥੇ ਪਹੁੰਚ ਜਾਂਦੇ ਹਨ। ਉਨ੍ਹਾਂ ਦੇ ਦੌਰਿਆਂ ਨਾਲ ਕਈ ਵਾਰ ਸਿਆਸੀ ਮਾਹੌਲ ਗਰਮਾ ਜਾਂਦਾ ਹੈ। ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੌਰਾਨ ਕੀ ਹੋਇਆ, ਇਹ ਸਾਰੇ ਜਾਣਦੇ ਹਨ।