ਬਠਿੰਡਾ 'ਚ ਮੋਬਾਈਲ ਐਪ ਨਾਲ ਚੱਲਦੇ-ਚੱਲਦੇ ਬੰਦ ਹੋ ਰਹੇ ਈ-ਰਿਕਸ਼ਾ, ਚਾਲਕਾਂ ਤੇ ਯਾਤਰੀਆਂ 'ਚ ਵਧੀ ਚਿੰਤਾ ਸ਼ਹਿਰ 'ਚ ਈ-ਰਿਕਸ਼ਾ ਚਾਲਕਾਂ ਦੀ ਪਰੇਸ਼ਾਨੀ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਚੋਰੀ, ਬੈਟਰੀ ਅਤੇ ਹਾਦਸਿਆਂ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਈ-ਰਿਕਸ਼ਾ ਚਾਲਕਾਂ ਦੇ ਸਾਹਮਣੇ ਇੱਕ ਨਵਾਂ ਖ਼ਤਰਾ ਖੜ੍ਹਾ ਹੋ ਗਿਆ ਹੈ। ਸੋਮਵਾਰ ਦੇਰ ਰਾਤ ਬਠਿੰਡਾ ਦੇ ਰੇਲਵੇ ਰੋਡ ਨੇੜੇ ਹਸਪਤਾਲ ਬਾਜ਼ਾਰ ਕੋਲ ਇੱਕ ਈ-ਰਿਕਸ਼ਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਮੋਬਾਈਲ ਐਪ ਰਾਹੀਂ ਬੰਦ ਕਰ ਦਿੱਤਾ। ਈ-ਰਿਕਸ਼ਾ ਚਾਲਕ ਰੇਲਵੇ ਸਟੇਸ਼ਨ ਦੇ ਬਾਹਰੋਂ ਸਵਾਰੀ ਲੈ ਕੇ ਜਾ ਰਿਹਾ ਸੀ।
Publish Date: Tue, 07 Jul 2026 01:56 PM (IST)
Updated Date: Tue, 07 Jul 2026 01:58 PM (IST)
ਨਿਤਿਨ ਸਿੰਗਲਾ, ਬਠਿੰਡਾ - ਸ਼ਹਿਰ 'ਚ ਈ-ਰਿਕਸ਼ਾ ਚਾਲਕਾਂ ਦੀ ਪਰੇਸ਼ਾਨੀ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਚੋਰੀ, ਬੈਟਰੀ ਅਤੇ ਹਾਦਸਿਆਂ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਈ-ਰਿਕਸ਼ਾ ਚਾਲਕਾਂ ਦੇ ਸਾਹਮਣੇ ਇੱਕ ਨਵਾਂ ਖ਼ਤਰਾ ਖੜ੍ਹਾ ਹੋ ਗਿਆ ਹੈ। ਸੋਮਵਾਰ ਦੇਰ ਰਾਤ ਬਠਿੰਡਾ ਦੇ ਰੇਲਵੇ ਰੋਡ ਨੇੜੇ ਹਸਪਤਾਲ ਬਾਜ਼ਾਰ ਕੋਲ ਇੱਕ ਈ-ਰਿਕਸ਼ਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਮੋਬਾਈਲ ਐਪ ਰਾਹੀਂ ਬੰਦ ਕਰ ਦਿੱਤਾ। ਈ-ਰਿਕਸ਼ਾ ਚਾਲਕ ਰੇਲਵੇ ਸਟੇਸ਼ਨ ਦੇ ਬਾਹਰੋਂ ਸਵਾਰੀ ਲੈ ਕੇ ਜਾ ਰਿਹਾ ਸੀ। ਰੇਲਵੇ ਸਟੇਸ਼ਨ ਤੋਂ 500 ਮੀਟਰ ਦੀ ਦੂਰੀ 'ਤੇ ਪਹੁੰਚਣ 'ਤੇ ਈ-ਰਿਕਸ਼ਾ ਅਚਾਨਕ ਬੰਦ ਹੋ ਗਿਆ, ਜਿਸ ਤੋਂ ਬਾਅਦ ਸਵਾਰੀ ਉਤਰ ਕੇ ਦੂਜੇ ਆਟੋ 'ਤੇ ਚਲੀ ਗਈ, ਜਦਕਿ ਈ-ਰਿਕਸ਼ਾ ਚਾਲਕ ਕਰੀਬ ਦੋ ਘੰਟੇ ਤੱਕ ਪਰੇਸ਼ਾਨ ਹੁੰਦਾ ਰਿਹਾ। ਇੰਨਾ ਹੀ ਪਰੇਸ਼ਾਨ ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹਨੂਮਾਨ ਚੌਕ ਨੇੜੇ ਵੀ ਇੱਕ ਹੋਰ ਈ-ਰਿਕਸ਼ਾ ਇਸੇ ਤਰ੍ਹਾਂ ਅਚਾਨਕ ਬੰਦ ਹੋ ਗਿਆ ਸੀ। ਦੋਵਾਂ ਮਾਮਲਿਆਂ 'ਚ ਚਾਲਕ ਕਰੀਬ ਦੋ ਘੰਟੇ ਤੱਕ ਖ਼ੱਜਲ-ਖ਼ੁਆਰ ਹੁੰਦੇ ਰਹੇ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਆਖਿਰ ਰਿਕਸ਼ਾ ਅਚਾਨਕ ਕਿਉਂ ਬੰਦ ਹੋ ਗਿਆ।
ਐਪ ਡਾਊਨਲੋਡ ਕਰਕੇ ਲੋੜੀਂਦੀ ਪ੍ਰਕਿਰਿਆ ਕੀਤੀ ਪੂਰੀ
ਘਟਨਾ ਦੌਰਾਨ ਉੱਥੋਂ ਲੰਘ ਰਹੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਭੀੜ ਦੇਖ ਕੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਸੰਸਥਾ ਦੇ ਮੈਂਬਰਾਂ ਨੇ ਮੋਬਾਈਲ 'ਤੇ ਸਬੰਧਿਤ ਐਪ ਡਾਊਨਲੋਡ ਕਰਕੇ ਲੋੜੀਂਦੀ ਪ੍ਰਕਿਰਿਆ ਪੂਰੀ ਕੀਤੀ, ਜਿਸ ਤੋਂ ਬਾਅਦ ਈ-ਰਿਕਸ਼ਾ ਦੁਬਾਰਾ ਚਾਲੂ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਬਠਿੰਡਾ 'ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ, ਜਿਸ ਨੇ ਈ-ਰਿਕਸ਼ਾ ਚਾਲਕਾਂ ਦੇ ਨਾਲ-ਨਾਲ ਆਮ ਲੋਕਾਂ ਦੀ ਵੀ ਚਿੰਤਾ ਵਧਾ ਦਿੱਤੀ ਹੈ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਾਹੇਸ਼ਵਰੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਤਕਨੀਕ ਦੀ ਗਲਤ ਵਰਤੋਂ ਕਰਕੇ ਗਰੀਬ ਈ-ਰਿਕਸ਼ਾ ਚਾਲਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਜਿਹੇ ਲੋਕਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੋਬਾਈਲ ਐਪ ਨਾਲ ਕਿਵੇਂ ਬੰਦ ਹੋ ਜਾਂਦਾ ਹੈ ਈ-ਰਿਕਸ਼ਾ?
