- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਦੀ ਮਾਤਾ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ਦਾ ਸਹਾਰਾ ਸੀ ਅਤੇ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਪੁਲਿਸ ਕੋਲ ਇਲਾਕੇ ਵਿੱਚ ਵਿਕ ਰਹੇ ਨਸ਼ੇ ਦੀ ਸ਼ਿਕਾਇਤ ਕੀਤੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।

ਖੁਸ਼ਦੀਪ ਸਿੰਘ ਗਿੱਲ, ਤਲਵੰਡੀ ਸਾਬੋ : ਤਲਵੰਡੀ ਸਾਬੋ ਸ਼ਹਿਰ ਦੇ ਵਾਰਡ ਨੰਬਰ 10 ਵਿਚ ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ (ਕਰੀਬ 20–25 ਸਾਲ) ਵਜੋਂ ਹੋਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਚਿੱਟੇ ਦੀ ਲਤ ਦਾ ਸ਼ਿਕਾਰ ਸੀ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ।
ਮ੍ਰਿਤਕ ਦੀ ਮਾਤਾ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ਦਾ ਸਹਾਰਾ ਸੀ ਅਤੇ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਪੁਲਿਸ ਕੋਲ ਇਲਾਕੇ ਵਿੱਚ ਵਿਕ ਰਹੇ ਨਸ਼ੇ ਦੀ ਸ਼ਿਕਾਇਤ ਕੀਤੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਨੂੰ ਫੜਨ ਤੋਂ ਬਾਅਦ ਵੀ ਮੁੜ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਨਸ਼ੇ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਸੁਖਜੀਤ ਕੌਰ ਨੇ ਦੱਸਿਆ ਕਿ ਪਰਿਵਾਰ ਵਿੱਚ ਤਿੰਨ ਪੁੱਤਰ ਅਤੇ ਇੱਕ 13 ਸਾਲਾ ਧੀ ਹੈ। ਸਭ ਤੋਂ ਵੱਡਾ ਪੁੱਤਰ ਵਿਆਹ ਤੋਂ ਬਾਅਦ ਅਲੱਗ ਰਹਿੰਦਾ ਹੈ, ਜਦਕਿ ਆਕਾਸ਼ਦੀਪ ਹੀ ਘਰ ਦੀ ਆਰਥਿਕ ਜ਼ਿੰਮੇਵਾਰੀ ਨਿਭਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਨਜ਼ਰ ਕਮਜ਼ੋਰ ਹੋਣ ਕਾਰਨ ਉਹ ਕੰਮ ਕਰਨ ਦੇ ਯੋਗ ਨਹੀਂ ਹਨ ਅਤੇ ਉਹ ਖੁਦ ਘਰਾਂ ਵਿੱਚ ਝਾੜੂ-ਪੋਚਾ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਖੁੱਲ੍ਹੇਆਮ ਵਿਕ ਰਹੇ ਚਿੱਟੇ 'ਤੇ ਤੁਰੰਤ ਨਕੇਲ ਕਸੀ ਜਾਵੇ।
ਮ੍ਰਿਤਕ ਦੇ ਪਿਤਾ ਸਦਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੌੜੀਆਂ ਵਿੱਚ ਡਿੱਗਿਆ ਪਿਆ ਮਿਲਿਆ ਸੀ ਅਤੇ ਜਦੋਂ ਉਹ ਨੇੜੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਲਾਕਡਾਊਨ ਦੇ ਸਮੇਂ ਤੋਂ ਉਸ ਨੂੰ ਪਹਿਲਾਂ ਨਸ਼ੇ ਦੀਆਂ ਗੋਲੀਆਂ ਅਤੇ ਬਾਅਦ ਵਿੱਚ ਚਿੱਟੇ ਦੀ ਲਤ ਲੱਗ ਗਈ ਸੀ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਕਿਸੇ ਹੋਰ ਪਰਿਵਾਰ ਦਾ ਨੌਜਵਾਨ ਪੁੱਤਰ ਇਸ ਤਰ੍ਹਾਂ ਨਸ਼ੇ ਦੀ ਭੇਟ ਨਾ ਚੜ੍ਹੇ ਅਤੇ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ।
ਇਸ ਮਾਮਲੇ ਸਬੰਧੀ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਬੰਸ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਵੱਖਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਾਰਡ ਨੰਬਰ 10 ਵਿੱਚ ਇਹ ਨਸ਼ੇ ਕਾਰਨ ਪੰਜਵੀਂ ਮੌਤ ਹੈ, ਜਦਕਿ ਇਸ ਤੋਂ ਪਹਿਲਾਂ ਹੋਈਆਂ ਚਾਰ ਮੌਤਾਂ ਦਾ ਰਿਕਾਰਡ ਸਾਹਮਣੇ ਨਹੀਂ ਆਇਆ। ਉਨ੍ਹਾਂ ਸਰਕਾਰ ਤੋਂ ਨਸ਼ਾ ਪੀੜਤ ਨੌਜਵਾਨਾਂ ਦਾ ਸਮੇਂ ਸਿਰ ਇਲਾਜ ਅਤੇ ਮੁੜ ਵਸੇਬੇ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਲਾਗੂ ਕਰਨ ਦੀ ਮੰਗ ਕੀਤੀ।
ਉਧਰ, ਥਾਣਾ ਤਲਵੰਡੀ ਸਾਬੋ ਦੇ ਮੁਖੀ ਅਮਰੀਕ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਸ਼ਹਿਰ ਵਿੱਚ ਲਗਾਤਾਰ ਨਾਕਾਬੰਦੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਨਸ਼ੇ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।