PSPCL ਪੈਨਸ਼ਨਰਾਂ ਲਈ ਵੱਡੀ ਖ਼ਬਰ: ਸਮੇਂ ਸਿਰ ਰਿਕਾਰਡ ਅਪਡੇਟ ਨਾ ਕੀਤਾ ਤਾਂ ਭੁੱਲ ਜਾਓ ਪੈਨਸ਼ਨ
ਜਾਂਚ ਦੌਰਾਨ ਸਾਹਮਣੇ ਆਇਆ ਕਿ 2,109 ਪੈਨਸ਼ਨਰਾਂ ਦੀ ਮੌਤ ਦੀ ਤਰੀਕ ਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਤਰੀਕ ਦਾ ਡਾਟਾ ਅਪਡੇਟ ਨਹੀਂ ਹੈ। ਇਸ ਕਾਰਨ ਕੁਝ ਯੋਗ ਪੈਨਸ਼ਨਰਾਂ ਨੂੰ ਐਲਟੀਸੀ, ਬੁਢਾਪਾ ਪੈਨਸ਼ਨ ਤੇ ਹੋਰ ਦੇਣਯੋਗ ਲਾਭ ਪ੍ਰਾਪਤ ਕਰਨ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
Publish Date: Mon, 28 Sep 2026 03:55 PM (IST)
Updated Date: Mon, 28 Sep 2026 03:58 PM (IST)
ਜਾਗਰਣ ਸੰਵਾਦਦਾਤਾ, ਬਠਿੰਡਾ : ਮੁੱਖ ਇੰਜੀਨੀਅਰ, ਵੰਡ ਪੱਛਮੀ ਜ਼ੋਨ, ਬਠਿੰਡਾ, ਇੰਜੀਨੀਅਰ ਹਰਪਰਵੀਣ ਸਿੰਘ ਬਿੰਦਰਾ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਦੇਣਯੋਗ ਵਿੱਤੀ ਲਾਭ ਸਮੇਂ ਸਿਰ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪੈਨਸ਼ਨ ਪੈਕੇਜ 'ਚ ਜ਼ਰੂਰੀ ਰਿਕਾਰਡ ਅਪਡੇਟ ਕਰਨ ਸਬੰਧੀ ਸਾਰੇ ਡੀਡੀਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੀਐਸਪੀਸੀਐਲ ਦੇ ਸੀਐਮਡੀ ਗੁਰਕੀਰਤ ਕ੍ਰਿਪਾਲ ਸਿੰਘ, ਆਈਏਐੱਸ, ਪੀਐੱਸਈਬੀ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਿਚਕਾਰ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਪੈਨਸ਼ਨ ਪੈਕੇਜ 'ਚ ਕੁਝ ਪੈਨਸ਼ਨਰਾਂ ਦੀ ਮੌਤ ਦੀ ਤਰੀਕ ਤੇ ਕੁਝ ਫੈਮਿਲੀ ਪੈਨਸ਼ਨਰਾਂ ਦੀ ਜਨਮ ਤਰੀਕ ਦਰਜ ਨਾ ਹੋਣ ਕਾਰਨ ਬੁਢਾਪਾ ਪੈਨਸ਼ਨ ਤੇ ਐਲਟੀਸੀ ਵਰਗੇ ਦੇਣਯੋਗ ਲਾਭਾਂ ਦੇ ਭੁਗਤਾਨ 'ਚ ਮੁਸ਼ਕਲ ਆ ਰਹੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ 2,109 ਪੈਨਸ਼ਨਰਾਂ ਦੀ ਮੌਤ ਦੀ ਤਰੀਕ ਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਤਰੀਕ ਦਾ ਡਾਟਾ ਅਪਡੇਟ ਨਹੀਂ ਹੈ। ਇਸ ਕਾਰਨ ਕੁਝ ਯੋਗ ਪੈਨਸ਼ਨਰਾਂ ਨੂੰ ਐਲਟੀਸੀ, ਬੁਢਾਪਾ ਪੈਨਸ਼ਨ ਤੇ ਹੋਰ ਦੇਣਯੋਗ ਲਾਭ ਪ੍ਰਾਪਤ ਕਰਨ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀਐਸਪੀਸੀਐਲ ਦੇ ਸੀਐਮਡੀ ਗੁਰਕੀਰਤ ਕਿਰਪਾਲ ਸਿੰਘ, ਆਈਏਐੱਸ, ਵੱਲੋਂ ਸਾਰੇ ਸਬੰਧਤ ਡੀਡੀਓਜ਼ ਨੂੰ ਉਕਤ ਕਾਰਵਾਈ 15 ਦਿਨਾਂ ਦੇ ਅੰਦਰ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਦੇਣਯੋਗ ਵਿੱਤੀ ਲਾਭਾਂ ਦਾ ਭੁਗਤਾਨ ਸੁਚਾਰੂ ਅਤੇ ਸਮੇਂ ਸਿਰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧ 'ਚ ਪੀਐਸਪੀਸੀਐਲ ਵੱਲੋਂ 23 ਸਤੰਬਰ, 2026 ਨੂੰ ਪੱਤਰ ਜਾਰੀ ਕਰ ਕੇ ਸਾਰੇ ਡੀਡੀਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੈਨਸ਼ਨਰਾਂ ਦੇ ਰਿਕਾਰਡ ਦੀ ਤੁਰੰਤ ਜਾਂਚ ਕੀਤੀ ਜਾਵੇ। ਲੋੜੀਂਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਰਿਕਾਰਡ 'ਚ ਸਬੰਧਤ ਡਾਟਾ ਤੁਰੰਤ ਅਪਡੇਟ ਕੀਤਾ ਜਾਵੇ।
ਜੇਕਰ ਕਿਸੇ ਪੈਨਸ਼ਨਰ ਦਾ ਕੋਈ ਦਸਤਾਵੇਜ਼ ਜਾਂ ਜਾਣਕਾਰੀ ਅਧੂਰੀ ਹੈ ਤਾਂ ਸਬੰਧਤ ਦਫ਼ਤਰ ਵੱਲੋਂ ਖੁਦ ਪੈਨਸ਼ਨਰ ਨਾਲ ਸੰਪਰਕ ਕਰਕੇ ਲੋੜੀਂਦੀ ਕਮੀ ਨੂੰ ਪੂਰਾ ਕਰਵਾਇਆ ਜਾਵੇ।