- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਘੁੱਦਾ ਬਠਿੰਡਾ ਜ਼ਿਲ੍ਹੇ ਦੀ ਸਿਆਸਤ ਵਿਚ ਖ਼ਾਸ ਮਹੱਤਵ ਰੱਖਦਾ ਹੈ। ਬਾਦਲ ਪਰਿਵਾਰ ਦਾ ਮਾਲਵਾ ਖੇਤਰ ਵਿਚ ਲੰਬੇ ਸਮੇਂ ਤੱਕ ਮਜ਼ਬੂਤ ਪ੍ਰਭਾਵ ਰਿਹਾ ਹੈ। ਅਜਿਹੇ ਵਿਚ ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਲਈ ਘੁੱਦਾ ਦੀ ਚੋਣ ਸਿਆਸੀ ਤੌਰ ’ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਗੁਰਪ੍ਰੇਮ ਲਹਿਰੀ, ਬਠਿੰਡਾ : ਪੰਜਾਬ ਦੀ ਸਿਆਸਤ ਵਿਚ ਕਦੇ ਬੇਹੱਦ ਮਜ਼ਬੂਤ ਰਹੇ ਦੋ ਸਿਆਸੀ ਘਰਾਣਿਆਂ—ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ—ਦੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਲਗਾਤਾਰ ਸਰਗਰਮੀ ਨੇ ਸਿਆਸੀ ਚਰਚਾਵਾਂ ਨੂੰ ਹਵਾ ਦੇ ਦਿੱਤੀ ਹੈ। ਮੁੱਖ ਮੰਤਰੀ ਮਾਨ ਦੋ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਘੁੱਦਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿਚ ‘ਲੋਕ ਮਿਲਣੀ’ ਕਰ ਰਹੇ ਹਨ।
ਇਸ ਨੂੰ ਮਹਿਜ਼ ਸਰਕਾਰੀ ਪ੍ਰੋਗਰਾਮ ਦੀ ਬਜਾਏ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਪਿੰਡ ਪੰਜਾਬ ਦੀ ਉਸ ਰਵਾਇਤੀ ਸਿਆਸਤ ਦੇ ਪ੍ਰਤੀਕ ਮੰਨੇ ਜਾਂਦੇ ਹਨ, ਜਿਸ ਨੇ ਲੰਬੇ ਸਮੇਂ ਤੱਕ ਸੂਬੇ ਦੀ ਸਿਆਸਤ ਦੀ ਦਿਸ਼ਾ ਤੈਅ ਕੀਤੀ।
ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਅਤੇ ਮਾਲਵਾ ਖੇਤਰ ਵਿਚ ਪਾਰਟੀ ਦੇ ਪ੍ਰਭਾਵ ਨਾਲ ਜੁੜਿਆ ਰਿਹਾ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਪੰਜਾਬ ਸਿਆਸਤ ਦਾ ਵੱਡਾ ਚਿਹਰਾ ਰਹੇ ਹਨ। ਅਜਿਹੇ ਵਿਚ ਮੁੱਖ ਮੰਤਰੀ ਮਾਨ ਦਾ ਦੋਵਾਂ ਦਿੱਗਜਾਂ ਦੇ ਜੱਦੀ ਪਿੰਡਾਂ ਵਿਚ ਪਹੁੰਚਣਾ ਸਿਆਸੀ ਸੰਦੇਸ਼ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਘੁੱਦਾ ਬਠਿੰਡਾ ਜ਼ਿਲ੍ਹੇ ਦੀ ਸਿਆਸਤ ਵਿਚ ਖ਼ਾਸ ਮਹੱਤਵ ਰੱਖਦਾ ਹੈ। ਬਾਦਲ ਪਰਿਵਾਰ ਦਾ ਮਾਲਵਾ ਖੇਤਰ ਵਿਚ ਲੰਬੇ ਸਮੇਂ ਤੱਕ ਮਜ਼ਬੂਤ ਪ੍ਰਭਾਵ ਰਿਹਾ ਹੈ। ਅਜਿਹੇ ਵਿਚ ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਲਈ ਘੁੱਦਾ ਦੀ ਚੋਣ ਸਿਆਸੀ ਤੌਰ ’ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ। ‘ਆਪ’ ਲਈ ਇਹ ਪ੍ਰੋਗਰਾਮ ਅਕਾਲੀ ਦਲ ਦੇ ਪੁਰਾਣੇ ਗੜ੍ਹ ਵਿਚ ਆਪਣੀ ਮੌਜੂਦਗੀ ਅਤੇ ਸਵੀਕਾਰਤਾ ਦਿਖਾਉਣ ਦਾ ਮੌਕਾ ਵੀ ਹੈ।
ਮੁੱਖ ਮੰਤਰੀ ਇਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿ ਪੰਜਾਬ ਦੀ ਸਿਆਸਤ ਹੁਣ ਪੁਰਾਣੇ ਸਿਆਸੀ ਪਰਿਵਾਰਾਂ ਦੇ ਆਲੇ-ਦੁਆਲੇ ਨਹੀਂ, ਸਗੋਂ ਆਮ ਲੋਕਾਂ ਦੇ ਮੁੱਦਿਆਂ ਦੇ ਆਲੇ-ਦੁਆਲੇ ਕੇਂਦਰਿਤ ਹੈ।
ਇਸ ਤੋਂ ਅਗਲੇ ਦਿਨ ਮੁੱਖ ਮੰਤਰੀ ਦਾ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਪਹੁੰਚਣਾ ਕਾਂਗਰਸ ਦੇ ਪੁਰਾਣੇ ਪ੍ਰਭਾਵ ਵਾਲੇ ਖੇਤਰ ਵਿਚ ‘ਆਪ’ ਦੀ ਸਿਆਸੀ ਪੈਠ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਕੈਪਟਨ ਲੰਬੇ ਸਮੇਂ ਤੱਕ ਪੰਜਾਬ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਰਹੇ ਹਨ ਅਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਦੇ ਜੱਦੀ ਪਿੰਡ ਵਿਚ ‘ਲੋਕ ਮਿਲਣੀ’ ਨੂੰ ਕਾਂਗਰਸ ਦੇ ਪੁਰਾਣੇ ਸਿਆਸੀ ਆਧਾਰ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਸਿਆਸੀ ਜਾਣਕਾਰਾਂ ਦੀ ਨਜ਼ਰ ਵਿਚ ਮੁੱਖ ਮੰਤਰੀ ਦਾ ਇਹ ਦੌਰਾ ਸਿਰਫ਼ ਵਿਕਾਸ ਕਾਰਜਾਂ ਅਤੇ ਜਨਤਕ ਸਮੱਸਿਆਵਾਂ ਤੱਕ ਸੀਮਤ ਨਹੀਂ ਹੈ। ‘ਆਪ’ ਲਗਾਤਾਰ ਮਾਲਵਾ ਖੇਤਰ ਨੂੰ ਆਪਣੇ ਮਜ਼ਬੂਤ ਆਧਾਰ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਘੁੱਦਾ ਅਤੇ ਮਹਿਰਾਜ ਵਰਗੀਆਂ ਪ੍ਰਤੀਕਾਤਮਕ ਥਾਵਾਂ ’ਤੇ ਪਹੁੰਚ ਕੇ ਸਰਕਾਰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਪੁਰਾਣੇ ਸਿਆਸੀ ਗੜ੍ਹਾਂ ਵਿਚ ਵੀ ਆਪਣੀ ਪਕੜ ਮਜ਼ਬੂਤ ਕਰ ਚੁੱਕੀ ਹੈ।