ਦਮਦਮੀ ਟਕਸਾਲ ਵੱਲੋਂ ਜਥੇਬੰਦੀ ਦਾ ਵਿਸਥਾਰ, ਬਾਬਾ ਆਤਮਾ ਸਿੰਘ ਚਹਿਲ ਬਣੇ ਮਾਲਵਾ ਜੋਨ ਦੇ ਮੁਖੀ
ਦਮਦਮੀ ਟਕਸਾਲ ਵੱਲੋਂ ਜਥੇਬੰਦੀ ਦਾ ਵਿਸਥਾਰ, ਬਾਬਾ ਆਤਮਾ ਸਿੰਘ ਚਹਿਲ ਬਣੇ ਮਾਲਵਾ ਜੋਨ ਦੇ ਮੁਖੀ
Publish Date: Wed, 17 Jun 2026 06:08 PM (IST)
Updated Date: Thu, 18 Jun 2026 04:01 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਉਪਰੰਤ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਇਸ ਦੌਰਾਨ ਬਾਬਾ ਆਤਮਾ ਸਿੰਘ ਚਹਿਲ ਨੂੰ ਪ੍ਰਧਾਨ ਸੇਵਕ ਜਥਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਾਲਵਾ ਜ਼ੋਨ, ਭਾਈ ਗੁਰਮੀਤ ਸਿੰਘ ਨੂੰ ਮੀਡੀਆ ਅਤੇ ਕਾਨੂੰਨੀ ਸਲਾਹਕਾਰ, ਭਾਈ ਜਸਨੂਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਦੀਪ ਸਿੰਘ ਤ੍ਰਿਲੋਕੇਵਾਲਾ ਨੂੰ ਹਰਿਆਣਾ ਵਿੰਗ ਦਾ ਪ੍ਰਧਾਨ ਸੇਵਕ ਨਿਯੁਕਤ ਕੀਤਾ ਗਿਆ। ਸਮਾਗਮ ਵਿੱਚ ਬਾਬਾ ਹਜੂਰਾ ਸਿੰਘ ਖਿਆਲੀ ਵਾਲਾ, ਭਾਈ ਜੁਗਰਾਜ ਸਿੰਘ ਸੂਬੇਦਾਰ ਪ੍ਰਧਾਨ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ, ਬਿਕਰਮ ਸਿੰਘ ਧਿੰਗੜ ਸਕੱਤਰ, ਸੁਖਦੇਵ ਸਿੰਘ ਮਾਹੀਨੰਗਲ ਖਜ਼ਾਨਚੀ, ਗੁਰਜੰਟ ਸਿੰਘ ਬਰਾੜ, ਸੋਹਣ ਸਿੰਘ ਜਵੰਧਾ, ਜਗਰੂਪ ਸਿੰਘ ਭੁੱਲਰ ਸਮੇਤ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਭਾਈ ਨਵਜੋਤ ਸਿੰਘ ਹੈੱਡ ਗ੍ਰੰਥੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ, ਜਦਕਿ ਭਾਈ ਪਵਿੱਤਰ ਸਿੰਘ ਨਾਹਰਾ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਸੁਖਦੇਵ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਗੁਰਬਾਣੀ ਤੇ ਗੁਰਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਕਸਾਲ ਵੱਲੋਂ ਗੁਰਸਿੱਖ ਬੱਚਿਆਂ ਨੂੰ ਮੁਫ਼ਤ ਸਿੱਖਿਆ, ਰਹਿਣ-ਸਹਿਣ ਅਤੇ ਧਾਰਮਿਕ ਸਿੱਖਿਆ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਉੱਚ ਸਿੱਖਿਆ ਹਾਸਲ ਕਰਕੇ ਕੌਮ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਟਕਸਾਲ ਸਮਾਜ ਵਿੱਚ ਵਧ ਰਹੇ ਪਰਿਵਾਰਕ ਵਿਵਾਦਾਂ ਅਤੇ ਤਲਾਕ ਦੇ ਮਾਮਲਿਆਂ ਨੂੰ ਘਟਾਉਣ ਲਈ ਦੋਵਾਂ ਧਿਰਾਂ ਨੂੰ ਆਪਸੀ ਗੱਲਬਾਤ ਰਾਹੀਂ ਇਕੱਠੇ ਬਿਠਾ ਕੇ ਹੱਲ ਲੱਭਣ ਦਾ ਯਤਨ ਕਰੇਗੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਪਿਆਰ ਅਤੇ ਸਹਿਜ ਢੰਗ ਨਾਲ ਸਮਝਾ ਕੇ ਗੁਰੂ ਘਰ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਨਵ-ਨਿਯੁਕਤ ਪ੍ਰਧਾਨ ਮਾਲਵਾ ਜ਼ੋਨ ਬਾਬਾ ਆਤਮਾ ਸਿੰਘ ਚਹਿਲ ਅਤੇ ਹੋਰ ਅਹੁਦੇਦਾਰਾਂ ਨੇ ਜਥੇਬੰਦੀ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਦਮਦਮੀ ਟਕਸਾਲ ਦੇ ਸਿਧਾਂਤਾਂ ਅਨੁਸਾਰ ਸੇਵਾ ਕਰਦੇ ਹੋਏ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।