- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਵਾਧੂ 20 ਤੋਂ 22 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਲਈ 9 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਮੰਗੀ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਵਿਭਾਗੀ ਅੰਕੜਿਆਂ ਅਨੁਸਾਰ ਹੁਣ ਤੱਕ 193 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿੱਚ ਝੋਨੇ ਦੀ ਕਟਾਈ ਮੁਕੰਮਲ ਹੋ ਚੁੱਕੀ ਹੈ, ਪਰ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਜਾਰੀ ਹੈ। ਕਈ ਕਿਸਾਨ 20 ਦਿਨਾਂ ਤੋਂ ਫ਼ਸਲ ਵੇਚਣ ਅਤੇ ਚੁਕਵਾਉਣ ਦੀ ਉਡੀਕ ਕਰ ਰਹੇ ਹਨ। ਦੂਜੇ ਪਾਸੇ, ਵਾਧੂ ਝੋਨੇ ਦੀ ਖ਼ਰੀਦ ਲਈ ਕੇਂਦਰ ਤੋਂ ਮੰਗੀ ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ ਨਾ ਹੋਣ ਕਾਰਨ ਅਦਾਇਗੀ ਫਸਣ ਦਾ ਡਰ ਬਣਿਆ ਹੋਇਆ ਹੈ। ਇਸ ਬੇਯਕੀਨੀ ਕਾਰਨ ਕਈ ਕਿਸਾਨ ਸਰਕਾਰੀ ਖ਼ਰੀਦ ਦੀ ਉਡੀਕ ਛੱਡ ਕੇ ਪ੍ਰਾਈਵੇਟ ਵਪਾਰੀਆਂ ਅਤੇ ਸ਼ੈਲਰ ਮਾਲਕਾਂ ਨੂੰ ਘੱਟ ਭਾਅ ’ਤੇ ਝੋਨਾ ਵੇਚ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਵਪਾਰੀ ਪ੍ਰਤੀ ਕੁਇੰਟਲ ਪੰਜ ਕਿੱਲੋ ਤੱਕ ਕਟੌਤੀ ਕਰ ਰਹੇ ਹਨ।
ਪੰਜਾਬ ਸਰਕਾਰ ਨੇ ਪਿਛਲੇ ਸਾਲ ਦੀ ਖ਼ਰੀਦ ਦੇ ਆਧਾਰ ’ਤੇ ਇਸ ਵਾਰ 180 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਰੱਖਿਆ ਸੀ। ਪਰ ਬੰਪਰ ਪੈਦਾਵਾਰ ਕਾਰਨ ਖ਼ਰੀਦ ਦਾ ਅੰਕੜਾ 200 ਲੱਖ ਮੀਟ੍ਰਿਕ ਟਨ ਦੇ ਨੇੜੇ ਪਹੁੰਚਣ ਦਾ ਅਨੁਮਾਨ ਹੈ। ਸਰਕਾਰ ਕੋਲ ਮੁੱਢਲੇ ਟੀਚੇ ਲਈ ਹੀ ਵਿੱਤੀ ਪ੍ਰਬੰਧ ਸਨ। ਟੀਚਾ ਪੂਰਾ ਹੋਣ ’ਤੇ ਖ਼ਰੀਦ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ, ਪਰ ਕਿਸਾਨਾਂ ਦੇ ਵਿਰੋਧ ਮਗਰੋਂ ਮੁੜ ਖ਼ਰੀਦ ਸ਼ੁਰੂ ਕਰਨੀ ਪਈ। ਹੁਣ ਵਾਧੂ ਫ਼ਸਲ ਦੀ ਅਦਾਇਗੀ ਲਈ ਫੰਡਾਂ ਦਾ ਪ੍ਰਬੰਧ ਸਪੱਸ਼ਟ ਨਹੀਂ ਹੈ।
ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਵਾਧੂ 20 ਤੋਂ 22 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਲਈ 9 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਮੰਗੀ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਵਿਭਾਗੀ ਅੰਕੜਿਆਂ ਅਨੁਸਾਰ ਹੁਣ ਤੱਕ 193 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ।
ਪ੍ਰਾਈਵੇਟ ਵਪਾਰੀਆਂ ਦੀ ਕਥਿਤ ਲੁੱਟ, ਪੰਜ ਕਿੱਲੋ ਪ੍ਰਤੀ ਕੁਇੰਟਲ ਕਟੌਤੀ
ਖ਼ਰੀਦ ਅਤੇ ਚੁਕਾਈ ਵਿੱਚ ਦੇਰੀ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ ਫ਼ਸਲ ਵੇਚਣ ਲਈ ਮਜਬੂਰ ਹਨ। ਕਿਸਾਨਾਂ ਅਨੁਸਾਰ ਵਪਾਰੀ ਪ੍ਰਤੀ ਕੁਇੰਟਲ ਪੰਜ ਕਿੱਲੋ ਤੱਕ ਕਟੌਤੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਖ਼ਰੀਦ ਸਮੇਂ ਸਿਰ ਹੁੰਦੀ ਅਤੇ ਅਦਾਇਗੀ ਬਾਰੇ ਸਪੱਸ਼ਟਤਾ ਹੁੰਦੀ ਤਾਂ ਉਨ੍ਹਾਂ ਨੂੰ ਘੱਟ ਭਾਅ ’ਤੇ ਫ਼ਸਲ ਨਾ ਵੇਚਣੀ ਪੈਂਦੀ।
20 ਦਿਨਾਂ ਤੋਂ ਮੰਡੀ ਵਿੱਚ ਕਿਸਾਨ, ਹੁਣ ਬਾਰਦਾਨੇ ਦੀ ਘਾਟ
ਬਠਿੰਡਾ ਦੀ ਮੁੱਖ ਦਾਣਾ ਮੰਡੀ ਵਿੱਚ ਪਿੰਡ ਬੀੜ ਤਲਾਬ ਦੇ ਕਿਸਾਨ ਸਾਧਾ ਸਿੰਘ ਨੇ ਦੱਸਿਆ ਕਿ ਉਹ 20 ਦਿਨਾਂ ਤੋਂ ਝੋਨਾ ਲੈ ਕੇ ਬੈਠਾ ਹੈ। ਪਹਿਲਾਂ ਇੱਕ ਹਫ਼ਤਾ ਬੋਲੀ ਨਹੀਂ ਲੱਗੀ ਤੇ ਹੁਣ ਬਾਰਦਾਨੇ ਦੀ ਘਾਟ ਕਾਰਨ ਚੁਕਾਈ ਰੁਕੀ ਹੋਈ ਹੈ। ਪਿੰਡ ਬੀਬੀਵਾਲਾ, ਜੱਸੀ ਪੌ ਵਾਲੀ ਅਤੇ ਮੁਲਤਾਨੀਆ ਦੇ ਕਿਸਾਨਾਂ ਨੇ ਵੀ ਇਹੀ ਸਮੱਸਿਆ ਦੱਸੀ। ਉਨ੍ਹਾਂ ਮੁਤਾਬਕ ਉਹ ਪ੍ਰਾਈਵੇਟ ਵਪਾਰੀਆਂ ਨੂੰ ਝੋਨਾ ਵੇਚਣ ਬਾਰੇ ਸੋਚ ਰਹੇ ਹਨ।
ਡੀਐਫਐਸਓ ਦਾ ਦਾਅਵਾ, ਪੇਮੈਂਟ ਵਿੱਚ ਕੋਈ ਦਿੱਕਤ ਨਹੀਂ
ਡੀਐਫਐਸਓ ਗੁਰਤਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਵਾਧੂ ਕੈਸ਼ ਕ੍ਰੈਡਿਟ ਲਿਮਟ ਬਾਰੇ ਕੇਂਦਰ ਦਾ ਜਵਾਬ ਨਹੀਂ ਆਇਆ, ਪਰ ਆੜ੍ਹਤੀਆਂ ਅਤੇ ਆਪਰੇਟਰਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਵਿੱਚੋਂ ਕਿਸਾਨਾਂ ਦੀ ਪੇਮੈਂਟ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖ਼ਰੀਦ ਅਤੇ ਅਦਾਇਗੀ ਵਿੱਚ ਕੋਈ ਦਿੱਕਤ ਨਹੀਂ ਹੈ।