ਮਾਹਰਾਂ ਅਨੁਸਾਰ, ਅੱਜਕਲ੍ਹ ਬਾਜ਼ਾਰ 'ਚ ਆਉਣ ਵਾਲੇ ਕਈ ਆਧੁਨਿਕ ਈ-ਰਿਕਸ਼ਾ ਸਮਾਰਟ ਕੰਟਰੋਲ ਸਿਸਟਮ ਨਾਲ ਲੈਸ ਹੁੰਦੇ ਹਨ। ਇਹਨਾਂ 'ਚ ਵਾਹਨ ਦੇ ਕੰਟਰੋਲਰ ਜਾਂ ਜੀਪੀਐਸ ਮੋਡੀਊਲ ਨੂੰ ਮੋਬਾਈਲ ਐਪ ਨਾਲ ਜੋੜਿਆ ਜਾਂਦਾ ਹੈ। ਵੱਖ-ਵੱਖ ਕੰਪਨੀਆਂ ਆਪਣੀਆਂ ਅਧਿਕਾਰਤ ਐਪਾਂ ਮੁਹੱਈਆ ਕਰਵਾਉਂਦੀਆਂ ਹਨ, ਜਿਨ੍ਹਾਂ ਰਾਹੀਂ ਵਾਹਨ ਦੀ ਲੋਕੇਸ਼ਨ ਦੇਖੀ ਜਾ ਸਕਦੀ ਹੈ, ਬੈਟਰੀ ਦੀ ਸਥਿਤੀ ਜਾਣੀ ਜਾ ਸਕਦੀ ਹੈ ਅਤੇ ਲੋੜ ਪੈਣ 'ਤੇ ਵਾਹਨ ਨੂੰ ਲਾਕ ਜਾਂ ਅਨਲਾਕ ਵੀ ਕੀਤਾ ਜਾ ਸਕਦੀ ਹੈ।
ਜੇਕਰ ਕਿਸੇ ਈ-ਰਿਕਸ਼ਾ ਦਾ ਕੰਟਰੋਲ ਸਿਸਟਮ ਅਸੁਰੱਖਿਅਤ ਤਰੀਕੇ ਨਾਲ ਕੌਂਫਿਗਰ ਕੀਤਾ ਗਿਆ ਹੋਵੇ, ਡਿਫਾਲਟ ਪਾਸਵਰਡ ਬਦਲਿਆ ਨਾ ਗਿਆ ਹੋਵੇ ਜਾਂ ਕਿਸੇ ਅਣਅਧਿਕਾਰਤ ਵਿਅਕਤੀ ਨੂੰ ਉਸ ਵਾਹਨ ਤੱਕ ਡਿਜੀਟਲ ਪਹੁੰਚ ਮਿਲ ਜਾਵੇ, ਤਾਂ ਉਹ ਐਪ ਰਾਹੀਂ ਵਾਹਨ ਨੂੰ ਲਾਕ ਕਰ ਸਕਦਾ ਹੈ। ਹਾਲਾਂਕਿ ਇਹ ਸੁਵਿਧਾ ਮੂਲ ਰੂਪ 'ਚ ਸੁਰੱਖਿਆ ਲਈ ਬਣਾਈ ਗਈ ਹੈ ਤਾਂ ਜੋ ਚੋਰੀ ਹੋਣ 'ਤੇ ਵਾਹਨ ਨੂੰ ਰੋਕਿਆ ਜਾ ਸਕੇ ਪਰ ਇਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ।
ਕਿਹੜੀ ਐਪ ਹੁੰਦੀ ਹੈ?
ਈ-ਰਿਕਸ਼ਾ ਨੂੰ ਬੰਦ ਕਰਨ ਲਈ ਕੋਈ ਇੱਕ ਵਿਸ਼ਵਵਿਆਪੀ ਮੋਬਾਈਲ ਐਪ ਨਹੀਂ ਹੁੰਦੀ। ਹਰੇਕ ਨਿਰਮਾਤਾ ਜਾਂ ਕੰਟਰੋਲਰ ਕੰਪਨੀ ਆਪਣੀ ਵੱਖਰੀ ਅਧਿਕਾਰਤ ਐਪ ਉਪਲਬਧ ਕਰਵਾਉਂਦੀ ਹੈ। ਕੁਝ ਵਾਹਨਾਂ 'ਚ ਜੀਪੀਐਸ ਟਰੈਕਿੰਗ ਕੰਪਨੀਆਂ ਦੀ ਐਪ, ਜਦਕਿ ਕੁਝ 'ਚ ਬਲੂਟੁੱਥ ਅਧਾਰਿਤ ਕੰਟਰੋਲ ਐਪ ਕੰਮ ਕਰਦੀ ਹੈ।
ਇਸ ਲਈ ਕਿਸੇ ਵੀ ਘਟਨਾ 'ਚ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਸਬੰਧਿਤ ਈ-ਰਿਕਸ਼ਾ 'ਚ ਕਿਸ ਕੰਪਨੀ ਦਾ ਕੰਟਰੋਲਰ ਜਾਂ ਸਮਾਰਟ ਲਾਕ ਸਿਸਟਮ ਲੱਗਿਆ ਹੈ। ਉਸੇ ਦੀ ਅਧਿਕਾਰਤ ਐਪ ਤੋਂ ਪ੍ਰਮਾਣਿਤ ਯੂਜ਼ਰ ਵਾਹਨ ਨੂੰ ਅਨਲਾਕ ਕਰ ਸਕਦਾ ਹੈ।
ਜੇਕਰ ਅਚਾਨਕ ਬੰਦ ਹੋ ਜਾਵੇ ਈ-ਰਿਕਸ਼ਾ ਤਾਂ ਕੀ ਕਰੀਏ?
ਮਾਹਰਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਵਾਹਨ ਦੀ ਬੈਟਰੀ, ਮੁੱਖ ਸਵਿੱਚ ਅਤੇ ਫਿਊਜ਼ ਦੀ ਜਾਂਚ ਕਰੋ। ਜੇਕਰ ਸਭ ਕੁਝ ਆਮ ਹੈ ਅਤੇ ਵਾਹਨ ਫਿਰ ਵੀ ਚਾਲੂ ਨਹੀਂ ਹੋ ਰਿਹਾ, ਤਾਂ ਇਹ ਸੰਭਵ ਹੈ ਕਿ ਉਹ ਡਿਜੀਟਲ ਲਾਕ ਮੋਡ 'ਚ ਚਲਾ ਗਿਆ ਹੋਵੇ।
ਅਜਿਹੀ ਸਥਿਤੀ 'ਚ ਵਾਹਨ ਦੇ ਨਿਰਮਾਤਾ, ਡੀਲਰ ਜਾਂ ਅਧਿਕਾਰਤ ਸਰਵਿਸ ਸੈਂਟਰ ਨਾਲ ਸੰਪਰਕ ਕਰੋ। ਜੇਕਰ ਤੁਹਾਡੇ ਵਾਹਨ 'ਚ ਸਮਾਰਟ ਕੰਟਰੋਲ ਐਪ ਦੀ ਵਰਤੋਂ ਹੁੰਦੀ ਹੈ, ਤਾਂ ਉਸੇ ਅਧਿਕਾਰਤ ਐਪ 'ਚ ਲੌਗ-ਇਨ ਕਰਕੇ ਅਧਿਕਾਰਤ ਖਾਤੇ ਤੋਂ ਵਾਹਨ ਨੂੰ ਅਨਲਾਕ ਕੀਤਾ ਜਾ ਸਕਦਾ ਹੈ। ਜੇਕਰ ਖੁਦ ਪ੍ਰਕਿਰਿਆ ਦੀ ਜਾਣਕਾਰੀ ਨਾ ਹੋਵੇ, ਤਾਂ ਕਿਸੇ ਸਿਖਲਾਈ ਪ੍ਰਾਪਤ ਟੈਕਨੀਸ਼ੀਅਨ ਦੀ ਮਦਦ ਲਓ। ਕਿਸੇ ਅਣਜਾਣ ਵਿਅਕਤੀ ਦੁਆ ਪਰ ਦੱਸੀ ਗਈ ਐਪ ਡਾਊਨਲੋਡ ਕਰਨ ਜਾਂ ਆਪਣਾ ਓਟੀਪੀ (OTP) ਅਤੇ ਪਾਸਵਰਡ ਸਾਂਝਾ ਕਰਨ ਤੋਂ ਬਚੋ।
ਇਹਨਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ :-
ਈ-ਰਿਕਸ਼ਾ ਖਰੀਦਣ ਤੋਂ ਬਾਅਦ ਡਿਫਾਲਟ ਪਾਸਵਰਡ ਤੁਰੰਤ ਬਦਲੋ।
ਵਾਹਨ ਨਾਲ ਜੁੜੀ ਮੋਬਾਈਲ ਐਪ ਕੇਵਲ ਮਾਲਕ ਦੇ ਮੋਬਾਈਲ 'ਚ ਹੀ ਰੱਖੋ।
ਓਟੀਪੀ, ਯੂਜ਼ਰ ਆਈਡੀ ਜਾਂ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰੋ।
ਸਮੇਂ-ਸਮੇਂ 'ਤੇ ਐਪ ਅਤੇ ਵਾਹਨ ਦਾ ਸਾਫਟਵੇਅਰ ਅਪਡੇਟ ਕਰਵਾਉਂਦੇ ਰਹੋ।
ਜੇਕਰ ਕਿਸੇ ਅਣਜਾਣ ਵਿਅਕਤੀ ਦੀ ਵਜ੍ਹਾ ਕਰਕੇ ਵਾਹਨ ਬੰਦ ਹੋਣ ਦਾ ਸ਼ੱਕ ਹੋਵੇ, ਤਾਂ ਤੁਰੰਤ ਪੁਲਿਸ ਅਤੇ ਡੀਲਰ ਨੂੰ ਸੂਚਨਾ ਦਿਓ।
ਜਨਤਕ ਥਾਵਾਂ 'ਤੇ ਕਿਸੇ ਵੀ ਅਜਨਬੀ ਨੂੰ ਵਾਹਨ ਦਾ ਕਿਊਆਰ (QR) ਕੋਡ, ਕੰਟਰੋਲਰ ਨੰਬਰ ਜਾਂ ਡਿਜੀਟਲ ਜਾਣਕਾਰੀ ਨਾ ਦਿਖਾਓ।
ਪ੍ਰਸ਼ਾਸਨ ਅਤੇ ਕੰਪਨੀਆਂ ਦੀ ਵੀ ਵਧੀ ਜ਼ਿੰਮੇਵਾਰੀ
ਤਕਨੀਕੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਜਿਹੇ ਮਾਮਲੇ ਵਧਦੇ ਹਨ, ਤਾਂ ਨਿਰਮਾਤਾ ਕੰਪਨੀਆਂ ਨੂੰ ਆਪਣੇ ਡਿਜੀਟਲ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੋਵੇਗਾ। ਦੋ-ਪੜਾਵੀ ਸੁਰੱਖਿਆ (ਟੂ-ਫੈਕਟਰ ਅਥੈਂਟੀਕੇਸ਼ਨ), ਮਜ਼ਬੂਤ ਪਾਸਵਰਡ ਪ੍ਰਣਾਲੀ ਅਤੇ ਮਾਲਕ ਦੀ ਪਛਾਣ ਤੋਂ ਬਿਨਾਂ ਵਾਹਨ ਲਾਕ ਜਾਂ ਅਨਲਾਕ ਨਾ ਹੋਣ ਵਰਗੀਆਂ ਸੁਵਿਧਾਵਾਂ ਲਾਜ਼ਮੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਦੂਜੇ ਪਾਸੇ, ਪੁਲਿਸ ਅਤੇ ਸਾਈਬਰ ਸੈੱਲ ਨੂੰ ਵੀ ਅਜਿਹੇ ਮਾਮਲਿਆਂ ਦੀ ਜਾਂਚ ਕਰਕੇ ਇਹ ਪਤਾ ਲਗਾਉਣਾ ਹੋਵੇਗਾ ਕਿ ਕਿਤੇ ਕੋਈ ਵਿਅਕਤੀ ਤਕਨੀਕੀ ਖ਼ਾਮੀ ਦਾ ਫਾਇਦਾ ਉਠਾ ਕੇ ਗਰੀਬ ਚਾਲਕਾਂ ਨੂੰ ਨਿਸ਼ਾਨਾ ਤਾਂ ਨਹੀਂ ਬਣਾ ਰਿਹਾ।