- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਜਿਸਟਰੀ ਤੇ ਹੋਰ ਜਾਇਦਾਦੀ ਦਸਤਾਵੇਜ਼ ਤਿਆਰ ਕਰਦੇ ਸਮੇਂ ਨਵੇਂ ਅਤੇ ਸਰਲ ਸ਼ਬਦਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਦਾ ਮੰਨਣਾ ਹੈ ਕਿ ਭਾਸ਼ਾ ’ਚ ਇਹ ਤਬਦੀਲੀ ਆਮ ਲੋਕਾਂ ਅਤੇ ਮਾਲ ਵਿਭਾਗ ਦਰਮਿਆਨ ਦੀ ਦੂਰੀ ਘਟਾਏਗੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਮਾਲ (ਰੈਵੇਨਿਊ) ਵਿਭਾਗ ’ਚ ਵਰਤੀ ਜਾਂਦੀ ਪੁਰਾਣੀ ਤੇ ਔਖੀ ਉਰਦੂ-ਫ਼ਾਰਸੀ ਭਾਸ਼ਾ ਨੂੰ ਸਰਲ ਬਣਾਉਣ ਦਾ ਅਹਿਮ ਫੈਸਲਾ ਲਿਆ ਹੈ। ਹੁਣ ਜ਼ਮੀਨ ਤੇ ਜਾਇਦਾਦ ਦੀ ਖ਼ਰੀਦ-ਫ਼ਰੋਖ਼ਤ ਨਾਲ ਸਬੰਧਤ ਰਜਿਸਟਰੀ ਦਸਤਾਵੇਜ਼ਾਂ ’ਚ ਲੰਬੇ ਸਮੇਂ ਤੋਂ ਵਰਤੇ ਜਾ ਰਹੇ ਔਖੇ ਸ਼ਬਦਾਂ ਦੀ ਥਾਂ ਆਸਾਨ ਤੇ ਲੋਕਾਂ ਦੀ ਸਮਝ ’ਚ ਆਉਣ ਵਾਲੇ ਪੰਜਾਬੀ ਸ਼ਬਦ ਵਰਤੇ ਜਾਣਗੇ। ਸਰਕਾਰ ਨੇ ਅਜਿਹੇ 35 ਔਖੇ ਸ਼ਬਦ ਬਦਲਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦਾ ਅਰਥ ਸਮਝਣ ’ਚ ਆਮ ਲੋਕਾਂ ਨੂੰ ਅਕਸਰ ਮੁਸ਼ਕਲ ਆਉਂਦੀ ਸੀ। ਪੰਜਾਬ ਦੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਰਕਾਰ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਹੋਰ ਸਰਲ, ਪਾਰਦਰਸ਼ੀ ਤੇ ਲੋਕ-ਪੱਖੀ ਬਣਾਉਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੀਆਂ ਸਿਫ਼ਾਰਸ਼ਾਂ ਮਗਰੋਂ ਨਵੇਂ ਤੇ ਸਰਲ ਪੰਜਾਬੀ ਸ਼ਬਦ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਤਕ ਦਸਤਾਵੇਜ਼ਾਂ ’ਚ ਵਰਤੇ ਜਾਂਦੇ ਕਈ ਉਰਦੂ ਤੇ ਫ਼ਾਰਸੀ ਸ਼ਬਦ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜ਼ਮੀਨ-ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਸਮਝਣ ਲਈ ਦੂਜਿਆਂ ਦੀ ਮਦਦ ਲੈਣੀ ਪੈਂਦੀ ਸੀ। ਮਾਲ ਵਿਭਾਗ ਨੇ ਇਸ ਸਬੰਧੀ ਇੰਸਪੈਕਟਰ ਜਨਰਲ ਆਫ਼ ਰਜਿਸਟ੍ਰੇਸ਼ਨ ਅਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਜਿਸਟਰੀ ਤੇ ਹੋਰ ਜਾਇਦਾਦੀ ਦਸਤਾਵੇਜ਼ ਤਿਆਰ ਕਰਦੇ ਸਮੇਂ ਨਵੇਂ ਅਤੇ ਸਰਲ ਸ਼ਬਦਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਦਾ ਮੰਨਣਾ ਹੈ ਕਿ ਭਾਸ਼ਾ ’ਚ ਇਹ ਤਬਦੀਲੀ ਆਮ ਲੋਕਾਂ ਅਤੇ ਮਾਲ ਵਿਭਾਗ ਦਰਮਿਆਨ ਦੀ ਦੂਰੀ ਘਟਾਏਗੀ। ਜ਼ਮੀਨ ਨਾਲ ਸਬੰਧਤ ਮਾਮਲਿਆਂ ਚ ਹੁਣ ਲੋਕਾਂ ਨੂੰ ਆਪਣੇ ਦਸਤਾਵੇਜ਼ ਸਮਝਣ ਲਈ ਵਾਧੂ ਮਦਦ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਨੇ ਇਸ ਨੂੰ ਲੋਕ ਹਿੱਤ ’ਚ ਚੁੱਕਿਆ ਗਿਆ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ, ਜਿਸ ਨਾਲ ਸਰਕਾਰੀ ਸੇਵਾਵਾਂ ਹੋਰ ਸਰਲ ਬਣਨ ਦੀ ਉਮੀਦ ਹੈ। ਲੋਕਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਪੁਰਾਣੇ ਸ਼ਬਦਾਂ ਦੀ ਥਾਂ ਹੁਣ ਇਹ ਆਸਾਨ ਸ਼ਬਦ ਵਰਤੇ ਜਾਣਗੇ
ਸਰਕਾਰ ਨੇ ਮਾਲ ਵਿਭਾਗ ’ਚ ਵਰਤੇ ਜਾਂਦੇ ਕਈ ਪ੍ਰਚਲਿਤ ਸ਼ਬਦਾਂ ਨੂੰ ਬਦਲ ਦਿੱਤਾ ਹੈ। ਉਦਾਹਰਨ ਵਜੋਂ ਅਰਾਜ਼ੀ ਦੀ ਥਾਂ ਜ਼ਮੀਨ, ਸਾਕਿਨ ਦੀ ਥਾਂ ਵਸਨੀਕ, ਹਿਬਾ ਦੀ ਥਾਂ ਦਾਨ, ਗੈਰ-ਮਜ਼ਰੂਆ ਦੀ ਥਾਂ ਅਣਵਾਹਿਆ ਖੇਤ, ਜ਼ਰ ਦੀ ਥਾਂ ਚਰਕਮ, ਤਰਮੀਮ ਦੀ ਥਾਂ ਸੋਧ ਜਾਂ ਦਰੁਸਤੀ, ਫ਼ੌਤ ਦੀ ਥਾਂ ਮੌਤ, ਫ਼ਰਦ ਦੀ ਥਾਂ ਨਕਲ ਜਮਾਬੰਦੀ, ਫ਼ਰੀਕ ਦੀ ਥਾਂ ਧਿਰ, ਬੈਨਾਮਾ ਦੀ ਥਾਂ ਵਿਕਰੀਨਾਮਾ, ਬਜ਼ਰੀਆ ਦੀ ਥਾਂ ਰਾਹੀਂ, ਮਖ਼ਸੂਸ ਦੀ ਥਾਂ ਖ਼ਾਸ, ਮੁਸ਼ਤਰਕਾ ਦੀ ਥਾਂ ਸਾਂਝਾ, ਮੁਨਤਕਿਲ ਦੀ ਥਾਂ ਤਬਦੀਲ, ਮਨਸੂਖ਼ ਕਰਨਾ ਦੀ ਥਾਂ ਰੱਦ ਜਾਂ ਖ਼ਾਰਜ ਕਰਨਾ ਤੇ ਮੁਰਤਹਿਨ ਦੀ ਥਾਂ ਜ਼ਮੀਨ ਗਿਰਵੀ ਲੈਣ ਵਾਲਾ ਵਰਗੇ ਸਰਲ ਸ਼ਬਦ ਵਰਤੇ ਜਾਣਗੇ। ਇਹ ਬਹੁਤੇ ਸ਼ਬਦ ਉਰਦੂ ਤੇ ਫ਼ਾਰਸੀ ਭਾਸ਼ਾ ਦੇ ਹਨ, ਜਿਸ ਕਾਰਨ ਲੋਕਾਂ ਨੂੰ ਇਸਦੀ ਸਮਝ ਘੱਟ ਪੈਂਦੀ ਸੀ, ਪਰ ਹੁਣ ਇਹ ਸ਼ਬਦ ਸਰਲ ਪੰਜਾਬੀ ’ਚ ਕਰ ਦਿੱਤੇ ਗਏ ਹਨ।