ਭੁੱਚੋ ਮੰਡੀ ਦੀ ਪ੍ਰਾਈਵੇਟ ਅਕੈਡਮੀ 'ਚ 17 ਸਾਲਾ ਵਿਦਿਆਰਥੀ 'ਤੇ ਵਰ੍ਹੇ ਡੰਡੇ ਤੇ ਲੱਤਾਂ-ਮੁੱਕੇ; ਵੀਡੀਓ ਵਾਇਰਲ ਹੋਣ ਮਗਰੋਂ ਹਸਪਤਾਲ ਪੁੱਜੀ ਪੁਲਿਸ
ਭੁੱਚੋ ਮੰਡੀ ਸਥਿਤ ਇੱਕ ਨਿੱਜੀ ਅਕੈਡਮੀ 'ਚ ਸਿਖਲਾਈ ਲੈ ਰਹੇ 17 ਸਾਲਾ ਵਿਦਿਆਰਥੀ ਨਾਲ ਕਥਿਤ ਤੌਰ 'ਤੇ ਕੁੱਟਮਾਰ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਵਿਦਿਆਰਥੀ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ 'ਚ ਅਕੈਡਮੀ ਮਾਲਕ ਵੱਲੋਂ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ।
Publish Date: Fri, 26 Jun 2026 03:13 PM (IST)
Updated Date: Fri, 26 Jun 2026 03:14 PM (IST)

ਜਾਗਰਣ ਸੰਵਾਦਦਾਤਾ, ਭੁੱਚੋ ਮੰਡੀ (ਬਠਿੰਡਾ) - ਭੁੱਚੋ ਮੰਡੀ ਸਥਿਤ ਇੱਕ ਨਿੱਜੀ ਅਕੈਡਮੀ 'ਚ ਸਿਖਲਾਈ ਲੈ ਰਹੇ 17 ਸਾਲਾ ਵਿਦਿਆਰਥੀ ਨਾਲ ਕਥਿਤ ਤੌਰ 'ਤੇ ਕੁੱਟਮਾਰ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਵਿਦਿਆਰਥੀ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ 'ਚ ਅਕੈਡਮੀ ਮਾਲਕ ਵੱਲੋਂ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਵਿਦਿਆਰਥੀ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪੀੜਤ ਵਿਦਿਆਰਥੀ ਪ੍ਰਭਦੀਪ ਸਿੰਘ ਨੇ ਹਸਪਤਾਲ 'ਚ ਦੱਸਿਆ ਕਿ ਉਹ ਫਗਵਾੜਾ ਦਾ ਰਹਿਣ ਵਾਲਾ ਹੈ ਅਤੇ ਸਿਖਲਾਈ ਲਈ ਭੁੱਚੋ ਮੰਡੀ ਸਥਿਤ ਇੱਕ ਨਿੱਜੀ ਫਿਜ਼ੀਕਲ ਅਕੈਡਮੀ 'ਚ ਆਇਆ ਸੀ। ਉਹ ਅਕੈਡਮੀ ਦੇ ਬਾਹਰ ਇੱਕ PG 'ਚ ਰਹਿ ਕੇ ਪੜ੍ਹਾਈ ਅਤੇ ਟ੍ਰੇਨਿੰਗ ਕਰ ਰਿਹਾ ਸੀ।
ਬੱਚੇ ਨੇ ਸੰਚਾਲਕ 'ਤੇ ਲਾਏ ਇਲਜ਼ਾਮ
ਵਿਦਿਆਰਥੀ ਦਾ ਦੋਸ਼ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੇ ਨਾਲ ਪੜ੍ਹਦੀ ਇੱਕ ਵਿਦਿਆਰਥਣ ਦੇ ਪੈਰ 'ਤੇ ਸੱਟ ਲੱਗ ਗਈ ਸੀ। ਉਹ ਉਸ ਦੀ ਮਦਦ ਕਰਨ ਲਈ ਉਸ ਦੇ ਕਮਰੇ 'ਚ ਗਿਆ ਸੀ ਤਾਂ ਜੋ ਪੱਟੀ ਬੰਨ੍ਹ ਸਕੇ। ਇਸੇ ਦੌਰਾਨ ਅਕੈਡਮੀ ਸੰਚਾਲਕ ਅਚਾਨਕ ਉੱਥੇ ਪਹੁੰਚ ਗਿਆ ਅਤੇ ਬਿਨਾਂ ਪੂਰੀ ਗੱਲ ਸੁਣੇ ਹੀ ਉਸ 'ਤੇ ਭੜਕ ਗਿਆ। ਇਸ ਤੋਂ ਬਾਅਦ ਉਸ ਨੇ ਡੰਡਿਆਂ ਅਤੇ ਲੱਤਾਂ-ਮੁੱਕਿਆਂ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਵਿਦਿਆਰਥੀ ਨੇ ਇਹ ਵੀ ਦੋਸ਼ ਲਾਇਆ ਕਿ ਅਕੈਡਮੀ ਵੱਲੋਂ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਫੀਸ ਲਈ ਗਈ ਸੀ। ਉਸ ਦਾ ਕਹਿਣਾ ਹੈ ਕਿ ਉੱਥੋਂ ਦਾ ਮਾਹੌਲ ਠੀਕ ਨਹੀਂ ਹੈ ਅਤੇ ਪਹਿਲਾਂ ਵੀ ਹੋਰ ਵਿਦਿਆਰਥੀਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਕਰਜ਼ਾ ਚੁੱਕ ਕੇ ਪਰਿਵਾਰ ਨੇ ਜਮ੍ਹਾਂ ਕਰਵਾਈ ਸੀ ਫ਼ੀਸ
ਜ਼ਖਮੀ ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁੱਤਰ ਦੀ ਪੜ੍ਹਾਈ ਅਤੇ ਟ੍ਰੇਨਿੰਗ ਲਈ ਕਰਜ਼ਾ ਚੁੱਕ ਕੇ ਫ਼ੀਸ ਜਮ੍ਹਾਂ ਕਰਵਾਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਜਦੋਂ ਉਨ੍ਹਾਂ ਨੇ ਅਕੈਡਮੀ ਸੰਚਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਧਮਕੀਆਂ ਦਿੱਤੀਆਂ। ਪਰਿਵਾਰ ਨੇ ਇਹ ਵੀ ਕਿਹਾ ਕਿ ਅਕੈਡਮੀ 'ਚ ਖਾਣਾ ਅਤੇ ਹੋਰ ਸਹੂਲਤਾਂ ਵੀ ਠੀਕ ਨਹੀਂ ਹਨ। ਪਰਿਵਾਰ ਨੇ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ 'ਚ ਕਿਸੇ ਹੋਰ ਵਿਦਿਆਰਥੀ ਨਾਲ ਅਜਿਹੀ ਘਟਨਾ ਨਾ ਵਾਪਰੇ।
ਪੁਲਿਸ ਨੇ ਪੀੜਤ ਦੇ ਬਿਆਨ ਕੀਤੇ ਦਰਜ
ਦੂਜੇ ਪਾਸੇ, ਅਕੈਡਮੀ ਸੰਚਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਮੋਬਾਈਲ ਫੋਨ ਬੰਦ ਮਿਲਿਆ, ਜਿਸ ਕਾਰਨ ਉਸ ਦਾ ਪੱਖ ਸਾਹਮਣੇ ਨਹੀਂ ਆ ਸਕਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਵਾਇਰਲ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਆਰੋਪ ਸਹੀ ਪਾਏ ਗਏ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।