ਭਿਆਨਕ ਗਰਮੀ ਕਾਰਨ 15 ਤੋਂ 20 ਫੀਸਦੀ ਘਟਿਆ ਦੁੱਧ ਉਤਪਾਦਨ
ਭਿਆਨਕ ਗਰਮੀ ਕਾਰਨ 15 ਤੋਂ 20 ਫੀਸਦੀ ਘਟਿਆ ਦੁੱਧ ਉਤਪਾਦਨ
Publish Date: Wed, 17 Jun 2026 05:37 PM (IST)
Updated Date: Thu, 18 Jun 2026 04:01 AM (IST)

ਪਹਿਲਾਂ ਹੀ ਸੂਬੇ ’ਚ ਚੱਲ ਰਹੀ ਦੁੱਧ ਦੀ ਕਮੀ, ਗਰਮੀ ਕਾਰਨ ਪਸ਼ੂਆਂ ਨੂੰ ਹੀਟ ਸਟਰੋਕ ਦਾ ਖਦਸ਼ਾ ਵੈਟਰਨਰੀ ਪੋਲੀਟੈਕਨਿਕ ਕਾਲਜ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਵੱਲੋਂ ਐਡਵਾਈਜ਼ਰੀ ਜਾਰੀ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਦੱਸੇ ਨੁਕਤੇ, ਗਰਮੀ ’ਚ ਦੁੱਧ ਉਤਪਾਦਨ ਘਟਦਾ : ਡਾ. ਬਿਮਲ ਸ਼ਰਮਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਜਿੱਥੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਪਸ਼ੂਧਨ ਵੀ ਇਸ ਤਪਦੀ ਗਰਮੀ ਦੀ ਮਾਰ ਹੇਠ ਆ ਗਿਆ ਹੈ। ਵਧਦੇ ਤਾਪਮਾਨ ਅਤੇ ਲੂ ਦੇ ਝੋਕਿਆਂ ਕਾਰਨ ਦੁਧਾਰੂ ਪਸ਼ੂਆਂ ਦੀ ਸਿਹਤ ਤੇ ਮਾੜਾ ਅਸਰ ਪੈ ਰਿਹਾ ਹੈ, ਜਿਸ ਕਾਰਨ ਦੁੱਧ ਉਤਪਾਦਨ ਵਿੱਚ 15 ਤੋਂ 20 ਫੀਸਦੀ ਤਕ ਦੀ ਕਮੀ ਦਰਜ ਕੀਤੀ ਜਾ ਰਹੀ ਹੈ। ਗਰਮੀ ਕਾਰਨ ਪਸ਼ੂ ਕਰੀਬ 15 ਫੀਸਦੀ ਘੱਟ ਦੁੱਧ ਦੇ ਰਹੇ ਹਨ। ਪਸ਼ੂ ਪਾਲਕਾਂ ਇਕਬਾਲਜੀਤ ਸਿੰਘ, ਸਿੱਧੂ ਫਾਰਮ ਹਾਊਸ ਦੇ ਮਾਲਕ ਗੁਰਚਰਨ ਸਿੰਘ , ਗੁਰਦੀਪ ਸਿੰਘ, ਮੇਜਰ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਜਿਹੜੀ ਗਊ ਪਹਿਲਾਂ 20-25 ਕਿੱਲੋ ਦੁੱਧ ਪ੍ਰਤੀ ਦਿਨ ਦਿੰਦੀ ਸੀ ਹੁਣ 15-18 ਕਿੱਲੋ ਹੀ ਦੁੱਧ ਦੇ ਰਹੀ ਹੈ। ਇਸੇ ਤਰ੍ਹਾਂ ਜਿਹੜੀ ਮੱਝ ਪ੍ਰਤੀ ਦਿਨ 12-14 ਕਿੱਲੋ ਦੁੱਧ ਦਿੰਦੀ ਸੀ, ਉਹ ਹੁਣ 12 ਕਿੱਲੋ ਪ੍ਰਤੀ ਦਿਨ ਦੁੱਧ ਦੇ ਰਹੀ ਹੈ। ਛੋਟੀ ਉਮਰ ਦੇ ਕੱਟੇ ਵੱਛੇ ਗਰਮੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਵੱਡੇ ਪਸ਼ੂ ਵੀ ਆਮ ਨਾਲੋਂ ਵਧੇਰੇ ਬਿਮਾਰ ਹੋ ਰਹੇ ਹਨ। ਇਹੀ ਕਾਰਨ ਹੈ ਕਿ ਪਸ਼ੂ ਕਰੀਬ 20 ਫੀਸਦੀ ਘੱਟ ਦੁੱਧ ਦੇਣ ਲੱਗੇ ਹਨ। ਪਸ਼ੂ ਪਾਲਕਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਉਨ੍ਹਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ। ਡਾ. ਬਿਮਲ ਸ਼ਰਮਾ ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ ਵੈਟਰਨਰੀ ਪੋਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਪਸ਼ੂ ਪਾਲਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਪਸ਼ੂਆਂ ਵਿੱਚ ਹੀਟ ਸਟਰੋਕ ਜਾਂ ਲੂ ਲੱਗਣ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਪਸ਼ੂਆਂ ਦੇ ਸਰੀਰ ਦਾ ਤਾਪਮਾਨ ਆਮ ਹੱਦ ਤੋਂ ਵੱਧ ਜਾਂਦਾ ਹੈ ਤਾਂ ਉਹ ਖਾਣਾ-ਪੀਣਾ ਘੱਟ ਕਰ ਦਿੰਦੇ ਹਨ, ਸੁਸਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਉਤਪਾਦਕਤਾ ਵਿੱਚ ਵੀ ਕਮੀ ਆ ਜਾਂਦੀ ਹੈ। ਖਾਸ ਕਰਕੇ ਐਚਐਫ ਨਸਲ ਦੀਆਂ ਗਊਆਂ ਗਰਮੀ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਅਕਸਰ ਜੀਭ ਬਾਹਰ ਕੱਢ ਕੇ ਤੇਜ਼ ਸਾਹ ਲੈਂਦੀਆਂ ਨਜ਼ਰ ਆਉਂਦੀਆਂ ਹਨ, ਜਿਸ ਕਾਰਨ ਹੀ ਦੁੱਧ ਦਾ ਉਤਪਾਦਣ ਘਟ ਜਾਂਦਾ ਹੈ। ਬਾਕਸ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਸ਼ੂਆਂ ਨੂੰ ਪਹਿਲਾਂ ਮੂੰਹ-ਖੁਰ ਦੀ ਬਿਮਾਰੀ ਹੋ ਚੁੱਕੀ ਹੋਵੇ, ਉਹ ਗਰਮੀ ਦੇ ਪ੍ਰਭਾਵ ਨੂੰ ਹੋਰ ਵੱਧ ਮਹਿਸੂਸ ਕਰਦੇ ਹਨ। ਹੀਟ ਸਟਰੋਕ ਤੋਂ ਪ੍ਰਭਾਵਿਤ ਪਸ਼ੂਆਂ ਦੇ ਮੂੰਹ ਅਤੇ ਨੱਕ ਦੇ ਕੋਲ ਝੱਗ ਆ ਸਕਦੀ ਹੈ, ਅੱਖਾਂ ਅਤੇ ਨੱਕ ਲਾਲ ਹੋ ਜਾਂਦੇ ਹਨ, ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ਅਤੇ ਕਈ ਵਾਰ ਪਸ਼ੂ ਚੱਕਰ ਖਾ ਕੇ ਡਿੱਗ ਪੈਂਦਾ ਹੈ ਜਾਂ ਬੇਹੋਸ਼ ਵੀ ਹੋ ਸਕਦਾ ਹੈ। ਜੇਕਰ ਅਜਿਹੀ ਸਥਿਤੀ ਵਿੱਚ ਤੁਰੰਤ ਇਲਾਜ ਨਾ ਕਰਵਾਇਆ ਜਾਵੇ ਤਾਂ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਹੀਟ ਸਟਰੋਕ ਦੀ ਸਥਿਤੀ ਵਿੱਚ ਪ੍ਰਭਾਵਿਤ ਪਸ਼ੂ ਨੂੰ ਤੁਰੰਤ ਠੰਢੀ ਅਤੇ ਹਵਾਦਾਰ ਥਾਂ ਤੇ ਲਿਜਾਇਆ ਜਾਵੇ। ਉਸਦੇ ਸਿਰ ਅਤੇ ਸਰੀਰ ਤੇ ਠੰਢਾ ਪਾਣੀ ਪਾਇਆ ਜਾਵੇ ਅਤੇ ਪੱਖੇ ਜਾਂ ਕੁਲਰ ਦੀ ਵਿਵਸਥਾ ਕੀਤੀ ਜਾਵੇ। ਇਸ ਦੇ ਨਾਲ ਹੀ ਤੁਰੰਤ ਵੈਟਰਨਰੀ ਡਾਕਟਰ ਨਾਲ ਸੰਪਰਕ ਕਰਕੇ ਲੋੜੀਂਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਸ਼ੈੱਡ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵਿੱਚ ਪੱਖੇ ਜਾਂ ਕੁਲਰ ਲਗਾਏ ਜਾਣੇ ਚਾਹੀਦੇ ਹਨ। ਸ਼ੈੱਡ ਦੀ ਦਿਸ਼ਾ ਪੂਰਬ ਤੋਂ ਪੱਛਮ ਵੱਲ ਹੋਵੇ ਤਾਂ ਜੋ ਸਿੱਧੀ ਧੁੱਪ ਦਾ ਪ੍ਰਭਾਵ ਘੱਟ ਰਹੇ। ਇਸ ਤੋਂ ਇਲਾਵਾ ਸ਼ੈੱਡ ਦੀ ਛੱਤ ਦੀ ਉਚਾਈ ਘੱਟੋ-ਘੱਟ 12 ਫੁੱਟ ਹੋਣੀ ਚਾਹੀਦੀ ਹੈ ਤਾਂ ਜੋ ਹਵਾ ਦਾ ਪ੍ਰਵਾਹ ਬਿਹਤਰ ਬਣਿਆ ਰਹੇ। ਬਾਕਸ ਡਾ. ਸ਼ਰਮਾ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਪਾਣੀ ਪਿਲਾਉਣਾ ਅਤੇ ਨਹਲਾਉਣਾ ਲਾਭਦਾਇਕ ਹੁੰਦਾ ਹੈ। ਪਸ਼ੂਆਂ ਨੂੰ ਹਮੇਸ਼ਾ ਤਾਜ਼ਾ ਅਤੇ ਠੰਢਾ ਪਾਣੀ ਹੀ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ, ਕਿਉਂਕਿ ਟੈਂਕੀਆਂ ਜਾਂ ਖੁੱਲ੍ਹੇ ਵਿੱਚ ਜਮ੍ਹਾਂ ਕੀਤਾ ਪਾਣੀ ਅਕਸਰ ਗਰਮ ਹੋ ਜਾਂਦਾ ਹੈ, ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪਾਣੀ ਪੀਣ ਲਈ ਪਸ਼ੂਆਂ ਨੂੰ ਵੱਧ ਦੂਰੀ ਤੈਅ ਨਾ ਕਰਨੀ ਪਵੇ ਅਤੇ ਚੁੱਬਚੇ ਵਿੱਚ ਪਾਣੀ ਦੀ ਡੂੰਘਾਈ ਬਣਾਈ ਰੱਖੀ ਜਾਵੇ। ਐਚਐਫ ਗਊਆਂ ਅਤੇ ਮੱਝਾਂ ਤੇ ਸਮੇਂ-ਸਮੇਂ ਪਾਣੀ ਦਾ ਛਿੜਕਾਅ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ੈੱਡਾਂ ਵਿੱਚ ਫੁਹਾਰੇ ਲਗਾ ਕੇ ਪਸ਼ੂਆਂ ਦੇ ਸਰੀਰ ਦਾ ਤਾਪਮਾਨ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗਿੱਲੀਆਂ ਪੱਲੀਆਂ ਜਾਂ ਬੋਰੀਆਂ ਦੀ ਵਰਤੋਂ ਕਰਕੇ ਵੀ ਪਸ਼ੂਆਂ ਨੂੰ ਠੰਢਕ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਪਸ਼ੂਆਂ ਦੀ ਖੁਰਾਕ ਤੇ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਪਸ਼ੂ ਚਾਰਾ ਘੱਟ ਖਾਂਦੇ ਹਨ, ਇਸ ਲਈ ਉਨ੍ਹਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਦਿੱਤੀ ਜਾਵੇ, ਜਿਸ ਵਿੱਚ ਲੋੜੀਂਦੇ ਖਣਿਜ ਤੱਤ ਅਤੇ ਪੋਸ਼ਕ ਤੱਤ ਸ਼ਾਮਲ ਹੋਣ। ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਉਤਪਾਦਕਤਾ ਪ੍ਰਭਾਵਿਤ ਨਾ ਹੋਵੇ। ਭਾਰ ਢੋਣ ਵਾਲੇ ਪਸ਼ੂਆਂ ਬਾਰੇ ਗੱਲ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਉਨ੍ਹਾਂ ਤੋਂ ਕੋਈ ਕੰਮ ਨਹੀਂ ਲੈਣਾ ਚਾਹੀਦਾ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਦਰੱਖਤਾਂ ਦੀ ਸੰਘਣੀ ਛਾਂ ਜਾਂ ਹਵਾਦਾਰ ਥਾਵਾਂ ਤੇ ਆਰਾਮ ਕਰਨ ਦੇਣਾ ਚਾਹੀਦਾ ਹੈ।