- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਵੜਿੰਗ ਨੇ ਨੌਜਵਾਨ ਨੂੰ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਲਗਾਏ। ਨੌਜਵਾਨ ਨੇ ਮੰਚ ਤੋਂ ਹੀ ਚੰਨੀ ਨੂੰ ਫੋਨ ਮਿਲਾਇਆ, ਪਰ ਕਾਫੀ ਦੇਰ ਤੱਕ ਘੰਟੀ ਵੱਜਣ ਦੇ ਬਾਵਜੂਦ ਚੰਨੀ ਨੇ ਫੋਨ ਰਿਸੀਵ ਨਹੀਂ ਕੀਤਾ। ਇਸ ਮੌਕੇ ਮੌਜੂਦ ਵਰਕਰਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਚਰਚਾ ਹੁੰਦੀ ਰਹੀ।

ਗੁਰਤੇਜ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਕਾਂਗਰਸ ਵੱਲੋਂ ਗੋਨਿਆਣਾ ਮੰਡੀ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਰਕਰ ਮਿਲਣੀ ਸਮਾਗਮ ਦੌਰਾਨ ਉਸ ਸਮੇਂ ਦਿਲਚਸਪ ਸਥਿਤੀ ਬਣ ਗਈ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਨ ਲੱਗੇ ਤਾਂ ਕੁਝ ਵਰਕਰਾਂ ਨੇ 'ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੀ ਮੰਚ 'ਤੇ ਮੌਜੂਦ ਸਨ।
ਨਾਅਰੇਬਾਜ਼ੀ ਕੁਝ ਸਮੇਂ ਤਕ ਜਾਰੀ ਰਹੀ, ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਸਥਿਤੀ ਨੂੰ ਸ਼ਾਂਤ ਢੰਗ ਨਾਲ ਸੰਭਾਲਦਿਆਂ ਨਾਅਰੇਬਾਜ਼ੀ ਕਰ ਰਹੇ ਇਕ ਨੌਜਵਾਨ ਨੂੰ ਮੰਚ 'ਤੇ ਬੁਲਾ ਲਿਆ। ਵੜਿੰਗ ਨੇ ਨੌਜਵਾਨ ਨੂੰ ਕਿਹਾ ਕਿ ਜੇਕਰ ਉਹ ਚਰਨਜੀਤ ਸਿੰਘ ਚੰਨੀ ਦੇ ਸਮਰਥਨ 'ਚ ਨਾਅਰੇ ਲਗਾਉਣਾ ਚਾਹੁੰਦਾ ਹੈ ਤਾਂ ਸਟੇਜ ਤੋਂ ਹੀ ਨਾਅਰੇ ਲਗਾਏ।
ਇਸ ਦੌਰਾਨ ਰਾਜਾ ਵੜਿੰਗ ਨੇ ਨੌਜਵਾਨ ਨੂੰ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਲਗਾਏ। ਨੌਜਵਾਨ ਨੇ ਮੰਚ ਤੋਂ ਹੀ ਚੰਨੀ ਨੂੰ ਫੋਨ ਮਿਲਾਇਆ, ਪਰ ਕਾਫੀ ਦੇਰ ਤਕ ਘੰਟੀ ਵੱਜਣ ਦੇ ਬਾਵਜੂਦ ਚੰਨੀ ਨੇ ਫੋਨ ਰਿਸੀਵ ਨਹੀਂ ਕੀਤਾ। ਇਸ ਮੌਕੇ ਮੌਜੂਦ ਵਰਕਰਾਂ 'ਚ ਵੀ ਇਸ ਘਟਨਾ ਨੂੰ ਲੈ ਕੇ ਚਰਚਾ ਹੁੰਦੀ ਰਹੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਸਮਾਗਮਾਂ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਹੋ ਚੁੱਕੀ ਹੈ। ਗੋਨਿਆਣਾ ਮੰਡੀ ਦੇ ਸਮਾਗਮ ਵਿੱਚ ਵੀ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਾਰਟੀ ਲੀਡਰਸ਼ਿਪ ਵਰਕਰਾਂ ਨੂੰ ਇੱਕਜੁੱਟ ਕਰਨ ਦਾ ਸੰਦੇਸ਼ ਦੇ ਰਹੀ ਸੀ।
ਹਾਲਾਂਕਿ, ਨਾਅਰੇਬਾਜ਼ੀ ਤੋਂ ਬਾਅਦ ਸਮਾਗਮ ਮੁੜ ਆਮ ਢੰਗ ਨਾਲ ਚੱਲਿਆ ਅਤੇ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਨੇ ਵਰਕਰਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।