- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ ਤਿੰਨ ਹਫ਼ਤਿਆਂ ਤੋਂ ਚੱਲ ਰਹੀ ਥਰਮਲ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸਮਾਪਤ ਹੋ ਗਈ ਹੈ। ਹੜਤਾਲ ਖਤਮ ਹੋਣ ਉਪਰੰਤ ਮੁਲਾਜ਼ਮ ਮੁੜ ਆਪਣੀਆਂ ਡਿਊਟੀਆਂ 'ਤੇ ਪਰਤ ਆਏ ਹਨ ਅਤੇ ਬਿਜਲੀ ਉਤਪਾਦਨ ਨੂੰ ਆਮ ਲੀਹ 'ਤੇ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਕਰੀਬ ਤਿੰਨ ਹਫ਼ਤਿਆਂ ਤੋਂ ਚੱਲ ਰਹੀ ਥਰਮਲ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸਮਾਪਤ ਹੋ ਗਈ ਹੈ। ਹੜਤਾਲ ਖਤਮ ਹੋਣ ਉਪਰੰਤ ਮੁਲਾਜ਼ਮ ਮੁੜ ਆਪਣੀਆਂ ਡਿਊਟੀਆਂ 'ਤੇ ਪਰਤ ਆਏ ਹਨ ਅਤੇ ਬਿਜਲੀ ਉਤਪਾਦਨ ਨੂੰ ਆਮ ਲੀਹ 'ਤੇ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸੇ ਕੜੀ ਤਹਿਤ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਚੌਥਾ ਯੂਨਿਟ ਵੀ ਚਾਲੂ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਯੂਨਿਟਾਂ ਨੂੰ ਵੀ ਪੂਰੀ ਸਮਰੱਥਾ ਨਾਲ ਚਲਾਉਣ ਲਈ ਕੰਮ ਜਾਰੀ ਹੈ।
ਹੜਤਾਲ ਦੌਰਾਨ ਸਰਕਾਰ, ਪਾਵਰਕਾਮ ਪ੍ਰਬੰਧਨ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ 29 ਜੂਨ ਨੂੰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਵੀਕਾਰ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਹੜਤਾਲ ਖਤਮ ਹੋਣ ਨਾਲ ਪਲਾਂਟ ਵਿੱਚ ਮੁੜ ਕੰਮਕਾਜ ਆਮ ਹੋਣਾ ਸ਼ੁਰੂ ਹੋ ਗਿਆ ਅਤੇ ਆਊਟਸੋਰਸ ਮੁਲਾਜ਼ਮ ਆਪਣੀਆਂ ਡਿਊਟੀਆਂ 'ਤੇ ਵਾਪਸ ਪਰਤ ਆਏ। ਮੁਲਾਜ਼ਮਾਂ ਦੇ ਕੰਮ 'ਤੇ ਪਰਤਦੇ ਹੀ ਬੰਦ ਪਏ ਯੂਨਿਟਾਂ ਨੂੰ ਚਾਲੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸਭ ਤੋਂ ਪਹਿਲਾਂ ਚੌਥੇ ਯੂਨਿਟ ਨੂੰ ਸਫ਼ਲਤਾਪੂਰਵਕ ਚਾਲੂ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ 9 ਜੂਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਸੀ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਕਈ ਸਾਲਾਂ ਤੋਂ ਠੇਕੇਦਾਰੀ ਪ੍ਰਣਾਲੀ ਅਧੀਨ ਸੇਵਾਵਾਂ ਨਿਭਾ ਰਹੇ ਹਨ, ਪਰ ਉਨ੍ਹਾਂ ਨੂੰ ਤਨਖ਼ਾਹ, ਨੌਕਰੀ ਦੀ ਸੁਰੱਖਿਆ ਅਤੇ ਹੋਰ ਸੇਵਾ ਸਹੂਲਤਾਂ ਦੇ ਮਾਮਲੇ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੰਗਾਂ ਦੇ ਹੱਕ ਵਿੱਚ ਮੁਲਾਜ਼ਮਾਂ ਨੇ ਪਲਾਂਟ ਅੰਦਰ ਅਤੇ ਬਾਹਰ ਲਗਾਤਾਰ ਰੋਸ ਪ੍ਰਦਰਸ਼ਨ ਵੀ ਕੀਤੇ। ਮੁਲਾਜ਼ਮਾਂ ਦੀਆਂ ਸਰਕਾਰ ਨਾਲ ਕਈ ਗੇੜ ਦੀਆਂ ਮੀਟਿੰਗਾਂ ਵੀ ਹੋਈਆਂ, ਪਰ; ਬਹੁਤੀਆਂ ਮੀਟਿੰਗਾਂ ਵਿਚ ਸਹਿਮਤੀ ਨਹੀਂ ਬਣ ਸਕੀ ਸੀ।
ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਦਾ ਸਿੱਧਾ ਅਸਰ ਸੂਬੇ ਦੇ ਬਿਜਲੀ ਉਤਪਾਦਨ 'ਤੇ ਪਿਆ। ਜ਼ਰੂਰੀ ਸੰਚਾਲਨ ਅਤੇ ਰੱਖ-ਰਖਾਵ ਨਾਲ ਜੁੜੇ ਕਰਮਚਾਰੀਆਂ ਦੀ ਗੈਰਹਾਜ਼ਰੀ ਕਾਰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਇਕ-ਇਕ ਕਰਕੇ ਸਾਰੇ ਚਾਰਾਂ ਯੂਨਿਟ ਬੰਦ ਹੋ ਗਏ ਸਨ। ਇਸ ਕਾਰਨ ਪਲਾਂਟ ਤੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ, ਜਿਸ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਨੂੰ ਬਿਜਲੀ ਪ੍ਰਬੰਧਨ ਵਿੱਚ ਵਾਧੂ ਦਬਾਅ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਗਰਮੀ ਦੇ ਮੌਸਮ ਅਤੇ ਝੋਨੇ ਦੀ ਬਿਜਾਈ ਦੇ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਇਹ ਸਥਿਤੀ ਕਾਫ਼ੀ ਚਿੰਤਾਜਨਕ ਬਣ ਗਈ ਸੀ।
ਬਿਜਲੀ ਸਪਲਾਈ ਨੂੰ ਮਿਲੇਗੀ ਮਜ਼ਬੂਤੀ
ਬਿਜਲੀ ਖੇਤਰ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਂਟ ਵਿੱਚ ਕੰਮ ਮੁੜ ਸ਼ੁਰੂ ਹੋਣ ਨਾਲ ਸੂਬੇ ਦੀ ਬਿਜਲੀ ਸਪਲਾਈ ਨੂੰ ਮਜ਼ਬੂਤੀ ਮਿਲੇਗੀ। ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਅਤੇ ਘਰੇਲੂ ਖਪਤ ਲਈ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਥਰਮਲ ਪਲਾਂਟਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਲਈ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਯੂਨਿਟਾਂ ਦੇ ਮੁੜ ਚਾਲੂ ਹੋਣ ਨਾਲ ਬਿਜਲੀ ਉਤਪਾਦਨ ਵਿੱਚ ਸੁਧਾਰ ਆਉਣ ਅਤੇ ਸਪਲਾਈ ਪ੍ਰਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਸਾਂਝੀ ਥਰਮਲ ਕੰਟਰੈਕਟਰਜ਼ ਵਰਕਰ ਸੰਘਰਸ਼ ਕਮੇਟੀ ਦੇ ਕੋ ਕਨਵੀਨਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਮੁਲਾਜ਼ਮ ਹੜਤਾਲ ਖਤਮ ਕਰਕੇ ਡਿਊਟੀਆਂ ’ਤੇ ਪਰਤ ਆਏ ਹਨ।